ਪੈਂਸ਼ਨਰਾਂ ਵਲੋਂ ਵਿਤਮੰਤਰੀ ਦੇ ਹਲਕੇ ਬਠਿੰਡਾ ਵਿਖੇ ਰਾਜ ਪੱਧਰੀ ਵਿਸ਼ਾਲ ਰੈਲੀ ਕੱਢੀ ਗਈ
ਜ਼ੋਰਦਾਰ ਨਾਅਰੇਵਾਜ਼ੀ ਨਾਲ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ
ਏਡਿਡ ਸਕੂਲ ਕਰਮਚਾਰੀਆਂ ਤੇ ਵੀ ਛੇਵੇਂ ਪੇ ਕਮੀਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਕੀਤੀ ਮੰਗ
ਪਟਿਆਲਾ- 30 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਇੱਥੇ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ)ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀ ਯੂਨੀਅਨ ਸਟੇਟ ਦੇ ਪ੍ਰਧਾਨ ਐਨ.ਐਨ.ਸੈਣੀ ਅਤੇ ਸਰਪ੍ਰਸਤ ਗੁਰਚਰਨ ਚਾਹਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ੍ਰੀ ਕਾਂਤ ਸ਼ਰਮਾ ਦੀ ਅਗਵਾਈ ਵਿੱਚ ਵਿਤਮੰਤਰੀ ਦੇ ਹਲਕੇ ਵਿੱਚ ਇੱਕ ਰਾਜ ਪੱਧਰੀ ਰੈਲੀ ਕੱਢੀ ਗਈ।ਜਿਸਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਬਠਿੰਡਾ, ਜਲੰਧਰ, ਲੁਧਿਆਣਾ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ, ਨਾਭਾ, ਫਿਰੋਜ਼ਪੁਰ, ਫਰੀਦਕੋਟ, ਕੋਟਕਪੂਰਾ, ਜੈਤੋ, ਅਬੋਹਰ, ਬਰਨਾਲਾ, ਤੋਂ ਭਾਰੀ ਗਿਣਤੀ ਵਿੱਚ ਅਧਿਆਪਕਾਂ,ਕਰਮਚਾਰੀਆਂ ਅਤੇ ਸੇਵਾਮੁਕਤ ਹੋ ਚੁੱਕੇ ਅਧਿਆਪਕਾਂ ਨੇ ਪਹੁੰਚ ਕੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਪੰਜਾਬ ਸਰਕਾਰ ਨੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਨਾਅਰੇਵਾਜ਼ੀ ਤੇ ਪਿਟ-ਸਿਆਪਾ ਕੀਤਾ।ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਏਡਿਡ ਸਕੂਲਾਂ ਦੇ ਕਰਮਚਾਰੀਆਂ ਤੇ ਛੇਵਾਂ ਪੇ-ਕਮਿਸ਼ਨ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਜਦੋਕਿ ਪੰਜਾਬ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਇਹ ਪੇ-ਕਮਿਸ਼ਨ ਦੇ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਇਹ ਕਮਿਸ਼ਨ ਪਹਿਲਾ ਹੀ ਸਾਡੇ ਚਾਰ ਸਾਲ ਦੀ ਦੇਰੀ ਨਾਲ ਦਿੱਤਾ ਗਿਆ ਹੈ।ਲੇਕਿਨ ਫੇਰ ਵੀ ਸਰਕਾਰ ਵੱਲੋਂ ਏਡਿਡ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ।ਅਜੇ ਤੱਕ ਇਹਨਾਂ ਤੇ ਲਾਗੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਏਡਿਡ ਸਕੂਲਾਂ ਦਾ ਐਕਟ1967 ਦਾ ਬਣਿਆ ਹੋਇਆ ਹੈ ਇਸ ਐਕਟ ਅਨੁਸਾਰ ਅਤੇ 1987ਵਿੱਚ ਬਰਨਾਲਾ ਸਰਕਾਰ ਦੁਆਰਾ ਦਿੱਤੇ ਕਾਨੂੰਨੀ ਹੱਕ ਅਨੁਸਾਰ ਏਡਿਡ ਸਕੂਲਾਂ ਦੇ ਅਧਿਆਪਕ ਅਤੇ ਕਰਮਚਾਰੀ ਸਰਕਾਰੀ ਅਧਿਆਪਕਾਂ ਤੇ ਕਰਮਚਾਰੀਆਂ ਵਾਂਗ ਉਹਨਾਂ ਦੇ ਬਰਾਬਰ ਤਨਖਾਹ ਦਾ ਹੱਕ ਤੇ ਪੁਰਾਣੀ ਪੈਨਸ਼ਨ ਸਕੀਮ ਦਾ ਹੱਕ ਰੱਖਦੇ ਹਨ ਤੇ ਲੈ ਵੀ ਰਹੇ ਹਨ। ਪਵਨ ਸ਼ਾਸਤਰੀ ਨੇ ਅੱਗੇ ਦੱਸਿਆ ਕਿ ਉਪਰੋਕਤ ਐਕਟ ਅਨੁਸਾਰ ਏਡਿਡ ਕਰਮਚਾਰੀਆਂ ਨੂੰ ਪਹਿਲੇ ਪੰਜ ਪੇ–ਕਮਿਸ਼ਨ ਮਿਲਦੇ ਆ ਰਹੇ ਹਨ।ਪਰ ਹਾਲੇ ਤੱਕ ਛੇਵਾਂ ਪੇ-ਕਮਿਸ਼ਨ ਏਡਿਡ ਸਕੂਲਾਂ ਨੂੰ ਦੇਣ ਦਾ ਪੱਤਰ ਜਾਰੀ ਨਹੀਂ ਕੀਤਾ ਗਿਆ।ਜਿਸਨਾਲ ਇਹਨਾਂ ਅਧਿਆਪਕਾਂ,ਕਰਮਚਾਰੀਆਂ ਅਤੇ ਸੇਵਾਮੁਕਤ ਹੋ ਚੁੱਕੇ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਥੇ ਇਹ ਜਿਕਰਯੋਗ ਹੈ ਕਿ ਇਹ ਸਕੂਲ ਦੇਸ਼ ਦੀ ਆਜ਼ਾਦੀ ਤੋਂ ਵੀ ਪਹਿਲਾਂ ਦੇ ਹਨ ਜੋਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਰਹੇ ਹਨ।
ਪੰਜਾਬ ਦੇ ਮੁੱਖਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵੀ ਖਾਲਸਾ ਸਕੂਲ ਖਰੜ(ਏਡਿਡ)ਵਿਖੇ ਪੜੇ ਹਨ।ਪ੍ਰਿੰਸੀਪਲ ਸੈਕਟਰੀ ਹੁਸਨ ਲਾਲ ਅਤੇ ਫ਼ੂਡ ਸਪਲਾਈ ਅਤੇ ਖ਼ਪਤਕਾਰ ਮਾਮਲੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਵੀ ਏਡਿਡ ਸਕੂਲਾਂ ਦੇ ਹੀ ਵਿਦਿਆਰਥੀ ਰਹੇ ਹਨ।ਜੇਕਰ ਹੁਣ ਵੀ ਇਹਨਾਂ ਸਕੂਲਾਂ ਦੀਆ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ ਫਿਰ ਹੋਰ ਕਿਸੇ ਤੋਂ ਕੀ ਆਸ ਹੋਵੇਗੀ।ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਦੇ ਵਿਤਮੰਤਰੀ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਹੀ ਮੰਨ ਕੇ ਜਲਦੀ ਹੀ ਪੱਤਰ ਜਾਰੀ ਕਰ ਕੇ ਰਾਹਤ ਦੇਣ।ਜਿਸਨਾਲ ਸਮੁੱਚਾ ਅਧਿਆਪਕ ਵਰਗ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਸਖਣ।ਇਹਨਾਂ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਨਾ ਕਰਨ।ਜੇ ਜਲਦੀ ਹੀ ਮੰਗਾਂ ਨਾ ਮੰਨਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੀ ਰੈਲੀ ਗੋਲਡਿੱਗੀ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਮੁੱਖ ਬਾਜ਼ਾਰ ਹਸਪਤਾਲ ਬਾਜ਼ਾਰ, ਸਦਭਾਵਨਾ ਚੋਂਕ, ਧੋਬੀ ਬਾਜ਼ਾਰ, ਫਾਇਰ ਬ੍ਰਿਗੇਡ ਚੋਂਕ, ਮਾਲ ਰੋਡ, ਤੇ ਹਨੂਮਾਨ ਚੋਂਕ ਤੇ ਅਧਿਆਪਿਕਾਵਾ ਵਲੋਂ ਜ਼ੋਰਦਾਰ ਪਿਟ ਸਿਆਪਾ ਕਰਦਿਆਂ ਕਾਂਗਰਸ ਦਫਤਰ ਪਹੁੰਚ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਬਠਿੰਡਾ ਯੂਨੀਅਨ ਦੇ ਪ੍ਰਧਾਨ ਸ੍ਰੀ ਕਾਂਤ ਸ਼ਰਮਾ, ਮਾਨ ਸਿੰਘ, ਪਵਨ ਸ਼ਾਸਤਰੀ, ਜਸਪਾਲ ਮਹਿਤਾ, ਦੀਪਕ ਕੁਮਾਰ, ਸਤੀਸ਼ ਸ਼ਰਮਾ, ਵਿਕਰਮਜੀਤ ਸਿੰਘ, ਗੁਰਤੇਜ ਸਿੰਘ, ਕੁਲਦੀਪ ਸਿੰਘ, ਪ੍ਰਿੰਸੀਪਲ, ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਸੈਕਟਰੀ ਕਰਮਜੀਤ ਰਾਣੋ, ਜਿਲ੍ਹਾ ਜਲੰਧਰ ਤੋਂ ਅਰਵਿੰਦ ਬੈਂਸ ਪ੍ਰਧਾਨ, ਨਰੇਂਦਰਪਾਲ ਸਿੰਘ ਸੈਕਟਰੀ, ਪਟਿਆਲਾ ਤੋਂ ਪ੍ਰਿੰਸੀਪਲ ਰਿਪੁਦਮਨ ਸਿੰਘ, ਅਨਿਲ ਭਾਰਤੀ , ਹਰਵਿੰਦਰ ਪਾਲ ਸਿੰਗਲਾ, ਰਜਨੀਸ਼ ਸ਼ਰਮਾ, ਜਿਲ੍ਹਾ ਗੁਰਦਾਸਪੁਰ ਤੋਂ ਪ੍ਰਧਾਨ ਪਰਮਜੀਤ ਸਿੰਘ, ਸੈਕਟਰੀ ਸੁਰਿੰਦਰ ਸਿੰਘ ਸੋਢੀ,ਸ੍ਰੀ ਅੰਮ੍ਰਿਤਸਰ ਤੋਂ ਪ੍ਰਧਾਨ ਰਾਜ ਕੁਮਾਰ ਮਿਸ਼ਰਾ, ਸੈਕਟਰੀ ਅਜੇ ਚੌਹਾਨ, ਫਿਰੋਜਪੁਰ ਤੋਂ ਅਸ਼ੋਕ ਵਡੇਰਾ, ਨਾਭਾ ਤੋਂ ਅਸ਼ਵਨੀ ਕੁਮਾਰ ਮਦਾਨ, ਫਰੀਦਕੋਟ ਤੋਂ ਪਰਮਜੀਤ ਸਿੰਘ, ਅਬੋਹਰ ਤੋਂ ਬਾਲਕ੍ਰਿਸ਼ਨ ਗੁਪਤਾ ਨੇ ਭਾਰੀ ਗਿਣਤੀ ਵਿਚ ਅਪਣੇ ਅਧਿਆਪਕ ਸਾਥੀਆਂ ਨਾਲ ਰੈਲੀ ਵਿਚ ਸ਼ਿਰਕਤ ਕੀਤੀ। ਯੂਨੀਅਨ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਦੀਆ ਜਾਇਜ਼ ਮੰਗਾਂ ਨੂੰ ਜਲਦੀ ਹੀ ਨਾ ਮੰਨਿਆ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਦਾ ਭਾਰੀ ਵਿਰੋਧ ਕੀਤਾ ਜਾਵੇਗਾ।

