ਭਾਖੜਾ ਨਹਿਰ ’ਚ ਡਿੱਗੀ ਕਾਰ, 2 ਦੀ ਮੌਤ, ਹੋਰ ਲਾਪਤਾ
ਪਟਿਆਲਾ 3 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੰਘਣੀ ਧੁੰਦ ਦੇ ਚੱਲਦਿਆਂ ਦੇਰ ਰਾਤ ਪਸਿਆਣਾ ਭਾਖੜਾ ਨਹਿਰ ਵਿਚ ਸਫਿਟ ਕਾਰ ਡਿੱਗਣ ਦਾ ਸਮਾਚਾਰ ਮਿਲਿਆ। ਇਹ ਹਾਦਸਾ ਦੇਰ ਰਾਤ 11.30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਜਦ ਦੇਰ ਰਾਤ ਕਾਰ ਨਹਿਰ ਵਿਚ ਡਿੱਗੀ ਤਾਂ ਪਾਣੀ ਵਿਚ ਕਾਰ ਦੀਆਂ ਚਮਕ ਰਹੀਆਂ ਲਾਈਟਾਂ ਵੇਖ ਕੇ ਵਾਹਨ ਡਿੱਗਣ ਦੀ ਇਤਲਾਹ ਗੋਤਾਖੋਰਾਂ ਦੇ ਇੰਚਾਰਜ ਸ਼ੰਕਰ ਭਾਰਦਵਾਜ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਗੋਤਾਖੋਰਾਂ ਨੂੰ ਬੁਲਾਇਆ ਗਿਆ। ਇਸ ਮੌਕੇ ਥਾਣਾ ਪਸਿਆਣਾ ਦੀ ਪੁਲਿਸ ਵੀ ਮੌਕੇ ’ਤੇ ਪੁੱਜੀ, ਪ੍ਰੰਤੂ ਦੇਰ ਰਾਤ ਕਾਫੀ ਜੱਦੋ ਜਹਿਦ ਚੱਲਦੀ ਰਹੀ, ਪ੍ਰੰਤੂ ਸਵੇਰ ਸਮੇਂ ਗੋਤਾਖੋਰਾਂ ਨੇ ਪੁਲਿਸ ਦੀ ਸਹਾਇਤਾ ਨਾਲ ਕਾਰ ਕੱਢਣ ਵਿਚ ਸਫਲਤਾ ਹਾਸਲ ਕਰ ਲਈ ਹੈ। ਵਾਪਰੇ ਹਾਦਸੇ ਦੀ ਜਾਣਕਾਰੀ ਦਿੰਦਿਆਂ ਥਾਣਾ ਪਸਿਆਣਾ ਦੇ ਇੰਚਾਰਜ ਨੇ ਦੱਸਿਆ ਕਿ ਭਾਖੜਾ ਨਹਿਰ ਵਿਚ ਕਾਰ ਨੂੰ ਕੱਢਣ ਤੋਂ ਬਾਅਦ ਪਿਛਲੀਆਂ ਸੀਟ ’ਤੇ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਵਿਚ ਇਕ ਔਰਤ ਦੀ ਉਮਰ 45 ਸਾਲ ਦੇ ਕਰੀਬ ਅਤੇ ਦੂਸਰੀ ਔਰਤ ਦੀ ਉਮਰ 30 ਸਾਲ ਦੇ ਕਰੀਬ ਸਨ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਿਆ ਗਿਆ। ਪੁਲਿਸ ਨੇ ਮਿ੍ਰਤਕਾਂ ਦੀਆਂ ਲਾਸ਼ ਐਂਬੂਲੈਂਸ ਰਾਹੀਂ ਰਾਜਿੰਦਰਾ ਹਸਪਤਾਲ ਪੋਸਟਮਾਰਟਮ ਵਾਰਡ ਵਿਚ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਆਰਸੀ ਬਰਾਮਦ ਹੋ ਗਈ ਹੈ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ। ਘਟਨਾ ਬਾਰੇ ਜਾਂਚ ਤੋਂ ਬਾਅਦ ਹੀ ਖੁੱਲ੍ਹਕੇ ਦੱਸਿਆ ਜਾ ਸਕਦਾ ਹੈ ਕਿ ਇਹ ਹਾਦਸਾ ਵਾਪਰਿਆ ਜਾਂ ਹੋਰ ਕਾਰਨ ਹਨ। ਥਾਣਾ ਇੰਚਾਰਜ ਨੇ ਕਿਹਾ ਕਿ ਕੁਝ ਜਣਿਆਂ ਦਾ ਲਾਪਤਾ ਹੋਣਾ ਵੀ ਭੇਦ ਬਣਿਆ ਹੋਇਆ ਹੈ।

