ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਵਿਖੇ ਲੋਹੜੀ ਮਾਘੀ ਦੇ ਸਾਲਾਨਾ ਜੋੜ ਮੇਲ ਮੌਕੇ ਸੰਗਤਾਂ ਵੱਡੀ ਗਿਣਤੀ ਨਤਮਸਤਕ
ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਕਦੇ ਵੀ ਸਫਲ ਨਹੀਂ ਹੋਣਗੀਆਂ : ਐਡਵੋਕੇਟ ਧਾਮੀ
ਸ਼ੋ੍ਰਮਣੀ ਕਮੇਟੀ ਹਲਕਾ ਘਨੌਰ ’ਚ ਖੋਲ੍ਹੇਗੀ ਆਈਸੀਐਸਈ ਪੱਧਰ ਦਾ ਸਕੂਲ
ਘਨੌਰ/ਪਟਿਆਲਾ 13 ਜਨਵਰੀ (ਮਧੂਸਾਰ ਬਿਊਰੋ) ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਲਈ ਤਤਪਰ ਰਹਿਣ ਵਾਲੀਆਂ ਤਾਕਤਾਂ ਅਤੇ ਕਾਬਜ਼ ਹੋਣ ਦੇ ਮਨਸੂਬੇ ਰੱਖਣ ਵਾਲਿਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵਾਂਗੇ, ਜੋ ਵਾਰ-ਵਾਰ ਬੇਅਦਬੀ ਵਰਗੀਆਂ ਘਟਨਾਵਾਂ ਕਰਵਾਕੇ ਵੱਡਾ ਨੁਕਸਾਨ ਕਰਨ ’ਤੇ ਤੁਲੀਆਂ ਹੋਈਆਂ ਹਨ। ਇਹ ਪ੍ਰਗਟਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਲਕਾ ਘਨੌਰ ਦੇ ਇਤਿਹਾਸਕ ਗੁਰਦੁਆਰਾ ਨਥਾਣਾ ਸਾਹਿਬ ਵਿਖੇ ਧਾਰਮਕ ਦੀਵਾਨ ’ਚ ਜੁੜੀਆਂ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ਼ੋ੍ਰਮਣੀ ਕਮੇਟੀ ਪ੍ਰਧਾਨ ਪਾਤਸ਼ਾਹੀ ਤੀਜੀ ਗੁਰੂ ਅਮਰਦਾਸ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਵਿਖੇ ਮਾਘੀ ਦੇ ਸਾਲਾਨਾ ਜੋੜ ਮੇਲੇ ਮੌਕੇ ਨਤਮਸਤਕ ਹੋਣ ਪੁੱਜੇ ਹੋਏ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਘਟੀਆ ਸਿਆਸਤ ਦੀ ਆੜ ’ਚ ਖਾਲਸਾ ਪੰਥ ਦਾ ਵੱਡਾ ਨੁਕਸਾਨ ਕਰਨਾ ਚਾਹੁੰਦੀਆਂ ਹਨ ਅਤੇ ਅੱਜ ਲੋੜ ਹੈ ਕਿ ਸਮੁੱਚੀ ਕੌਮ ਇਕਜੁੱਟਤਾ ਨਾਲ ਸੁਚੇਤ ਰਹਿ ਕੇ ਮਾੜੇ ਮਨਸੂਬੇ ਰੱਖਣ ਵਾਲੀਆਂ ਸ਼ਕਤੀਆਂ ਦਾ ਡਟ ਕੇ ਮੁਕਾਬਲਾ ਕਰੇ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਵਰਗੀ ਘਟਨਾ ਤੋਂ ਇਲਾਵਾ ਪੰਜਾਬ ਭਰ ’ਚ ਵਾਰ-ਵਾਰ ਵਾਪਰਦੀਆਂ ਘਟਨਾਵਾਂ ਲਈ ਸਰਕਾਰ ਅਤੇ ਏਜੰਸੀਆਂ ਦੀ ਨਲਾਇਕੀ ਜੱਗ ਜ਼ਾਹਿਰ ਹੋ ਚੁੱਕੀ ਹੈ ਅਤੇ ਹੁਣ ਸਿੱਖ ਕੌਮ ਨੂੰ ਖੁਦ ਹੀ ਫਰਜ਼ਾਂ ਦੀ ਪਹਿਰੇਦਾਰੀ ਕਰਨੀ ਹੋਵੇਗੀ।
ਇਸ ਮੌਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼ੋ੍ਰਮਣੀ ਕਮੇਟੀ ਮੈਂਬਰਾਂ ਦੀ ਪੁਰਜ਼ੋਰ ਮੰਗ ਨੂੰ ਪ੍ਰਵਾਨ ਕਰਦਿਆਂ ਹਲਕਾ ਘਨੌਰ ਵਿਚ ਆਈਸੀਐਸਈ ਪੱਧਰ ਦਾ ਸਕੂਲ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਸ਼ੋ੍ਰਮਣੀ ਕਮੇਟੀ ਅਕਾਦਮਿਕ ਖੇਤਰ ਵਿਚ ਸੀਬੀਐਸਈ ਪੈਟਰਨ ਅਤੇ ਆਈਸੀਐਸਈ ਦੀ ਪੜ੍ਹਾਈ ਨੂੰ ਵੀ ਤਰਜੀਹ ਦੇਵੇਗੀ। ਇਸ ਮੌਕੇ ਹਲਕਾ ਘਨੌਰ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ੋ੍ਰਮਣੀ ਕਮੇਟੀ ਵੱਲੋਂ ਹਲਕਾ ਘਨੌਰ ਵਿਚ ਆਈਸੀਐਸਈ ਪੱਧਰ ਦਾ ਸਕੂਲ ਖੋਲ੍ਹੇ ਜਾਣ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਮੇਂ ਦੀ ਵੱਡੀ ਲੋੜ ਅਨੁਸਾਰ ਸ਼ੋ੍ਰਮਣੀ ਕਮੇਟੀ ਪ੍ਰਧਾਨ ਵੱਲੋਂ ਕੀਤਾ ਐਲਾਨ ਸ਼ਲਾਘਾਯੋਗ ਫੈਸਲਾ ਹੈ। ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨ ਵੱਲੋਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਤ ਵੀ ਕੀਤਾ ਗਿਆ। ਅੰਤਿ੍ਰੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਿੱਖ ਨੌਜਵਾਨ ਸੇਵਾ ਸੁਸਾਇਟੀ ਘਨੌਰ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ।
ਇਕੱਠ ਦੌਰਾਨ ਹੋਰਨਾਂ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਸੀਨੀਅਰ ਲੀਡਰਸ਼ਿਪ ਵਿਚ ਚਰਨਜੀਤ ਸਿੰਘ ਬਰਾੜ, ਸਾਬਕਾ ਚੇਅਰਮੈਨ ਨਰਦੇਵ ਸਿੰਘ ਆਕੜੀ, ਸਿੱਖਿਆ ਸਕੱਤਰ ਸੁਖਮਿੰਦਰ ਸਿੰਘ, ਅੰਤਿ੍ਰੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬਾਬਾ ਅਮਰੀਕ ਸਿੰਘ ਕਾਰ ਸੇਵਾ, ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲੇ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਪ੍ਰਧਾਨ ਸੁਰਜੀਤ ਸਿੰਘ ਕਾਮੀ ਕਲਾਂ, ਮਨਜੀਤ ਸਿੰਘ ਕਾਮੀ ਕਲਾਂ, ਪਾਖਰ ਸਿੰਘ ਕਾਮੀ ਕਲਾਂ, ਕੰਵਲਦੀਪ ਸਿੰਘ ਢੱਡਾ, ਅਵਤਾਰ ਸਿੰਘ ਕਪੂਰੀ, ਸਾਧੂ ਸਿੰਘ ਲਾਛੜੂ, ਪ੍ਰਚਾਰਕ ਲਖਵਿੰਦਰ ਸਿੰਘ ਅਜਰੌਰ, ਅਵਤਾਰ ਸਿੰਘ ਬੱਲੋਪੁਰ, ਗੁਰਪਿਆਰ ਸਿੰਘ ਜੌਹਰ, ਜਸਵੀਰ ਸਿੰਘ ਆਦਿ ਸਖਸ਼ੀਅਤਾਂ ਵੀ ਪੁੱਜੀਆਂ ਹੋਈਆਂ ਸਨ।

