ਮਜੀਠੀਆ, ਤਲਬੀਰ ਗਿੱਲ ਦੀ ਅਗਵਾਈ ਹੇਠ ਗੁਰਜੀਤ ਸੰਧੂ ਅਕਾਲੀ ਦਲ ’ਚ ਸ਼ਾਮਿਲ
ਕਾਂਗਰਸ ਦਾ ਹੋਲੀ ਹੋਲੀ ਡੁੱਬ ਰਿਹਾ ਜਹਾਜ਼ : ਮਜੀਠੀਆ
ਮਜੀਠੀਆ ਨੇ ਕਿਹਾ ਗਿੱਲ ਇਮਾਨਦਾਰ, ਮਿਹਨਤੀ ਤੇ ਨੇਕ ਦਿਲ ਇਨਸਾਨ
ਅੰਮ੍ਰਿਤਸਰ, (ਸੁਖਬੀਰ ਸਿੰਘ /ਮਧੂਸਾਰ ਬਿਊਰੋ))-ਹਲਕਾ ਦੱਖਣੀ ’ਚ ਕਾਂਗਰਸ ਨੂੰ ਦਿਨੋਂ-ਦਿਨ ਝਟਕੇ ’ਤੇ ਝਟਕਾ ਮਿਲ ਰਹੇ ਹਨ, ਜਿਸ ਦਾ ਕਾਰਨ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਹਲਕੇ ਅਤੇ ਵਸਨੀਕਾਂ ਨੂੰ ਦਰਕਿਨਾਰ ਕਰਨਾ। ਕਿਉਂਕਿ ਬੁਲਾਰੀਆ ਨੇ ਆਪਣੇ ਕਾਰਜਕਾਲ ਦੌਰਾਨ ਇਕ ਵੀ ਵਿਕਾਸ ਦਾ ਕਾਰਜ ਸਿਰੇ ਨਹੀਂ ਚਾੜ੍ਹਿਆ ਅਤੇ ਨਾ ਹੀ ਲੋਕ ਕਚਿਹਰੀ ’ਚ ਪੇਸ਼ ਹੁੰਦਿਆਂ ਉਨ੍ਹਾਂ ਦੀ ਸਮੱਸਿਆਵਾਂ ਦਾ ਨਿਪਟਾਰਾ ਕੀਤਾ। ਹਲਕਾ ਵਸਨੀਕ ਤਾਂ ਇਹ ਕਹਿੰਦੇ ਫ਼ਿਰ ਰਹੇ ਹਨ ਕਿ ਕੋਈ ਚਿਰਾਗ ਲੱਭੋ ਤੇ ਬੁਲਾਰੀਆ ਨੂੰ ਪ੍ਰਗਟ ਕਰੋ ਜੋ ਹਲਕਾ ਦੇ ਲੋਕਾਂ ਨੂੰ ਵੋਟਾਂ ਹਾਸਲ ਕਰਨ ਉਪਰੰਤ ਕਿਧਰੇ ਗਾਇਬ ਹੋ ਗਿਆ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਮਾਝੇ ਦੇ ਜਰਨੈਲ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਤਲਬੀਰ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦਿੰਦਿਆਂ ਹਲਕਾ ਦੱਖਣੀ ਤੋਂ ਪਬਲਿਕ ਕੋਆਰਡੀਨੇਸ਼ਨ ਸੈਲ ਦੇ ਚੇਅਰਮੈਨ ਸ: ਗੁਰਜੀਤ ਸਿੰਘ ਸੰਧੂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਸਮੇਂ ਕੀਤਾ। ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦਾ ਜ਼ਹਾਜ਼ ਹੁਣ ਹੋਲੀ ਹੋਲੀ ਡੁੱਬ ਰਿਹਾ ਹੈ। ਕਿਉਂ ਕਿ ਲੋਕ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕ ਚੁੱਕੇ ਹਨ ਇਸ ਲਈ ਜਲਦ ਤੋਂ ਜਲਦ ਕਾਂਗਰਸ ਨੂੰ ਖੁੰਡੇ ਲਗਾਉਣ ਲਈ ਫਰਵਰੀ 20 ਤਾਰੀਕ ਦੇ ਇੰਤਜਾਰ ਸਨ।
ਸ: ਮਜੀਠੀਆ ਨੇ ਕਿਹਾ ਕਿ ਜਿਆਦਾ ਤਦਾਦ ’ਚ ਜਿੱਥੇ ਆਮ ਲੋਕ ਅਕਾਲੀ-ਬਸਪਾ ਗਠਜੋੜ ਦੇ ਨਾਲ ਜੁੜ ਰਹੇ ਹਨ, ਉਥੇ ਕਈ ਧਾਕੜ ਕਾਂਗਰਸੀ ਪਰਿਵਾਰ ਗਠਜੋੜ ਦਾ ਪਲ੍ਹਾ ਫੜ੍ਹ ਰਹੇ ਹਨ। ਕਿਉਂਕਿ ਹਲਕੇ ਦੇ ਲੋਕ ਜਾਣ ਚੁੱਕੇ ਹਨ 5 ਸਾਲ ਸੱਤਾ ’ਚ ਰਹਿਣ ਵਾਲਾ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਇਕ ਵੀ ਵਾਅਦਾ ਪੁਗਾ ਨਹੀਂ ਸਕਿਆ ਤਾਂ ਹੁਣ ਕਿਹੜਾ ਮਾਅਰਕਾ ਮਾਰੇਗਾ ਅਤੇ ਕਿਹੜੇ ਹੱਕ ਨਾਲ ਹਲਕਾ ਵਾਸੀਆਂ ਤੋਂ ਵੋਟਾਂ ਮੰਗੇ ਇਸ ਲਈ ਨਾਮੋਸ਼ੀਜਨਕ ਹਾਲਤ ’ਚ ਘਰ ’ਚ ਵੜ੍ਹਿਆ ਬੈਠਾ ਹੈ। ਇਸ ਮੌਕੇ ਸ: ਮਜੀਠੀਆ ਨੇ ਕਿਹਾ ਕਿ ਪਾਰਟੀ ਵਲੋਂਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਅਕਾਲੀ ਦਲ ’ਚ ਹਮੇਸ਼ਾ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਮਿਲੇਗਾ।
ਇਸ ਮੌਕੇ ਸ: ਮਜੀਠੀਆ ਨੇ ਗਿੱਲ ਦੇ ਹੱਕ ’ਚ ਅਵਾਜ਼ ਬੁਲੰਦ ਕਰਦਿਆਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਤਲਬੀਰ ਗਿੱਲ ਇਕ ਈਮਾਨਦਾਰ, ਮਿਹਨਤੀ ਅਤੇ ਨੇਕ ਦਿਲ ਇਨਸਾਨ ਹੈ। ਤੁਸੀ ਇਕ ਵਾਰ ਆਪਣੇ ਇਸ ਦਾਸ ਨੂੰ ਸੇਵਾ ਦਾ ਮੌਕਾ ਦਿਓ ਫ਼ਿਰ ਵੇਖੀਓ ਦਿਨਾਂ ’ਚ ਹਲਕਾ ਦਾ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰ ਕੇ ਨੁਹਾਰ ਬਦਲ ਦਿੱਤੀ ਜਾਵੇਗੀ।
ਇਸ ਮੌਕੇ ਸ: ਗਿੱਲ ਨੇ ਸ: ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਕਾਂਗਰਸ ਦੀਆਂਂ ਮਾਰੂ ਨੀਤੀਆਂ ਤੋਂਂ ਚੰਗੀ ਵਾਕਿਫ਼ ਹੋ ਗਏ ਹਨ ਅਤੇ ਉਹ ਆ ਰਹੀਆਂਂ ਚੋਣਾਂ ’ਚ ਸਿਆਸਤ ਬਦਲਾਅ ਦੇ ਰੌਂਅ ’ਚ ਹਨ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਕ ਵਾਰ ਸੇਵਾ ਦਾ ਮੌਕਾ ਦੇਣ ਅਤੇ 20 ਫਰਵਰੀ ਨੂੰ ਤਕੜੀ ਦਾ ਬਟਨ ਦਬਾਅ ਕੇ ਅਕਾਲੀ ਦਲ ਦੇ ਹੱਕ ’ਚ ਫ਼ਤਵਾ ਦੇਣ ਅਤੇ ਵਿਰੋਧੀਆਂ ਵਲੋਂ ਲਏ ਜਾ ਰਹੇ ਜਿੱਤ ਦੇ ਸੁਪਨੇ ਨੂੰ ਚਕਨਾਚੂਰ ਕਰਨ ’ਚ ਸਾਥ ਦੇਣ। ਇਸ ਮੌਕੇ ਸੁਰਿੰਦਰ ਸਿੰਘ ਸੁਲਤਾਨਵਿੰਡ, ਰਜਿੰਦਰ ਸਿੰਘ ਸਾਬਕਾ ਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।

