ਪੰਜਾਬਪਟਿਆਲਾ

ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਵਫ਼ਦ ਵੱਲੋਂ ਅਕਾਲੀ ਦਲ ਦੇ ਮੈਨੀਫੈਸਟੋ ਚ ਮੰਗਾਂ ਸ਼ਾਮਲ ਕਰਵਾਉਣ ਦੀ ਮੰਗ ਪੱਤਰ ਦਿੱਤਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਜਥੇਬੰਦੀ ਦੇ ਪਟਿਆਲਾ-ਫਤਹਿਗੜ੍ਹ ਸਾਹਿਬ ਜ਼ਿਲ੍ਹਾ ਕੌਂਸਲ ਦੇ ਜ਼ਿਲ੍ਹਾ ਸਕੱਤਰ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਖ਼ਾਲਸਾ ਕਾਲਜ ਪਟਿਆਲਾ ਦੇ ਅਧਿਆਪਕਾਂ ਦੇ ਇਕ ਵਫ਼ਦ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਘਨੌਰ (ਜ਼ਿਲ੍ਹਾ-ਪਟਿਆਲਾ) ਤੋਂ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਇਕ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੰਗ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਸੱਤਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਅਤੇ ਯੂ.ਜੀ.ਸੀ. ਨਾਲੋਂ ਸਕੇਲ ਡੀਲਿੰਕ ਕਰਨ ਸਬੰਧੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲਿਆ ਗਿਆ ਫ਼ੈਸਲਾ ਵਾਪਸ ਕਰਨ ਦੀਆਂ ਮੰਗਾਂ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੇ ਚੋਣ ਮੈਨੀਫੈਸਟੋ ਚ ਸ਼ਾਮਲ ਕਰਕੇ ਉਚੇਰੀ ਸਿੱਖਿਆ ਨੂੰ ਬਚਾਵੇ ।

ਪ੍ਰੋਫੈਸਰ ਚੰਦੂਮਾਜਰਾ ਨੇ ਯੂਨੀਅਨ ਦੇ ਵਫ਼ਦ ਨੂੰ ਯਕੀਨ ਦਿਵਾਇਆ ਕਿ ਉਹ ਸ. ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਦੀ ਚੋਣ ਮੈਨੀਫੈਸਟੋ ਵਾਲੀ ਕਮੇਟੀ ਦੇ ਵਿੱਚ ਇਸ ਮੁੱਦੇ ਨੂੰ ਸ਼ਾਮਲ ਕਰਵਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰਨਗੇ । ਪ੍ਰੋ. ਚੰਦੂਮਾਜਰਾ ਨੇ ਇਸ ਮੌਕੇ ਪੰਜਾਬ ਅਤੇ ਚੰਡੀਗਡ਼੍ਹ ਕਾਲਜ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਵਿਨੈ ਸੋਫਤ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ 1986,1996,ਅਤੇ 2006 ਵਾਲੇ UGC ਦੇ ਸਕੇਲ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਲਾਗੂ ਕੀਤੇ ਗਏ ਸਨ ਅਤੇ ਅੱਗੇ ਤੋਂ ਵੀ ਪੰਜਾਬ ਦੀ ਤਰੱਕੀ ਲਈ ਸਿਹਤ ਅਤੇ ਵਿੱਦਿਅਕ ਮਾਮਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ । ਡਾ. ਵਿਨੈ ਸੋਫਤ ਨੇ ਪ੍ਰੋ. ਚੰਦੂਮਾਜਰਾ ਵੱਲੋਂ ਹਾਂ ਪੱਖੀ ਹੁੰਗਾਰੇ ਅਤੇ ਭਰੋਸੇ ਲਈ ਧੰਨਵਾਦ ਕੀਤਾ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਾਰੇ ਭਾਰਤ ਵਿੱਚ ਇਹ ਸਕੇਲ ਲਾਗੂ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਕਾਂਗਰਸੀ ਸਰਕਾਰ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਇਹ ਸਕੇਲ ਨਹੀਂ ਦਿੱਤੇ ।ਇਸ ਮੌਕੇ ਤੇ ਅਕਾਲੀ ਦਲ ਦੇ ਯੂਥ ਆਗੂ ਸ. ਭੁਪਿੰਦਰ ਸਿੰਘ ਸ਼ੇਖੂਪੁਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਚੇਰੀ ਵਿੱਦਿਆ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਮੌਕੇ ਤੇ ਖ਼ਾਲਸਾ ਕਾਲਜ ਪਟਿਆਲਾ ਦੀ ਅਧਿਆਪਕ ਯੂਨੀਅਨ ਦੇ ਲੋਕਲ ਯੂਨਿਟ ਦੇ ਮੈਂਬਰ ਡਾ. ਸਰਬਜੀਤ ਸਿੰਘ, ਡਾ. ਦਵਿੰਦਰ ਸਿੰਘ, ਡਾ.ਗੁਰਵੀਰ ਸਿੰਘ, ਡਾ. ਤੇਜਿੰਦਰਪਾਲ ਸਿੰਘ ਹਾਜ਼ਰ ਸਨ ।

Leave a Reply

Your email address will not be published. Required fields are marked *