ਪੰਜਾਬਪਟਿਆਲਾ

ਸਿੰਘੂ ਅੰਦੋਲਨ ਦਾ ਸਮਰਥਨ ਅਤੇ ਓਟਾਵਾ ਦਾ ਵਿਰੋਧ?

ਟਰੂਡੋ, ਜਗਜੀਤ ਸਿੰਘ ਅਤੇ ਪੰਨੂ ਦੀ ਤਿੱਕੜੀ ਦਾ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਪ੍ਰਤੀ ਦੋਹਰੇ ਮਾਪਦੰਡ ਉਜਾਗਰ।

ਪਟਿਆਲਾ, 20 ਫਰਵਰੀ (ਮਧੂਸਾਰ ਬਿਊਰੋ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਨਿਊ ਡੈਮੋਕ੍ਰੇਟਿਕ ਪਾਰਟੀ ਆਫ ਕੈਨੇਡਾ (ਐੱਨ.ਡੀ.ਪੀ.) ਦੇ ਖਾਲਿਸਤਾਨ ਪੱਖੀ ਆਗੂ ਜਗਮੀਤ ਸਿੰਘ ਅਤੇ ਸਿੱਖਸ ਫਾਰ ਜਸਟਿਸ ਦੇ ਗੁਰ ਪਤਵੰਤ ਸਿੰਘ ਪੰਨੂ ਦੀ ਤਿੱਕੜੀ ਸਾਂਝ ਅਤੇ ਆਪਣੇ ਹੱਕਾਂ ਲਈ ਸ਼ਾਂਤਮਈ ਅੰਦੋਲਨ ਚਲਾ ਰਹੇ ਪ੍ਰਦਰਸ਼ਨਕਾਰੀਆਂ ਪ੍ਰਤੀ ਦੋਹਰੇ ਮਾਪਦੰਡ ਉਜਾਗਰ ਹੋ ਚੁੱਕਿਆ ਹੈ। ਇਨ੍ਹਾਂ ਤਿੰਨਾਂ ਵੱਲੋਂ ਹੀ ਸਿਆਸੀ ਸਵਾਰਥ ਲਈ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਅਸਵੀਕਾਰਯੋਗ ਦਖ਼ਲ ਅੰਦਾਜ਼ੀ ਕਰਦਿਆਂ ਦਿੱਲੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ ਪਰ ਦੂਜੇ ਪਾਸੇ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਟਰੱਕ ਡਰਾਈਵਰਾਂ ਵੱਲੋਂ ਸਰਕਾਰ ਖ਼ਿਲਾਫ਼ ਚਲਾਏ ਜਾ ਰਹੇ ਅੰਦੋਲਨ ਦਾ ਇਕਸੁਰਤਾ ਨਾਲ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਐਨਾ. ਡੀ. ਏ. ਆਗੂ ਜਗਜੀਤ ਸਿੰਘ ਦੇ ਕਹਿਣ ’ਤੇ ਜਸਟਿਨ ਟਰੂਡੋ ਨੇ ਕਿਸਾਨ ਅੰਦੋਲਨ ਦੌਰਾਨ ਵੀਡੀਓ ਰਾਹੀਂ ਕਿਸਾਨਾਂ ਨੂੰ ਸਮਰਥਨ ਤੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ। ਅੱਜ ਕੈਨੇਡਾ ਦੀ ਰਾਜਧਾਨੀ ਓਟਾਵਾ ਇਕ ਹੋਰ ਸਿੰਘੂ ਬਾਰਡਰ ਬੁਣ ਚੁੱਕਿਆ ਹੈ। ਭਾਰਤ ਨੂੰ ਲੋਕਤੰਤਰ ਦਾ ਪਾਠ ਪੜਾਉਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਓਟਾਵਾ ’ਚ ਟਰੱਕ ਡਰਾਈਵਰਾਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਨੂੰ ਐਮਰਜੈਂਸੀ ਲਾ ਕੇ ਬਲ ਪੂਰਵਕ ਦਬਾਉਣ ’ਤੇ ਲਗਾ ਹੋਇਆ ਹੈ।

ਕੈਨੇਡਾ ਸਰਕਾਰ ਵੱਲੋਂ ਪਿਛਲੇ ਮਾਹ ਦੇ ਅਖੀਰ ਦੌਰਾਨ ਕੋਵਿਡ ਵੈਕਸੀਨੇਸ਼ਨ ਬਾਰੇ ਜਾਰੀ ਸਖ਼ਤ ਨਿਯਮਾਂ ਨਾਲ ਪ੍ਰਭਾਵਿਤ ਹੁੰਦਿਆਂ ਹਜ਼ਾਰਾਂ ਟਰੱਕ ਡਰਾਈਵਰਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ ਅਤੇ ਨਵੀਆਂ ਸ਼ਰਤਾਂ ਤੇ ਪਾਬੰਦੀਆਂ ਨਾਲ ਕਰੀਬ 15 ਤੋਂ 20 ਹਜ਼ਾਰ ਹੋਰ ਟਰੱਕ ਡਰਾਈਵਰ ਕੰਮ ਤੋਂ ਆਯੋਗ ਹੋ ਜਾਣੇ ਹਨ। ਕੈਨੇਡਾ ’ਚ ਟਰਾਂਸਪੋਰਟ ਕਾਰੋਬਾਰ ਸਿੱਖ ਭਾਈਚਾਰੇ ਕੋਲ ਹੈ ਅਤੇ ਟਰੱਕ ਡਰਾਈਵਰਾਂ ਦੀ ਭਾਰੀ ਗਿਣਤੀ ਵੀ ਸਿੱਖ ਹਨ। ਇਨ੍ਹਾਂ ਨਿਯਮਾਂ ਦਾ ਵਿਰੋਧ ਕਰ ਰਹੇ ਹਜ਼ਾਰਾਂ ਟਰੱਕ ਡਰਾਈਵਰਾਂ ਅਤੇ ਉਨ੍ਹਾਂ ਦੇ ਹਮਾਇਤ ’ਚ ਕੈਨੇਡਾ ਯੂਨਿਟੀ ਦੇ ਸੱਦੇ ’ਤੇ ਓਟਾਵਾ ਜਾਣ ਵਾਲੇ ‘ਆਜ਼ਾਦੀ ਟਰੱਕ ਕਾਫ਼ਲਿਆਂ’ ’ਚ ਸ਼ਾਮਿਲ ਲੋਕਾਂ ’ਤੇ ਨਿਸ਼ਾਨਾ ਸਾਧ ਦਿਆਂ ਐੱਨ.ਡੀ.ਪੀ. ਦੇ ਜਗਜੀਤ ਸਿੰਘ ਵੱਲੋਂ ਟਰੂਡੋ ਨੂੰ ਪੂਰਨ ਸਮਰਥਨ ਦੇਣ ਨਾਲ ਸਿੱਖ ਭਾਈਚਾਰੇ ’ਚ ਭਾਰੀ ਰੋਸ ਅਤੇ ਨਿਰਾਸ਼ਾ ਹੈ। ਸਿੰਘੂ ਬਾਰਡਰ ਅਤੇ ਓਟਾਵਾ ਦੇ ਅੰਦੋਲਨਾਂ ਪ੍ਰਤੀ ਵੱਖੋ ਵੱਖ ਮਾਪਦੰਡ ਅਪਣਾਏ ਜਾਣ ਨਾਲ ਇਨ੍ਹਾਂ ਦੀ ਸਿਆਸੀ ਛਵੀ ਖ਼ੂਬ ਕਿਰਕਿਰੀ ਹੋ ਰਹੀ ਹੈ। ਅਤੇ ਕੈਨੇਡਾ ਦੇ ਲੋਕਾਂ ਵਿਚ ਟਰੂਡੋ ਸਰਕਾਰ, ਲਿਬਰਲ ਪਾਰਟੀ ਅਤੇ ਐੱਨ.ਡੀ.ਪੀ. ਦਾ ਸਿਆਸੀ ਗਰਾਫ਼ ਤੇਜ਼ੀ ਨਾਲ ਡਿਗ ਰਿਹਾ ਹੈ।

ਓਟਾਵਾ ’ਚ ਜਾਰੀ ਉਕਤ ਅੰਦੋਲਨ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਹਾਲਾਤ ਅਤੇ ਪ੍ਰਦਰਸ਼ਨਕਾਰੀਆਂ ਦੇ ਸਖ਼ਤ ਵਿਰੋਧ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਅਣਦਸੇ ਨਿਯਮਾਂ ਤਹਿਤ ਐਮਰਜੈਂਸੀ ਲਾ ਦਿੱਤੀ ਗਈ ਹੈ, ਉੱਥੇ ਨਾ ਕੇਵਲ ਸੁਰੱਖਿਆ ਸਖ਼ਤ ਕੀਤੀ ਗਈ ਹੈ ਸਗੋਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਮੁਕਾਬਲੇ ਦਿਲੀ ’ਚ ਇਕ ਸਾਲ ਤਕ ਕਿਸਾਨ ਅੰਦੋਲਨ ਚੱਲਣ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਕਿਸੇ ਤਰਾਂ ਦੀ ਧਮਕੀ ਅਤੇ ਗ੍ਰਿਫ਼ਤਾਰੀਆਂ ਕਰਨੀਆਂ ਤਾਂ ਦੂਰ ਪ੍ਰਦਰਸ਼ਨਕਾਰੀਆਂ ਨੂੰ ਪੀਣ ਲਈ ਸਾਫ਼ ਪਾਣੀ ਅਤੇ ਪਖਾਨੇ ਆਦਿ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਗਈਆਂ। ਫਿਰ ਵੀ ਟਰੂਡੋ ਅਤੇ ਖ਼ਾਲਿਸਤਾਨ ਪੱਖੀ ਨੇਤਾ ਜਗਮੀਤ ਸਿੰਘ ਨੂੰ ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰ ਪਤਵੰਤ ਪੰਨੂ ਵਰਗੇ ਖ਼ਾਲਿਸਤਾਨ ਵੱਲੋਂ ਕਿਸਾਨ ਅੰਦੋਲਨ ਨੂੰ ਗਰਮ-ਖ਼ਿਆਲੀ ਤੱਤ ਪਰੋਸਦਿਆਂ ਅਸ਼ਾਂਤੀ ਫੈਲਾਉਣਾ ਕਦੀ ਨਜ਼ਰ ਨਹੀਂ ਆਇਆ ਪਰ ਅਫ਼ਸੋਸ ਕਿ ਇਹ ਲੋਕ ਓਟਾਵਾ ਦੇ ਪ੍ਰਦਰਸ਼ਨਕਾਰੀਆਂ ਨੂੰ ਕੱਟੜਪੰਥੀ, ਖ਼ਤਰਨਾਕ ਅਤੇ ਵੰਡੀਆਂ ਪਾਉਣ ਵਾਲੇ ਗਰਦਾਨ ਦਿਆਂ ਉਨ੍ਹਾਂ ਨੂੰ ਕੋਸਣ ਅਤੇ ਉਨ੍ਹਾਂ ਵਿਰੁੱਧ ਖੜਨ ਦੀ ਨਿਠ ਕੇ ਹਮਾਕਤ ਕਰ ਰਹੇ ਹਨ। ਜਗਮੀਤ ਸਿੰਘ ਜਿਸ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰਤ ਵਿਚ ਹਿੰਸਾ ਦੀ ਨਿੰਦਾ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਰੱਖਿਆ ਕਰਨ ਬਾਰੇ ਟਵੀਟ ਕਰ ਕੇ ਦੂਜਿਆਂ ਨੂੰ ਤਾਂ ਫਰੀਡਮ ਆਫ਼ ਸਪੀਚ ਅਤੇ ਸ਼ਾਂਤਮਈ ਰੋਸ ਮੁਜ਼ਾਹਰੇ ਕਰਨ ਦੇ ਅਧਿਕਾਰਾਂ ਦਾ ਪਾਠ ਪੜਾਇਆ, ਲੇਕਿਨ ਓਟਾਵਾ ਮੋਰਚੇ ਵਿਰੁੱਧ ਉਸ ਦਾ ਪ੍ਰਚਾਰ ਉਸ ਦੀ ਕਹਿਣੀ ਅਤੇ ਕਥਨੀ ’ਚ ਅੰਤਰ ਨੂੰ ਦਰਸਾਉਂਦਾ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਹੋਰਨਾਂ ਨੂੰ ਦਿੱਲੀ ਪ੍ਰਦਰਸ਼ਨਕਾਰੀਆਂ ਦੀ ਮਦਦ ਲਈ ਅੱਗੇ ਆਉਣ ਦਾ ਸਦਾ ਦੇਣ ਵਾਲੇ ਜਗਜੀਤ ਸਿੰਘ ਨੂੰ ਓਟਾਵਾ ’ਚ ਫਰੀਡਮ ਰੈਲੀ ਆਯੋਜਿਤ ਕਰਨ ਵਾਲੇ ਸਮੂਹ ਨੂੰ 13,000 ਡਾਲਰ ਡੋਨੇਟ ਕਰਨ ਵਾਲੇ ਆਪਣੇ ਹੀ ਸਾਂਢੂ ਜੋਧਵੀਰ ਸਿੰਘ ਧਾਲੀਵਾਲ ਨਾਲ ਨਫ਼ਰਤ ਕਿਉਂ ਹੋਣ ਲਗਾ ਹੈ ? ਜਗਮੀਤ ਸਿੰਘ ਨੇ ਭਾਰਤ ਸਰਕਾਰ ਨੂੰ ਦਿੱਲੀ ਦੇ ਸਿੰਘੂ ਬਾਰਡਰ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨਾਲ ਖੁੱਲ੍ਹ ਕੇ ਗੱਲ ਕਰਨ ਦੀ ਗਲ ਆਖੀ ਸੀ ਪਰ ਇਸ ਦੇ ਵਿਪਰੀਤ ਉਹ ਕੈਨੇਡਾ ਦੇ ਅੰਦੋਲਨਕਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਆਪਣੀਆਂ ਸੇਵਾਵਾਂ ਪੇਸ਼ ਕਰਨ ਦੀ ਥਾਂ ਕੈਨੇਡਾ ’ਚ ਆਪਣੀ ਸਿਆਸੀ ਸੁਰੱਖਿਆ ਕਾਇਮ ਰੱਖਣ ਖ਼ਾਤਰ ਟਰੂਡੋ ਸਰਕਾਰ ਦੀਆਂ ਟਰੱਕ ਡਰਾਈਵਰਾਂ ਪ੍ਰਤੀ ਦਮਨਕਾਰੀ ਨੀਤੀਆਂ ਦਾ ਸਾਥ ਦੇ ਰਿਹਾ ਹੈ। ਭਾਰਤ ਸਰਕਾਰ ਵੱਲੋਂ ਕਿਸਾਨਾਂ ਨਾਲ ਮਸਲਾ ਸੁਲਝਾਉਣ ਨੂੰ ਲੈ ਕੇ ਹਰ ਹਫ਼ਤੇ ਗੱਲਬਾਤ ਕੀਤੀ ਜਾਂਦੀ ਰਹੀ ਪਰ ਜਗਮੀਤ ਸਿੰਘ, ਜਸਟਿਨ ਟਰੂਡੋ ਜਾਂ ਸਰਕਾਰ ਵੱਲੋਂ ਓਟਾਵਾ ਦੇ ਪ੍ਰਦਰਸ਼ਨਕਾਰੀਆਂ ਨੂੰ ਨਾ ਤਾਂ ਭਰੋਸੇ ਵਿਚ ਲਿਆ ਜਾ ਰਿਹਾ ਹੈ, ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾ ਰਿਹਾ ਹੈ ਅਤੇ ਨਾ ਹੀ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਹੱਲ (ਹੈਂਡਲ) ਕੀਤਾ ਜਾ ਰਿਹਾ ਹੈ। ਸਗੋਂ ਉਨ੍ਹਾਂ ਨੂੰ ਪਾਣੀ ਅਤੇ ਪਖਾਨੇ ਆਦਿ ਦੀ ਕੋਈ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ। ਜਗਮੀਤ ਸਿੰਘ ਨੂੰ ਓਟਾਵਾ ਪ੍ਰਦਰਸ਼ਨ ’ਚ ਸ਼ਾਮਿਲ ਹਜ਼ਾਰਾਂ ਟਰੱਕਾਂ ਵਿਚ ਪਰਿਵਾਰਕ ਔਰਤਾਂ ਅਤੇ ਬਚਿਆਂ ਦਾ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿਚ ਮੁਸ਼ਕਲ ਹਾਲਤਾਂ ਵਿਚ ਵੀ ਜੂਝਣ ਦੇ ਦਰਦ ਨੂੰ ਮਹਿਸੂਸ ਨਹੀਂ ਹੋ ਰਿਹਾ, ਜੋ ਪ੍ਰਦਰਸ਼ਨਕਾਰੀਆਂ ਲਈ ਮਹਿਜ਼ ਰੋਸ ਪ੍ਰਦਰਸ਼ਨ ਜਾਂ ਰੋਜ਼ੀ ਰੋਟੀ ਦਾ ਹੀ ਮਸਲਾ ਨਾ ਹੋ ਕੇ ਸਗੋਂ ਉਨ੍ਹਾਂ ਲਈ ਜਿਊਣ ਮਰਨ ਦਾ ਮੁੱਦਾ ਬਣਿਆ ਹੋਇਆ ਹੈ। ਸਰਹੱਦ ਦੇ ਆਰ ਪਾਰ ਆਉਣ ਜਾਣ ਵਾਲੇ ਟਰੱਕ ਡਰਾਈਵਰਾਂ ਦੀ ਵੈਸੇ ਤਾਂ 90 ਫ਼ੀਸਦੀ ਵੈਕਸੀਨੇਸ਼ਨ ਹੋ ਚੁੱਕੀ ਹੈ ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ, ਵੈਕਸੀਨੇਸ਼ਨ ਦਰਾਂ ਵਿਚ ਵਾਧਾ ਕਰਨ ਦੀ ਕੋਸ਼ਿਸ਼ ਹੈ ਜਿਸ ਨਾਲ ਪਹਿਲਾਂ ਤੋਂ ਚੁਨੌਤੀਆਂ ਨਾਲ ਜੂਝ ਰਹੀ ਸਪਲਾਈ ਚੇਨ, ਹੋਰ ਪ੍ਰਭਾਵਿਤ ਹੋਵੇਗੀ। ਇਹੀ ਕਾਰਨ ਹੈ ਕਿ ਓਟਾਵਾ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰ ਕੇ ਸ਼ਹਿਰ ਵਿਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜਗਮੀਤ ਸਿੰਘ ਤੇ ਟਰੂਡੋ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਤਾਂ ਕਿਸਾਨਾਂ ਦੀ ਭਲਾਈ ਦੀ ਲੋਚਾ ਦੇ ਬਾਵਜੂਦ ਵੀ ਮੁਆਫ਼ੀ ਮੰਗਦਿਆਂ ਕਿਸਾਨਾਂ ਵੱਲੋਂ ਨਾ ਪਸੰਦ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ਆਪਣੇ ਲੋਕਾਂ ਪ੍ਰਤੀ ਸੁਹਿਰਦਤਾ ਦਾ ਪ੍ਰਗਟਾਵਾ ਕੀਤਾ ਹੈ, ਪਰ ਕੀ ਟਰੂਡੋ ਅਤੇ ਜਗਮੀਤ ਸਿੰਘ ਓਟਾਵਾ ’ਚ ਜੂਝ ਰਹੇ ਕਿਰਤੀ ਟਰੱਕ ਡਰਾਈਵਰਾਂ ਦੇ ਮਸਲੇ ਨੂੰ ਸੁਲਝਾਉਣ ਲਈ ਕੋਈ ਯਤਨ ਕਰੇਗਾ ਵੀ? ਜੇ ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਉਨ੍ਹਾਂ ਲਈ ’ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਦੇ ਘਰ ਲੱਗੇ ਤਾਂ ਬਸੰਤਰ’ ਵਾਲੀ ਗਲ ਢੁਕਵੀਂ ਹੋਵੇਗੀ।

Leave a Reply

Your email address will not be published. Required fields are marked *