ਪਟਿਆਲਾ

ਵੱਖ-ਵੱਖ ਨਾਮੀ ਸ਼ਖ਼ਸੀਅਤਾਂ ਨੂੰ ‘ਵਿਜ਼ਟਿੰਗ ਪ੍ਰੋਫ਼ੈਸਰ’ ਵਜੋਂ ਬੁਲਾਇਆ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਵਿਭਾਗ, ਯੂ. ਜੀ. ਸੀ. ਸੈਂਟਰ ਫ਼ਾਰ ਐਡਵਾਂਸਡ ਸਟੱਡੀਜ਼ ਵੱਲੋਂ ਆਪਣੀ ਇੱਕ ਵਿਸ਼ੇਸ਼ ਯੋਜਨਾ ਅਧੀਨ ਸਾਹਿਤ ਅਤੇ ਕਲਾ ਦੀ ਦੁਨੀਆਂ ਨਾਲ ਜੁੜੀਆਂ ਵੱਖ-ਵੱਖ ਨਾਮੀ ਸ਼ਖ਼ਸੀਅਤਾਂ ਨੂੰ ‘ਵਿਜ਼ਟਿੰਗ ਪ੍ਰੋਫ਼ੈਸਰ’ ਵਜੋਂ ਬੁਲਾਇਆ ਗਿਆ ਜਿਨ੍ਹਾਂ ਨੇ ਵਿਭਾਗ ਵਿਚਲੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਵਿਭਾਗ ਮੁਖੀ ਪ੍ਰੋ. ਸੁਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਲੜੀ ਅਧੀਨ ਛੇ ਸ਼ਖ਼ਸੀਅਤਾਂ, ਜਿਨ੍ਹਾਂ ਵਿੱਚ ਮਕਬੂਲ ਸ਼ਾਇਰ ਗੁਰਤੇਜ ਕੋਹਾਰਵਾਲਾ, ਪ੍ਰੋ. ਰਾਜਪਾਲ ਸਿੰਘ, ਸੁਰਿੰਦਰ ਨੀਰ, ਡਾ. ਹਰਵਿੰਦਰ ਸਿੰਘ ਭੱਟੀ, ਸੁਕੀਰਤ ਅਤੇ ਬਲਬੀਰ ਪਰਵਾਨਾ ਆਪਣੇ ਭਾਸ਼ਣ ਦੇ ਚੁੱਕੇ ਹਨ।

ਪ੍ਰਸਿੱਧ ਵਿਦਵਾਨ ਸੁਕੀਰਤ ਨੇ ਆਪਣੀ ਵਾਰਤਕ ਲੇਖਣੀ ਦੇ ਮਕਸਦ ਅਤੇ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰਚਨਾਕਾਰ ਵਜੋਂ ਵਿਚਰਦਿਆਂ ਉਹ ਆਪਣੇ ਵਿਸ਼ੇਸ਼ ਮਾਨਵੀ ਏਜੰਡੇ ਨੂੰ ਹਮੇਸ਼ਾ ਜ਼ਿਹਨ ਵਿੱਚ ਰਖਦੇ ਹਨ ਅਤੇ ਹਰ ਰਚਨਾ ਦੀ ਸ਼ਿਲਪੀ ਬੁਣਤੀ ਸਮੇਂ ਚੇਤੰਨ ਹੋ ਕੇ ਆਪਣੇ ਇਸ ਏਜੰਡੇ ਨੂੰ ਲਿਖ਼ਤ ਵਿਚ ਪਰੋ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕਹਾਣੀ ਲੇਖਣੀ ਦੇ ਨਾਲ ਨਾਲ ਵਾਰਤਕ ਲੇਖਣੀ ਨੂੰ ਚੁਣ ਲੈਣਾ ਵੀ ਇੱਕ ਤਰ੍ਹਾਂ ਨਾਲ ਅਜਿਹੇ ਮਕਸਦ ਦੀ ਪੂਰਤੀ ਹਿਤ ਲਿਆ ਗਿਆ ਇੱਕ ਚੇਤੰਨ ਫ਼ੈਸਲਾ ਹੀ ਹੈ ਕਿਉਂਕਿ ਕਹਾਣੀ ਦੇ ਮੁਕਾਬਲਤਨ ਵਾਰਤਕ ਦਾ ਕੈਨਵਸ ਇਸ ਪੱਖੋਂ ਵਧੇਰੇ ਵਿਸ਼ਾਲ ਹੈ। ਵਾਰਤਕ ਦੇ ਇਸ ਮਾਧਿਅਮ ਰਾਹੀਂ ਉਹ ਆਪਣੇ ਮਾਨਵਤਾਵਾਦੀ ਏਜੰਡੇ ਨੂੰ ਵਧੇਰੇ ਸੌਖ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਹਿ ਸਕਦੇ ਹਨ। ਗਲਪ ਦੀ ਸਿ਼ਲਪਕਾਰੀ ਦੀਆਂ ਸੀਮਾਵਾਂ ਕਾਰਨ ਉੱਥੇ ਹਰ ਗੱਲ ਨੂੰ ਓਵੇਂ ਨਹੀਂ ਰੱਖਿਆ ਜਾ ਸਕਦਾ। ਅਜਿਹਾ ਕਰਨ `ਤੇ ਪੈਦਾ ਹੋਣ ਵਾਲੀ ਪ੍ਰਚਾਰ ਦੀ ਸੁਰ ਨਾਲ ਗਲਪ ਵਿਚਲਾ ਸ਼ਿਲਪ ਮਰ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਆਪਣੀ ਸਿਆਸਤ ਨੂੰ ਆਪਣੀ ਰਚਨਾ ਵਿੱਚ ਲੁਕੋ ਨਹੀਂ ਸਕਦਾ ਸਗੋਂ ਕਿਸੇ ਵੀ ਕਿਸਮ ਦੇ ਖੇਤਰਵਾਦ ਜਾਂ ਧਾਰਮਿਕ ਚਖੌਟਿਆਂ ਤੋਂ ਉੱਪਰ ਉੱਠ ਕੇ ਹਰੇਕ ਮਨੁੱਖ ਨੂੰ ਇੱਕ ਮਨੁੱਖ ਵਾਂਗ ਵੇਖਣ ਵਾਲਾ ਉਨ੍ਹਾਂ ਦਾ ਦ੍ਰਿਸ਼ਟੀਕੋਣ ਉਨ੍ਹਾਂ ਦੀ ਵਾਰਤਕ ਵਿੱਚ ਸਪਸ਼ਟਤਾ ਸਹਿਤ ਪ੍ਰਦਰਸ਼ਿਤ ਹੁੰਦਾ ਹੈ।

ਵਾਰਤਕ ਬਾਰੇ ਇੱਕ ਹੋਰ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਚੰਗੀ ਵਾਰਤਕ ਸਿਰਜਣਾ ਤੋਂ ਬਿਨਾ ਭਾਸ਼ਾ ਵਿਕਾਸ ਨਹੀਂ ਕਰਦੀ। ਵਾਰਤਕ ਨੇ ਜਿੱਥੇ ਬਹੁਤ ਸਾਰੀ ਰਵਾਇਤੀ ਅਤੇ ਨਿਵੇਕਲੀ ਸ਼ਬਦਾਵਲੀ ਨੂੰ ਆਪਣੇ ਵਿੱਚ ਸਮੋਣਾ ਹੁੰਦਾ ਹੈ ਉੱਥੇ ਹੀ ਨਵ-ਰੁਝਾਨਾਂ ਦੇ ਅਨੁਕੂਲ ਸ਼ਬਦਾਂ ਲਈ ਵੀ ਬਣਦੀ ਸਪੇਸ ਪੈਦਾ ਕਰਨੀ ਹੁੰਦੀ ਹੈ।
ਇਸੇ ਲੜੀ ਵਿੱਚ ਪ੍ਰਸਿੱਧ ਨਾਵਲਕਾਰ ਅਤੇ ਚਿੰਤਕ ਬਲਵੀਰ ਪਰਵਾਨਾ ਵੱਲੋਂ ਆਪਣਾ ਇੱਕ ਭਾਸ਼ਣ ਸਾਹਤਿਕ ਪੱਤਰਕਾਰੀ ਦੇ ਪ੍ਰਸੰਗ ਵਿੱਚ ਦਿੱਤਾ ਗਿਆ। ਉਨ੍ਹਾਂ ਵੱਲੋਂ ਆਪਣੇ ਨਿੱਜੀ ਅਨੁਭਵਾਂ ਨੂੰ ਅਧਾਰ ਬਣਾ ਕੇ ਦੱਸਿਆ ਕਿ ਇਸ ਤਰ੍ਹਾਂ ਦੀ ਪੱਤਰਕਾਰੀ ਦਾ ਆਮ ਪੱਤਰਕਾਰੀ ਨਾਲੋਂ ਕੀ ਫਰਕ ਹੈ ਅਤੇ ਕੀ ਸਮਾਨਤਾਵਾਂ ਹਨ। ਪੰਜਾਬੀ ਅਖ਼ਬਾਰ ਨਵਾਂ ਜ਼ਮਾਨਾ ਦੇ ‘ਐਤਵਾਰਤਾ’ ਅੰਕ ਨੂੰ ਹਾਸਿਲ ਹੋਈ ਮਕਬੂਲੀਅਤ ਦੇ ਹਵਾਲੇ ਨਾਲ ਉਨ੍ਹਾਂ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਬਿਨਾ ਕਿਸੇ ਪੱਤਰਕਾਰੀ ਵਾਲੇ ਪਿਛੋਕੜ ਅਤੇ ਬਿਨਾ ਕਿਸੇ ਪ੍ਰੋਫ਼ੈਸ਼ਨਲ ਡਿਗਰੀ ਤੋਂ ਹੀ ਉਨ੍ਹਾਂ ਵੱਲੋਂ ਇਹ ਕਾਰਜ ਸ਼ੁਰੂ ਕੀਤਾ ਗਿਆ ਸੀ ਪਰ ਆਪਣੀ ਲਗਨ ਸਦਕਾ ਉਹ ਇਸ ਮੁਕਾਮ ਤੱਕ ਪਹੁੰਚ ਗਏ ਕਿ ਸਾਹਤਿਕ ਪੱਤਰਕਾਰੀ ਵਿੱਚ ਉਨ੍ਹਾਂ ਨੂੰ ਇੱਕ ਵੱਖਰੀ ਪਛਾਣ ਹਾਸਿਲ ਹੋਈ ਹੈ। ਗੁਰਤੇਜ ਕੋਹਾਰਵਾਲਾ ਵੱਲੋਂ ਆਪਣੀ ਰਚਨਾ ਪ੍ਰਕਿਰਿਆ ਬਾਰੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਕਿਹੜੇ ਪਲ ਉਨ੍ਹਾਂ ਨੂੰ ਕਾਵਿਤਕਾ ਪ੍ਰਦਾਨ ਕਰਦੇ ਹਨ ਅਤੇ ਉਹ ਕਿਸ ਤਰ੍ਹਾਂ ਰਚਨਾ ਕਰਦੇ ਹਨ। ਉਨ੍ਹਾਂ ਆਪਣੇ ਇੱਕ ਸ਼ੇਅਰ ਦੇ ਹਵਾਲੇ ਨਾਲ ਦੱਸਿਆ ਕਿ ਕਿਵੇਂ ਕੋਈ ਇੱਕ ਸ਼ੇਅਰ ਭਾਵੇਂ ਲੋਕਾਂ ਵਿੱਚ ਮਕਬੂਲੀਅਤ ਵੀ ਹਾਸਿਲ ਕਰ ਲਵੇ ਪਰ ਉਸ ਦੇ ਰਚਣਹਾਰੇ ਨੂੰ ਇੱਕ ਸਮੇਂ ਬਾਅਦ ਇਹ ਅਹਿਸਾਸ ਹੋ ਸਕਦਾ ਹੈ ਕਿ ਉਸ ਵਿੱਚ ਤਬਦੀਲੀ ਕੀਤੇ ਜਾਣ ਦੀ ਲੋੜ ਹੈ।

Leave a Reply

Your email address will not be published. Required fields are marked *