ਕੇਂਦਰ ਵਲੋਂ ਪੰਜਾਬ ਨਾਲ ਹੁੰਦੀ ਧੱਕੇਸ਼ਾਹੀ ਲਈ ਰਾਜਸੀ ਪਾਰਟੀਆਂ ਨੇ ਰਾਹ ਮੌਕਲੇ ਕੀਤੇ:ਬਾਬਾ ਬਲਬੀਰ ਸਿੰਘ ਅਕਾਲੀ
ਅੰਮ੍ਰਿਤਸਰ, 29 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) – ਚੰਡੀਗੜ੍ਹ ਮੁਲਾਜਮ ਵਰਗ ਲਈ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਬਿਆਨ ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਪਹਿਲਾਂ ਵਿਸ਼ਾਲ ਪੰਜਾਬ ਨੂੰ ਕੱਟ ਕੇ ਦੋ ਹੋਰ ਪ੍ਰਾਂਤ ਹਿਮਾਚਲ ਤੇ ਹਰਿਆਣਾ ਬਣਾ ਦਿੱਤੇ ਗਏ, ਫਿਰ ਏਸੇ ਪੰਜਾਬ ਤੋਂ ਪੰਜਾਬੀ ਬੋਲਦੇ ਇਲਾਕੇ ਵੀ ਖੋਹ ਲਏ ਗਏ, ਦਰਿਆਈ ਪਾਣੀਆਂ ਬਹਾਨੇ ਪੰਜਾਬ ਨੂੰ ਲੁਟਿਆ ਕੁਟਿਆ ਗਿਆ, ਉਤੋਂ ਹੋਰ ਕਹਿਰ ਕਿ ਭਾਖੜਾ ਡੈਮ ਦਾ ਕੰਟਰੋਲ ਵੀ ਕੇਂਦਰ ਨੇ ਆਪਣੇ ਹੱਥ ਲੈ ਲਿਆ।ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਗਿਆ।ਕਿਉਂਕਿ ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਰਾਜਧਾਨੀ ਤੇ ਵੀ ਕੇਂਦਰ ਮੱਲ ਮਾਰੀ ਬੈਠਾ ਹੈ।ਹੁਣ ਕੇਂਦਰ ਦੇ ਗ੍ਰਹਿ ਮੰਤਰੀ ਸ੍ਰੀ ਅਮਿਤਸ਼ਾਹ ਵਲੋਂ ਦਿੱਤੇ ਬਿਆਨ ਨਾਲ ਭਾਜਪਾ ਦਾ ਪੰਜਾਬ ਪ੍ਰਤੀ ਕੀ ਰਵੱਇਆ ਹੈ ਉਹ ਬਿੱਲੀ ਥੈਲਿਓ ਬਾਹਰ ਆ ਗਈ ਹੈ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਦੀਆਂ ਕੇਂਦਰੀ ਸਰਕਾਰਾਂ ਪੰਜਾਬ ਨਾਲ ਹਮੇਸ਼ਾਂ ਧੱਕਾ ਤੇ ਬੇਇਨਸਾਫੀ ਕਰਦੀਆਂ ਆਈਆਂ ਹਨ।ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ।ਫਿਰ ਇਸ ਨੂੰ ਪੰਜਾਬ ਤੋਂ ਕਿਵੇਂ ਤੇ ਕਿਸ ਤਰਾਂ੍ਹ ਅਲੱਗ ਕੀਤਾ ਜਾਵੇ, ਇਸ ਬਾਰੇ ਸਮੇਂ ਸਮੇਂ ਯੋਜਨਾਵਾਂ ਘੜੀਆਂ ਜਾਂਦੀਆਂ ਰਹੀਆਂ ਹਨ।ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਲਈ ਬਨਾਈ ਰਾਜਧਾਨੀ ਨੂੰ ਪੰਜਾਬ ਤੋਂ ਖੋਹਿਆ ਗਿਆ ਫਿਰ ਪੰਜਾਬੀ ਬੋਲੀ ਦਾ ਨਿਸ਼ਾਨ ਮਟਾਉਣ ਦੇ ਜਤਨ ਕੀਤੇ ਗਏ ਤੇ ਹੁਣ ਇਸ ਨੂੰ ਪੱਕੇ ਤੌਰ ਤੇ ਹੀ ਪੰਜਾਬ ਤੋਂ ਦੂਰ ਕਰਨ ਦੇ ਜਤਨ ਹੋ ਰਹੇ ਹਨ।ਉਨ੍ਹਾਂ ਹੋਰ ਕਿਹਾ ਕਿ ਜਿਵੇਂ ਚੰਡੀਗੜ੍ਹ ਖੋਹਿਆ ਗਿਆ ਹੈ ਉੇਥੇ ਭਾਖੜਾ ਨੰਗਲ ਦਾ ਪੂਰਾ ਕੰਟਰੋਲ ਵੀ ਕੇਂਦਰ ਨੇ ਆਪਣੇ ਹੱਥ ਲੈ ਲਿਆ ਹੈ।ਲਾਹੌਰ ਤੋਂ ਚੰਡੀਗੜ੍ਹ ਲਿਆਂਦੀ ਪੰਜਾਬ ਯੂਨੀਵਰਸਿਟੀ ਦਾ ਸਰੂਪ ਵੀ ਕੇਂਦਰੀ ਸ਼ਕਤੀ ਕਾਰਨ ਵਿਗੜ ਗਿਆ ਉਸ ਵਿੱਚੋਂ ਪੰਜਾਬੀਅਤ ਗਾਇਬ ਹੈ।ਪੰਜਾਬ ਦਿਨੋ ਦਿਨ ਸੀਮਤ ਛੋਟਾ ਤੇ ਦੁਰਬਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਪੰਜਾਬੀਅਤ ਮਰਦੀ ਨਜ਼ਰ ਆ ਰਹੀ ਹੈ।ਅਮਿਤ ਸ਼ਾਹ ਦਾ ਚੰਡੀਗੜ੍ਹ ਦੇ ਮੁਲਾਜਮ ਵਰਗ ਲਈ ਦਿੱਤਾ ਬਿਆਨ ਮੰਦਭਾਗਾ ਹੈ ਅਤੇ ਇਸ ਗੱਲ ਦਾ ਸੰਕੇਤ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਕਦੀ ਨਹੀਂ ਦਿੱਤਾ ਜਾ ਸਕਦਾ।ਉਨ੍ਹਾਂ ਕਿਹਾ ਪੰਜਾਬ ਨੂੰ ਦਿਨੋ ਦਿਨ ਲੱਗ ਰਹੇ ਖੋਰੇ ਲਈ ਅਸਲ ਵਿੱਚ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਹੀ ਜੰਮੇਵਾਰ ਹਨ।ਜਿਹੜੀਆਂ ਪਾਰਟੀਆਂ ਪੰਜਾਬ ਹਤੈਸੀ ਅਖਵਾਉਂਦੀਆਂ ਸੀ ਉਹ ਵੀ ਸੁਹਿਰਦਤਾ ਨਾਲ ਪੰਜਾਬ ਪ੍ਰਤੀ ਜਤਨ ਨਹੀਂ ਕਰ ਸਕੀਆਂ ਜਿਸ ਦੇ ਸਿੱਟੇ ਵਜੋਂ ਪੰਜਾਬੀਆਂ ਨੇ ਇੱਕ ਨਵਾਂ ਬਦਲ ਅਪਨਾ ਲਿਆ।

