ਪੰਜਾਬਪਟਿਆਲਾ

ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ’ ਵੱਲੋਂ ਬਲੂ-ਏਵਜ਼ ਈ-ਹੈਲਥ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਇਕਰਾਰਨਾਮਾ

ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਿਤ ‘ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ’ ਵੱਲੋਂ ਬਲੂ-ਏਵਜ਼ ਈ-ਹੈਲਥ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਇੱਕ ਇਕਰਾਰਨਾਮਾ ਕੀਤਾ ਗਿਆ। ਇਸ ਇਕਰਾਰਨਾਮੇ ਉੱਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦਸਤਖ਼ਤ ਕੀਤੇ ਅਤੇ ਬਲੂ-ਏਵਜ਼ ਕੰਪਨੀ ਵੱਲੋਂ ਸੀ.ਈ.ਓ. ਹਰਪਿੰਦਰ ਪਾਲ ਵੱਲੋਂ ਦਸਤਖ਼ਤ ਕੀਤੇ ਗਏ। ‘ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ’ ਦੇ ਚੇਅਰਮੈਨ ਪ੍ਰੋ. ਬਲਰਾਜ ਨੇ ਦੱਸਿਆ ਕਿ ਇਹ ਇਕਰਾਰਨਾਮਾ ਇਸ ਕੇਂਦਰ ਦੇ ਆਈ.ਟੀ. ਵਰਟੀਕਲ ਅਧੀਨ ਕੀਤਾ ਗਿਆ ਹੈ। ਇਸ ਤਹਿਤ ਇਹ ਕੰਪਨੀ ਯੂਨੀਵਰਸਿਟੀ ਵਿੱਚ ਆਪਣਾ ਆਰਟੀਫੀਸ਼ੀਅਲ ਇੰਟੈਲੀਜੰਸ ਅਤੇ ਮਸ਼ੀਨ ਲਰਨਿੰਗ ਨਾਲ ਸੰਬੰਧਤ ਇੱਕ ਸੈੱਟ-ਅਪ ਸਥਾਪਿਤ ਕਰੇਗੀ ਜਿਸ ਦੇ ਯੂਨੀਵਰਸਿਟੀ ਨੂੰ ਬਹੁਤ ਸਾਰੇ ਲਾਭ ਹੋਣਗੇ।

ਮੁੱਖ ਰੂਪ ਵਿੱਚ ਇਹ ਇਕਰਾਰਨਾਮਾ ਇੰਡਸਟਰੀ ਨਾਲ ਜੁੜਨ ਵਜੋਂ ਕਾਰਗਰ ਭੂਮਿਕਾ ਨਿਭਾਏਗਾ। ਇਸ ਕੰਪਨੀ ਦੇ ਸੈੱਟ-ਅਪ ਵਿੱਚ ਉਪਲਬਧ ਮਾਹਿਰ ਪੰਜਾਬੀ ਯੂਨੀਵਰਸਿਟੀ ਨੂੰ ਆਪਣੀਆਂ ਹਰ ਸੰਭਵ ਸੇਵਾਵਾਂ ਲਈ ਉਪਲਬਧ ਰਹਿਣਗੇ। ਇੰਡਸਟਰੀ ਦੇ ਤਾਜ਼ਾ ਰੁਝਾਨਾਂ ਅਤੇ ਲੋੜਾਂ ਅਨੁਸਾਰ ਪਾਠਕ੍ਰਮਾਂ ਨੂੰ ਤਿਆਰ ਕਰਨ ਵਿੱਚ ਵੀ ਇਹ ਮਾਹਿਰ ਮਦਦ ਕਰਨਗੇ। ਇਸ ਤੋਂ ਇਲਾਵਾ ਵੱਖ-ਵੱਖ ਕੋਰਸਾਂ ਵਿੱਚ ਅਧਿਆਪਨ ਅਤੇ ਖੋਜ ਲਈ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਣਗੀਆਂ। ਇੰਡਸਟਰੀ ਨਾਲ ਸੰਬੰਧਤ ਵੱਖ-ਵੱਖ ਪੱਖਾਂ ਬਾਰੇ ਵੈਬੀਨਾਰ ਆਦਿ ਦਾ ਆਯੋਜਨ ਹੋ ਸਕੇਗਾ। ਵਿਦਿਆਰਥੀਆਂ ਨੂੰ ਰੁਜ਼ਗਾਰ ਹਾਸਿਲ ਕਰਨ ਵਿੱਚ ਵੀ ਇਸ ਨਾਲ ਮਦਦ ਮਿਲੇਗੀ ਕਿਉਂਕਿ ਪਲੇਸਮੈਂਟ ਅਤੇ ਇੰਟਰਨਸਿ਼ਪ ਵਿੱਚ ਇਸ ਕੰਪਨੀ ਵੱਲੋਂ ਆਪਣੀ ਮਦਦਗਾਰ ਵਾਲੀ ਭੂਮਿਕਾ ਨਿਭਾਈ ਜਾਵੇਗੀ। ਕੰਪਨੀ ਵੱਲੋਂ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰਾਜੈਕਟਾਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫ਼ੈਕਲਟੀ ਦੀ ਸ਼ਮੂਲੀਅਤ ਦੀਆਂ ਵੀ ਸੰਭਾਵਨਾਵਾਂ ਪੈਦਾ ਹੋਣਗੀਆਂ।

ਇਕਰਾਰਨਾਮੇ ਦੀ ਰਸਮ ਸਮੇਂ ਬੋਲਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਅਜਿਹਾ ਹੋਣ ਨਾਲ ਪੰਜਾਬੀ ਯੂਨੀਵਰਸਿਟੀ ਨੂੰ ਨਿਸ਼ਚੇ ਹੀ ਲਾਭ ਪਹੁੰਚੇਗਾ ਕਿਉਂਕਿ ਯੂਨੀਵਰਸਿਟੀ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਇੰਡਸਟਰੀ ਦੇ ਰੁਝਾਨਾਂ ਅਤੇ ਲੋੜਾਂ ਬਾਰੇ ਜਾਣੂ ਕਰਵਾਏ। ਇਸ ਮੰਚ ਰਾਹੀਂ ਵਿਦਿਆਰਥੀਆਂ ਨੂੰ ਇਸ ਦਿਸ਼ਾ ਵਿੱਚ ਵਧੇਰੇ ਮਦਦ ਮਿਲ ਸਕਦੀ ਹੈ। ਇਸ ਮੌਕੇ ਇਸ ਕੰਪਨੀ ਦੀ ਸਹਾਇਕ ਕੰਪਨੀ ਆੱਲ-ਫ਼ੌਰ-ਔਰਗੈਨਿਕ ਦੇ ਸੀ.ਈ.ਓ. ਸ੍ਰ. ਸੁਖਵਿੰਦਰ ਸਿੰਘ ਨੇ ਵੀ ਸਿ਼ਰਕਤ ਕੀਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਕੰਪਨੀ ਵੱਲੋਂ ਸੰਗਰੂਰ ਵਿਖੇ ਆਪਣਾ ਕੇਂਦਰ ਖੋਲ੍ਹਿਆ ਗਿਆ ਹੈ ਜਿਸ ਰਾਹੀਂ ਦਾਲ਼ਾਂ ਤੇਲ ਆਦਿ ਦੇ ਨਿਰਮਾਣ ਜਿੱਥੇ ਆਰਗੈਨਿਕ ਖੇਤੀ ਰਾਹੀਂ ਤਿਆਰ ਕਰਵਾਏ ਜਾਂਦੇ ਹਨ ਉੱਥੇ ਹੀ ਇਸ ਸਾਰੇ ਨਿਰਮਾਣ ਕਾਰਜ ਵਿੱਚ ਕਿਸਾਨਾਂ ਦੇ ਮੁਨਾਫ਼ੇ ਨੂੰ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਵੱਲੋਂ ਆਪਣੇ ਕੁੱਝ ਪ੍ਰੋਡਕਟਸ ਨੂੰ ਇਸ ਮੌਕੇ ਪ੍ਰਦਰਸਿ਼ਤ ਵੀ ਕੀਤਾ ਗਿਆ।

ਇਸ ਮੌਕੇ ਯੂ.ਐੱਸ.ਏ. ਤੋਂ ਪਹੁੰਚੇ ਸ੍ਰ.ਕੁਲਮੀਤ ਸਿੰਘ, ਵੱਲੋਂ ‘ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ’ ਦੀ ਸਥਾਪਨਾ ਨੂੰ ਇਕ ਅਹਿਮ ਕਦਮ ਦਸਦਿਆਂ ਕਿਹਾ ਕਿ ਇਸ ਨਾਲ ਪੇਂਡੂ ਖੇਤਰ ਵਿੱਚ ਕਾਰੋਬਾਰ ਅਤੇ ਰੁਜ਼ਗਾਰ ਪੈਦਾ ਹੋਵੇਗਾ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਇਸ ਕੇਂਦਰ ਵੱਲੋਂ ਇਸ ਦਿਸ਼ਾ ਵਿੱਚ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਨਾਲ ਹੀ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਹੋਰ ਵਧੇਰੇ ਕੰਪਨੀਆਂ ਇਸ ਕੇਂਦਰ ਨਾਲ ਸਾਂਝੇਦਾਰੀ ਕਾਇਮ ਕਰਨਗੀਆਂ ਜਿਸ ਨਾਲ ਪੰਜਾਬੀ ਯੂਨੀਵਰਸਿਟੀ ਰਾਹੀਂ ਪੇਂਡੂ ਖੇਤਰ ਨੂੰ ਲਾਭ ਪਹੁੰਚੇਗਾ। ਪ੍ਰੋ. ਵਿਸ਼ਾਲ ਗੋਇਲ ਨੇ ਦੱਿਸਆ ਕਿ ਬਲੂ-ਏਵਜ਼ ਕੰਪਨੀ ਦੀ ਕੌਮਾਂਤਰੀ ਪੱਧਰ ਉੱਤੇ ਪਹੁੰਚ ਹੋਣ ਕਾਰਨ ਵੀ ਯੂਨੀਵਰਸਿਟੀ ਨੂੰ ਇਸ ਸਾਂਝੇਦਾਰੀ ਦਾ ਵਿਸ਼ੇਸ਼ ਲਾਭ ਮਿਲੇਗਾ।

Leave a Reply

Your email address will not be published. Required fields are marked *