ਪੰਜਾਬ

ਗੁਰਬਾਣੀ ਅਨੁਸਾਰ ਧਰਤੀ ਨੂੰ ਮਾਂ ਦਾ ਦਰਜ਼ਾ ਦਿੱਤੇ ਬਿਨਾਂ ਮਨੁੱਖ ਦਾ ਭਲਾ ਨਹੀ ਹੋ ਸਕਦਾ:- ਸੰਤ ਸੀਚੇਵਾਲ

ਬਾਬੇ ਨਾਨਕ ਦੀ ਵੇਈਂ ਕਿਨਾਰੇ ਬੂਟੇ ਲਗਾ ਕੇ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ

ਜੇਕਰ ਧਰਤੀ ਤੰਦਰੁਸਤ ਰਹੇਗੀ ਤਾਂ ਹੀ ਮਨੁੱਖ ਵੀ ਤੰਦਰੁਸਤ ਰਹਿ ਸਕੇਗਾ

ਸੁਲਤਾਨਪੁਰ ਲੋਧੀ, 22 ਅਪ੍ਰੈਲ (ਮਧੂਸਾਰ ਬਿਊਰੋ) ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ਕਿਨਾਰੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਬੂਟਾ ਲਗਾ ਕੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਹਨਾਂ ਬੂਟਿਆਂ ਵਿਚ ਫਲਾਂ ਤੇ ਸਦਾਬਾਹਰ ਬੂਟੇ ਸ਼ਾਮਿਲ ਸੀ। ਇਹ ਬੂਟੇ ਸੰਗਤਾਂ ਦੇ ਸਹਿਯੋਗ ਨਾਲ ਸਾਫ ਕੀਤੀ 165 ਕਿਲੋਮੀਟਰ ਪਵਿੱਤਰ ਵੇਈ ਕਿਨਾਰੇ ਬਣੀ ਪਾਰਕ ਅਤੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਦੀ ਪਾਰਕ ਵਿਚ ਲਗਾਏ ਗਏ। ਇਸ ਮੌਕੇ ਸੰਤ ਸੀਚੇਵਾਲ ਨੇ ਗੁਰਸੰਗਤਾਂ ਨੂੰ ਵਿਸ਼ਵ ਧਰਤੀ ਦਿਵਸ ਨੂੰ ਮਨਾਉਣ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਗੁਰਬਾਣੀ ਅਨੁਸਾਰ ਧਰਤੀ ਨੂੰ ਮਾਂ ਦਾ ਦਰਜ਼ਾ ਦਿੱਤੇ ਬਿਨਾਂ ਮਨੁੱਖ ਦਾ ਭਲਾ ਨਹੀ ਹੋ ਸਕਦਾ। ਸਾਡੇ ਜ਼ਹਿਰੀਲੇ ਹੁੰਦੇ ਦਰਿਆ, ਜਿੱਥੇ ਸੁੱਕਦੇ ਜਾ ਰਹੇ ਹਨ ਉੱਥੇ ਹੀ ਮੁੱਕਦੇ ਜਾ ਰਹੇ ਹਨ। ਗੰਦਗੀ ਅਤੇ ਪ੍ਰਦੂਸ਼ਣ ਦੇ ਖਾਤਮੇ ਵਾਸਤੇ ਲੋਕਲ ਬਾਡੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਇੱਛਾਸ਼ਕਤੀ ਤੇ ਤਾਲਮੇਲ ਹੋਣਾ ਬਹੁਤ ਜਰੂਰੀ ਹੈ, ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਵੀ ਬਹੁਤ ਜ਼ਰੂਰੀ ਹਨ ਤਾਂ ਹੀ ਧਰਤੀ ‘ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਵਾਰ ਜਲਵਾਯੂ ਪਰਿਵਰਤਨ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਅਪ੍ਰੈਲ ਮਹੀਨੇ ਵਿਚ ਹੀ ਤਾਪਮਾਨ 40 ਦੇ ਕਰੀਬ ਪਹੁੰਚ ਚੁੱਕਾ ਹੈ ਪਰ ਫਿਰ ਵੀ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਵਿਿਗਆਨਿਕ ਤੇ ਮਾਹਿਰ ਲੜਾਈ ਦੌਰਾਨ ਤਬਾਹੀ ਲਈ ਤਾਂ ਬਹੁਤ ਕੁਝ ਬਣਾਈ ਜਾ ਰਹੇ ਹਨ ਪਰ ਮਨੁੱਖੀ ਜੀਵਨ ਦੇ ਬਚਾਅ ਲਈ ਹੱਥ ਖਾਲੀ ਹਨ। ਨਤੀਜਾ ਇਹ ਹੈ ਕਿ ਕਰੋਨਾ ਦੌਰਾਨ ਆਪਣੇ ਆਪ ਨੂੰ ਸ਼ਕਤੀਸ਼ਾਲੀ ਤੇ ਤਾਕਤਵਰ ਦੇਸ਼ ਅਖਵਾਉਣ ਵਾਲੇ ਵੀ ਮੂਕਦਰਸ਼ਨ ਬਣ ਗਏ ਸੀ। ਸਾਡੇ ਕੋਲ ਨਾ ਤਾਂ ਉਸ ਵੇਲੇ ਆਕਸੀਜਨ ਸੀ ਤੇ ਨਾ ਹੀ ਲੋੜੀਦਾ ਮਾਤਰਾ ਵਿਚ ਮਨੱੁਖੀ ਜੀਵਨ ਦੇ ਬਚਾਅ ਦਾ ਸਮਾਨ।

ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਅਸੀ ਪੰਜਾਬ ਦੀ ਆਬੋ ਹਵਾ ਤੇ ਪਾਣੀਆਂ ਨੂੰ ਗੰਧਲੇ ਕਰ ਲਿਆ ਹੈ ਤੇ ਧਰਤੀ ਨੂੰ ਜ਼ਹਿਰੀਲੀ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਮਨੁੱਖ ਨੇ ਕਾਦਰ ਦੀ ਕੁਦਰਤ ਦਾ ਵੱਡੇ ਪੱਧਰ ‘ਤੇ ਵਿਨਾਸ਼ ਕੀਤਾ ਹੈ। ਕਈ ਤਰ੍ਹਾਂ ਦੇ ਜਲਚਰ ਜੀਵ, ਪੰਛੀ, ਪਸ਼ੂ, ਵਨਸਪਤੀ ਦੀਆਂ ਅਨੇਕਾਂ ਹੀ ਕਿਸਮਾਂ ਇਸ ਧਰਤੀ ਤੋਂ ਜਲਵਾਯੂ ਤਬਦੀਲੀ ਕਾਰਨ ਅਲੋਪ ਹੋ ਚੁੱਕੀਆਂ ਹਨ। ਇਸ ਛੇੜ ਛਾੜ ਕਾਰਨ ਮਨੁੱਖ ਭਿਆਨਕ ਬਿਮਾਰੀਆਂ ਨਾਲ ਮਰ ਰਿਹਾ ਹੈ। ਹੁਣ ਕਰੋਨਾ ਮਹਾਂਮਾਰੀ ਦੀ ਜਕੜ ਵਿੱਚ ਆ ਸਾਰੀ ਮਨੁੱਖਤਾ ਵਿੱਚ ਤਰਥਲੀ ਮੱਚ ਗਈ ਹੈ। ਇਸ ਸੰਕਟ ਵਿੱਚੋਂ ਨਿਕਲਣ ਲਈ ਸਾਂਝੇ ਤੌਰ ‘ਤੇ ਹੰਭਲਾ ਮਾਰਨ ਦੀ ਲੋੜ ਹੈ। ਇਸ ਮੋਕੇ ਗੁਰਦੀਪ ਸਿੰਘ, ਅਮਰੀਕ ਸਿੰਘ, ਜਗਦੀਪ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ ਜੀਤਾ, ਪਰਮਜੀਤ ਸਿੰਘ, ਰਾਜਮੋਹਨ ਕੁਮਾਰ, ਸੇਰਪ੍ਰਤਾਪ ਸਿੰਘ ਪੰਨੂ, ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚੇ ਗੁਰਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।

ਬਾਕਸ ਆਈਟਮ:- ਅਸੀਂ ਵਿਸ਼ਵ ਪੱਧਰ ‘ਤੇ ਤਾਂ ਪਾਣੀ, ਧਰਤੀ, ਵਾਤਾਵਰਣ ਸਮੇਤ ਅਨੇਕਾਂ ਹੀ ਦਿਵਸ ਮਨਾਉਂਦੇ ਹਾਂ ਪਰ ਹਕੀਕੀ ਤੌਰ ‘ਤੇ ਅਸੀਂ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਹਾਂ। ਪੰਜਾਬ ਦੀ ਧਰਤੀ ਤੇ ਅੱਜ ਨਾ ਤਾ ਹਵਾ ਸ਼ੁੱਧ ਰਹੀ ਹੈ ਤੇ ਨਾ ਹੀ ਧਰਤੀ ਤੇ ਪਾਣੀ। ਇਹ ਦਿਹਾੜੇ ਸਿਰਫ ਇਕ ਦਿਨ ਮਨਾ ਕੇ ਮੌਜੂਦਾ ਹਲਾਤਾਂ ਨੂੰ ਨਹੀ ਬਦਲਿਆ ਜਾ ਸਕਦਾ। ਦੁਨੀਆ ਦੇ ਮੌਜੂਦਾ ਹਾਲਾਤ ਬਹੁਤ ਵਿਘੜ ਗਏ ਹਨ। ਜਿਸ ਨਾਲ ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ। ਇਸ ਲਈ ਧਰਤੀ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਲਈ ਸਮੂਹਿਕ ਹਭਲੇ ਦੀ ਲੋੜ ਹੈ।

Leave a Reply

Your email address will not be published. Required fields are marked *