ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਮਹਿੰਗਾਈ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ
ਮਹਿੰਗਾਈ ਕਰਕੇ ਹਰੇਕ ਵਰਗ ਦੇ ਲੋਕਾਂ ਦਾ ਜਿਊਣਾ ਹੋਇਆ ਦੁੱਬਰ- ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)– ਦੇਸ਼ ਤੇ ਪੰਜਾਬ ਸੂਬੇ ਅੰਦਰ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਰੋਸ ਵੱਜੋਂ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮਹਿੰਗਾਈ ਨੇ ਆਪਣੀ ਰਫਤਾਰ ਨੂੰ ਤੇਜ ਕੀਤਾ ਹੋਇਆ ਹੈ ਜਿਸ ਦੀ ਮਾਰ ਹਰੇਕ ਵਰਗ ਦੇ ਪਰਿਵਾਰਾਂ ਨੂੰ ਝੱਲਣੀ ਪੈ ਰਹੀ ਹੈ। ਮਹਿੰਗਾਈ ਦੇ ਚਲਦਿਆਂ ਹਰੇਕ ਵਰਗ ਦੇ ਲੋਕਾਂ ਨੂੰ ਆ ਰਹੀਆਂ ਆਰਥਿਕ ਸਮੱਸਿਆਂਵਾਂ, ਤੰਗੀਆਂ ਪ੍ਰੇਸ਼ਾਨੀਆਂ ਨਾਲ ਜੂਝਣਾ ਪੈ ਰਿਹਾ ਹੈ। ਰੋਜ਼ਾਨਾ ਖਾਣ- ਪੀਣ ਦੇ ਰਾਸ਼ਨ ਸਮੱਗਰੀ ਦੀਆਂ ਕੀਮਤਾਂ ਚੋਂ ਬੇਹਿਸਾਬ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦਾ ਸਮੇਂ ਖਾਣ ਪੀਣ ਵਾਲੀਆਂ ਵਸਤੂਆਂ ਦੇ ਮੁੱਲ਼ ਦੁਗਣੇ ਹੋ ਗਏ ਹਨ। ਅੱਜ ਕਰਿਆਨਾ, ਸਬਜੀਆਂ, ਫਲ, ਰਸੋਈ ਗੈਸ, ਪੈਟਰੋਲ ਤੇ ਡੀਜ਼ਲ ਆਦਿ ਦੀਆਂ ਆਸਮਾਨ ਨੂੰ ਛੂਹ ਰਹੀਆਂ ਕੀਮਤਾਂ ਹਰ ਵਰਗ ਦੇ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਲਿਆਉਣ ਦਾ ਕੰਮ ਕਰ ਰਹੀਆਂ ਹਨ।
ਜਿਸ ਕਾਰਨ ਹਰੇਕ ਵਰਗ ਦੇ ਲੋਕਾਂ ਦਾ ਜਿਊਣਾ ਦੁੱਬਰ ਹੋ ਗਿਆ ਹੈ। ਕੁੱਲ ਮਿਲਾਕੇ ਹਰੇਕ ਲੋੜੀਂਦੀ ਚੀਜ਼ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਜਿਸ ਨੇ ਲੋਕਾਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ ਹਨ। ਮਹਿੰਗਾਈ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਪੈਟਰੋਲ, ਡੀਜ਼ਲ ਤੇ ਵੈਟ ਟੈਕਸ ਘਟਾਵੇ ਤਾਂ ਜੋ ਪੰਜਾਬ ਦੇ ਲੋਕਾਂ ਤੇ ਪੈ ਰਿਹਾ ਵਿੱਤੀ ਭਾਰ ਕੁੱਝ ਘੱਟ ਸਕੇ। ਮਹਿੰਗਾਈ ਤੇ ਨਕੇਲ ਪਾਉਣ ਲਈ ਸਰਕਾਰਾਂ ਵੱਲੋਂ ਕੋਈ ਵੀ ਗੰਭੀਰਤਾ ਨਹੀਂ ਵਿਖਾਈ ਜਾ ਰਹੀ। ਜਦੋਂ ਕਿ ਮਹਿੰਗਾਈ ਨੂੰ ਰੋਕਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ। ਜਦੋਂ ਕਿ ਸਰਕਾਰਾਂ ਨੂੰ ਮਹਿੰਗਾਈ ਤੇ ਨੱਥ ਪਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਮਹਿੰਗਾਈ ਨੂੰ ਕਾਬੂ ਪਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਤੁਰੰਤ ਸਖਤ ਕਦਮ ਚੁੱਕਣ। ਇਸ ਮੌਕੇ ਗੋਬਿੰਦ ਜਸਵਾਲ, ਸੁਦਾਗਰ ਖਾਨ, ਜੋਰਾ ਸਿੰਘ, ਨਰਿੰਦਰ ਪਾਲ ਸਿੰਘ, ਰਵੀ ਕੁਮਾਰ, ਕਮਲਜੀਤ ਸਿੰਘ , ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਚਰਨਜੀਤ ਸਿੰਘ, ਸਤਪਾਲ ਸਿੰਘ, ਲਾਲ ਖਾਨ, ਪ੍ਰਕਾਸ਼ ਸਿੰਘ, ਕ੍ਰਿਸ਼ਨ ਕੁਮਾਰ, ਵਿਜੈ ਕੁਮਾਰ, ਹਰਜੋਤ ਸਿੰਘ, ਤਰੁਨ ਕੁਮਾਰ, ਜਗਮੀਤ ਸਿੰਘ, ਸੰਤ ਸਿੰਘ, ਆਦਿ ਹਾਜ਼ਰ ਸਨ।

