ਅੰਮ੍ਰਿਤਸਰ

ਖ਼ਾਲਸਾ ਕਾਲਜ ਵਿਖੇ ‘ਵਿਦਿਆਰਥੀਆਂ ਲਈ ਆਮਦਨ ਕਰ ਅਤੇ ਈ-ਫਾਈਲਿੰਗ ਦੀ ਰਿਟਰਨ ਸਬੰਧੀ ਵਰਕਸ਼ਾਪ’ ਲਗਾਈ ਗਈ

ਅੰਮ੍ਰਿਤਸਰ, 28 ਅਪ੍ਰੈਲ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਦੇ ਪੋਸਟ-ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ਵਿਦਿਆਰਥੀਆਂ ਲਈ ਕਾਮਰਸ ਵਿਭਾਗ ਦੀ ਕੰਪਿਊਟਰ ਲੈਬ ’ਚ ‘ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ’ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਲਗਾਈ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ਬਾਰੇ ਵਿਦਿਆਰਥੀਆਂ ਨੂੰ ਵਿਹਾਰਕ ਸਿਖਲਾਈ ਦੇਣਾ ਸੀ। ਇਸ ਵਰਕਸ਼ਾਪ ’ਚ ਸੀ. ਏ. ਸਾਹਿਲ ਸਚਦੇਵਾ ਨੇ ਮੁੱਖ ਮਹਿਮਾਨ ਅਤੇ ਸੀ. ਏ. ਨਈਆ ਸਚਦੇਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਸ ’ਚ ਸਾਹਿਲ ਸਚਦੇਵਾ ਮੁੱਖ ਬੁਲਾਰੇ ਸਨ। ਜਿਨ੍ਹਾਂ ਦਾ ਟੈਕਸ ਦੇ ਖੇਤਰ ’ਚ ਖ਼ਾਸਾ ਤਜ਼ਰਬਾ ਹੈ, ਨੇ ਵਿਦਿਆਰਥੀਆਂ ਨੂੰ ਆਈ. ਟੀ. ਆਰ.-1, ਟੀ. ਡੀ. ਐੱਸ., ਫਾਰਮ-26ਏ.ਐੱਸ., ਫਾਰਮ-16, ਫਾਰਮ-16ਏ, ਪੈਨ, ਪੇ ਰੋਲ ਪ੍ਰਕਿਰਿਆ, ਟੈਕਸ ਦਾ ਭੁਗਤਾਨ ਅਤੇ ਐਡਵਾਂਸ ਭਰਨ ਬਾਰੇ ਸਿੱਧੇ ਟੈਕਸ ਦੇ ਵੱਖ-ਵੱਖ ਪਹਿਲੂਆਂ ਸਬੰਧੀ ਵਿਹਾਰਕ ਗਿਆਨ ਪ੍ਰਦਾਨ ਕੀਤਾ। ਇਹ ਪ੍ਰੋਗਰਾਮ ਵਰਕਸ਼ਾਪ ਦੇ ਚੇਅਰਮੈਨ ਅਤੇ ਪ੍ਰਿੰ: ਡਾ. ਮਹਿਲ ਸਿੰਘ, ਐਚ. ਓ. ਡੀ. ਤੇ ਵਰਕਸ਼ਾਪ ਡਾਇਰੈਕਟਰ ਡਾ. ਏ. ਕੇ. ਕਾਹਲੋਂ, ਵਰਕਸ਼ਾਪ ਕੋਆਰਡੀਨੇਟਰ ਡਾ. ਦੀਪਕ ਦੇਵਗਨ, ਪ੍ਰੋ. ਰੀਮਾ ਸਚਦੇਵਾ ਅਤੇ ਡਾ. ਜਗਦੀਸ਼ ਕੌਰ ਦੇ ਸਹਿਯੋਗ ਨਾਲ ਬਹੁਤ ਹੀ ਵਿਉਂਤਬੱਧ ਅਤੇ ਸਲਾਹੁਣਯੋਗ ਢੰਗ ਨਾਲ ਉਲੀਕਿਆ ਗਿਆ।

ਇਸ ਦੇ ਉਦਘਾਟਨੀ ਸੈਸ਼ਨ ’ਚ ਡਾ. ਕਾਹਲੋਂ ਨੇ ਵਰਕਸ਼ਾਪ ਦੇ ਵਿਸ਼ੇ ’ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਟੈਕਸਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਹਾਰਕ ਗਿਆਨ ਪ੍ਰਾਪਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਕਿਉਂਕਿ ਇਹ ਉਨ੍ਹਾਂ ਦੇ ਪੇਸ਼ੇਵਰ ਕੈਰੀਅਰ ’ਚ ਲੰਬੇ ਸਮੇਂ ਤੱਕ ਸਹਾਈ ਸਿੱਧ ਹੋਵੇਗਾ। ਇਸ ਮੌਕੇ ਡਾ. ਦੇਵਗਨ ਨੇ ਵਰਕਸ਼ਾਪ ਦੀ ਮਹੱਤਤਾ ਨੂੰ ਉਜਾਗਰ ਕੀਤਾ ਕਿ ਇਸ 5 ਰੋਜ਼ਾ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਟੈਕਸੇਸ਼ਨ ਅਤੇ ਰਿਟਰਨ ਦੀ ਈ-ਫਾਈਲਿੰਗ ਦੇ ਵਿਹਾਰਕ ਗਿਆਨ ਨਾਲ ਭਰਪੂਰ ਕਰਨਾ ਹੈ। ਜਦ ਕਿ ਡਾ. ਰੀਮਾ ਸਚਦੇਵਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡਾ. ਜਗਦੀਸ਼ ਕੌਰ ਨੇ ਜਾਣ-ਪਛਾਣ ਕਰਵਾਈ। ਇਸ ਵਰਕਸ਼ਾਪ ’ਚ ਵਿਭਾਗ ਦੇ ਲਗਭਗ 125 ਵਿਦਿਆਰਥੀਆਂ ਨੇ ਭਾਗ ਲਿਆ। ਸਮਾਪਤੀ ਸੈਸ਼ਨ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਭਾਗ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੇ ਕੈਰੀਅਰ ’ਚ ਪ੍ਰਾਪਤ ਕੀਤੇ ਗਿਆਨ ਨੂੰ ਅਗਾਂਹ ਵਧਾਉਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *