‘ਆਪ’ ਵਿਧਾਇਕ ਗੱਜਣ ਮਾਜਰਾ ਦੇ ਟਿਕਾਣਿਆਂ ’ਤੇ ਸੀਬੀਆਈ ਦੀ ਰੇਡ, 40 ਕਰੋੜ ਦੀ ਧੋਖਾਧੜੀ ਦਾ ਮਾਮਲਾ
ਮਾਲੇਰਕੋਟਲਾ 7 ਮਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਸੀਬੀਆਈ ਨੇ ਛਾਪਾ ਮਾਰਿਆ ਹੈ। ਇਹ ਰੇਡ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਮਾਰੀ ਗਈ ਹੈ। ਦੱਸ ਦੇਈਏ ਕਿ ਗੱਜਣਮਾਜਰਾ ਪੰਜਾਬ ਦੇ ਅਮਰਗੜ੍ਹ ਹਲਕੇ ਤੋਂ ‘ਆਪ’ ਵਿਧਾਇਕ ਹਨ।
ਉਨ੍ਹਾਂ ਦੀ ਰਿਹਾਇਸ਼ ਸਣੇ ਸੰਗਰੂਰ ਵਿੱਚ ਤਿੰਨ ਟਿਕਾਣਿਆਂ ਦੀ ਤਲਾਸੀ ਲਈ ਜਾ ਰਹੀ ਹੈ। ਅਮਰਗੜ੍ਹ ਦੇ ਵਿਧਾਇਕ ਖਿਲਾਫ਼ ਦਰਜ ਕੇਸ ਦੇ ਸਬੰਧ ਵਿੱਚ ਸੰਗਰੂਰ ਜ਼ਿਲ੍ਹੇ ਦੇ ਮਾਲੇਰਕੋਟਲਾ ਇਲਾਕੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿੱਥੇ ਉਨ੍ਹਾਂ ਦਾ ਜੱਦੀ ਘਰ ਹੈ।
ਸੀ.ਬੀ.ਆਈ. ਵੱਲੋਂ ਜਾਰੀ ਕੀਤੇ ਮੀਡੀਆ ਰਿਲੀਜ ਵਿੱਚ ਕਿਹਾ ਗਿਆ ਹੈ ਕਿ ਸੀ.ਬੀ.ਆਈ. ਨੇ ਅੱਜ ਇੱਕ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਨਿੱਜੀ ਫਰਮਾਂ, ਡਾਇਰੈਕਟਰਾਂ/ਗਾਰੰਟਰਾਂ ਸਣੇ ਮੁਲਜਮਾਂ ਦੇ ਟਿਕਾਣਿਆਂ ’ਤੇ ਮਾਲੇਰਕੋਟਲਾ ਸਣੇ ਤਿੰਨ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਤਲਾਸੀ ਦੌਰਾਨ ਲਗਭਗ 16.57 ਲੱਖ ਰੁਪਏ (ਲਗਭਗ), 88 ਵਿਦੇਸ਼ੀ ਕਰੰਸੀ ਨੋਟ, ਕੁਝ ਜਾਇਦਾਦ ਦੇ ਦਸਤਾਵੇਜ, ਕਈ ਬੈਂਕ ਖਾਤੇ ਅਤੇ ਹੋਰ ਅਪਰਾਧਕ ਦਸਤਾਵੇਜ ਬਰਾਮਦ ਕੀਤੇ ਗਏ।
ਸੀਬੀਆਈ ਨੇ ਮੀਡੀਆ ਰਿਲੀਜ ਵਿੱਚ ਦੱਸਿਆ ਕਿ ਇਹ ਕੇਸ ਮਾਲੇਰਕੋਟਲਾ ਦੇ ਗੌਂਸਪੁਰਾ ਸਥਿਤ ਇੱਕ ਪ੍ਰਾਈਵੇਟ ਫਰਮ ਦੇ ਖਿਲਾਫ ਬੈਂਕ ਆਫ ਇੰਡੀਆ, ਲੁਧਿਆਣਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਇਸ ਨੇ ਫਰਮ ਦੇ ਤਤਕਾਲੀ ਨਿਰਦੇਸਕ, ਇੱਕ ਪ੍ਰਾਈਵੇਟ ਕੰਪਨੀ ਦੇ ਗਾਰੰਟਰ, ਇੱਕ ਹੋਰ ਪ੍ਰਾਈਵੇਟ ਫਰਮ, ਅਤੇ “ਅਣਜਾਣ ਜਨਤਕ ਸੇਵਕ/ ਪ੍ਰਾਈਵੇਟ ਵਿਅਕਤੀ” ਸਣੇ ਕਈ ਵਿਅਕਤੀਆਂ ਦੇ ਨਾਮ ਵੀ ਰੱਖੇ ਹਨ।

