ਪੰਜਾਬ

ਯੰਗ ਇਨੋਵੇਟਿਵ ਫਾਰਮਰ ਗਰੁੱਪ ਦੀ 8ਵੀ ਵਰੇਗੰਢ

ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਹਵਾ,ਪਾਣੀ ਤੇ ਮਿੱਟੀ ਨੂੰ ਬਚਾੳੇੁਣ ਦਾ ਸੱਦਾ

ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੀ ਚੁੰਗਲ ਵਿੱਚੋਂ ਬਚਾਉਣ ਲਈ ਕਿਸਾਨ ਸਾਂਝੀ ਖੇਤੀ ਵੱਲ ਪਹਿਲ ਕਦਮੀ ਕਰਨ:- ਸੰਤ ਸੀਚੇਵਾਲ

ਵਾਤਾਵਰਣ ਨੂੰ ਲੈ ਕੇ ਅਜਿਹੇ ਪ੍ਰੋਗਰਾਮਾਂ ਦੀ ਪੰਜਾਬ ਨੂੰ ਬਹੁਤ ਲੋੜ

ਬੁਲਾਰਿਆਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤੇ ਦਿੱਤਾ ਗਿਆ ਜ਼ੋਰ

ਸੁਲਤਾਨਪੁਰ ਲੋਧੀ,7 ਮਈ (ਮਧੂਸਾਰ ਬਿਊਰੋ) ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਹਵਾ, ਪਾਣੀ ਤੇ ਮਿੱਟੀ ਨੂੰ ਬਚਾੳੇੁਣ ਦਾ ਸੱਦਾ ਦਿੰਦਿਆ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਕਰਨੀ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਪਵਿੱਤਰ ਕਾਲੀ ਵੇਈਂ ਕਿਨਾਰੇ ਕਰਵਾਏ ਗਏ ਸਮਾਗਮ ਦੌਰਾਨ ਬੁਲਾਰਿਆਂ ਵੱਲੋਂ ਪਵਿੱਤਰ ਵੇਈ ਕਿਨਾਰੇ ਯੰਗ ਇਨੋਵੇਟਿਵ ਫਾਰਮਰ ਦੀ ਮਨਾਈ 8ਵੀਂ ਗਈ ਵਰ੍ਹੇਗੰਢ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆ ਇਸ ਗੱਲ ‘ਤੇ ਚਿੰਤ ਪ੍ਰਗਟਾਈ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਹੁਣ ਤੀਜੇ ਪਤਣ ਵਿੱਚੋਂ ਕੱਢਿਆ ਜਾ ਰਿਹਾ ਹੈ। ਇਸ ਮੌਕੇ ਕਾਹਨ ਸਿੰਘ ਪੰਨੂੰ ਵੱਲੋਂ ਆਪਣਿਆਂ ਸਮਿਆਂ ਦੌਰਾਨ ਕੀਤੀ ਜਾਂਦੀ ਖੇਤੀ ਦਾ ਜ਼ਿਕਰ ਕਰਦਿਆ ਕਿਹਾ ਕਿ ਜੇਕਰ ਹਰੀ ਕ੍ਰਾਂਤੀ ਬਾਰੇ ਬਾਰੀਕੀ ਨਾਲ ਸਮਝਿਆ ਜਾਵੇ ਤਾਂ ਇਸਨੇ ਪੰਜਾਬ ਦਾ ਵਿਕਾਸ ਸਗੋਂ ਵਿਨਾਸ਼ ਕੀਤਾ ਹੈ। ਕਣਕ ਦੀ ਨਾੜ ਨੂੰ ਲਗਾਈ ਜਾ ਰਹੀ ਅੱਗ ਦਾ ਜ਼ਿਕਰ ਕਰਦਿਆ ਉਹਨਾਂ ਕਿਹਾ ਕਿ ਇਸ ਬਾਰੇ ਵਿਸਥਾਰ ਵਿਚ ਜਾਨਣ ੱਤੇ ਪਤਾ ਲੱਗਾ ਕਿ ਅੱਗਾਂ ਲਗਾਉਣ ਵਾਲੇ ਉਹ ਲੋਕ ਹਨ ਜਿਹੜੇ ਖੇਤ ਨੂੰ ਠੇਕੇ ਤੇ ਲੈ ਕੇ ਵਾਹ ਰਹੇ ਹਨ। ਕੁਝ ਪੈਸਿਆਂ ਨੂੰ ਬਚਾਉਣ ਦੀ ਲਾਲਚ ਵਿਚ ਇਹ ਕਣਕ ਦੀ ਨਾੜ ਨੂੰ ਅੱਗ ਲਗਾ ਕੇ ਲੋਕਾਂ ਦੀ ਜਾਨਾਂ ਨੂੰ ਖਤਰੇ ਵਿਚ ਪਾ ਰਹੇ ਹਨ। ਕਾਹਨ ਸਿੰਘ ਪੰਨੂੰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਕਾਮਯਾਬ ਤਕਨੀਕ ਹੈ ਅਤੇ ਸਾਨੂੰ ਝੋਨੇ ਨੂੰ ਕੱਦੂ ਕਰਨਾ ਘੱਟ ਕਰਨਾ ਚਾਹੀਦਾ ਹੈ। ਸਿੱਧੀ ਬਿਜਾਈ ਨਾਲ ਵਾਤਾਵਰਨ ਮਿੱਟੀ ਅਤੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ ।

ਵਾਤਾਵਰਨ ਨੂੰ ਬਚਾਉਣ ਵਾਸਤੇ ਕੰਮ ਕਰ ਰਹੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਸਮਾਗਮ ਵਿਚ ਆਏ ਬਾਬਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਤ ਸੇਵਾ ਸਿੰਘ ਜੀ ਨੇ ਜਿਸ ਵੇਲੇ 1999 ਵਿਚ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਤੇ ਹਰਿਆ-ਭਰਿਆ ਬਣਾਉਣ ਦਾ ਕਾਰਜ਼ ਆਰੰਭਿਆ ਸੀ ਤਾਂ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਅਜਿਹਾ ਨਾ ਕਰਨ ਦੀਆਂ ਬਹੁਤ ਸਲਾਹਾਂ ਦਿੱਤੀਆਂ ਸਨ ਪਰ ਉਹਨਾਂ ਨੇ ਇੰਨ੍ਹਾਂ ਸਲਾਹਾਂ ਨੂੰ ਦਰਕਿਨਾਰ ਕਰਦਿਆ ਪੰਜਾਬ ਦੇ ਵਾਤਾਵਰਣ ਵਿਚ ਅਹਿਮ ਰੋਲ ਨਿਭਾਇਆ। ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਹਵਾ ਪਾਣੀ ਤੇ ਧਰਤੀ ਨੂੰ ਲੈ ਕੇ ਯੰਗ ਇਨੋਵੇਟਿਵ ਫਾਰਮਰ ਗਰੁੱਪ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਅਜਿਹੇ ਗਰੁੱਪ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ, ਤਾਂ ਜੋ ਅਜਿਹੇ ਤਜ਼ਰਬੇ ਹਰ ਇਕ ਨਾਲ ਸਾਂਝੇ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੀ ਚੁੰਗਲ ਵਿੱਚੋਂ ਬਚਾਉਣ ਲਈ ਕਿਸਾਨ ਸਾਂਝੀ ਖੇਤੀ ਵੱਲ ਪਹਿਲ ਕਦਮੀ ਕਰਨ। ਉਹਨਾਂ ਕਿਹਾ ਕਿ ਪਾਣੀ ਸਾਡਾ ਭਵਿੱਖ ਹੈ ਪਰ ਅੱਜ ਸਾਡੇ ਕੇਵਲ ਉਹ 17 ਸਾਲਾਂ ਦਾ ਬਚਿਆ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਪਾਣੀ ਨੂੰ ਬਚਾਉਣ ਲਈ ਕਈ ਯੋਗ ਪ੍ਰਬੰਧ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਪਾਣੀ ਨੂੰ ਟਰੀਟ ਕਰਕੇ ਖੇਤੀ ਨੂੰ ਲਗਾਇਆ ਜਾਵੇ ਤਾਂ ਇਸ ਨਾਲ ਧਰਤੀ ਹੇਠਲਾ ਕਿੰਨਾ ਹੀ ਪਾਣੀ ਬਚਾਇਆ ਜਾ ਸਕਦਾ ਹੈ। ਸੀਚੇਵਾਲ ਮਾਡਲ ਦਾ ਜ਼ਿਕਰ ਕਰਦਿਆ ਉਹਨਾਂ ਕਿਹਾ ਕਿ 1999 ਪਿੰਡ ਸੀਚੇਵਾਲ ਵਿਚ ਪਾਏ ਗਏ ਸੀਚੇਵਾਲ ਮਾਡਲ ਰਾਹੀ ਹੁਣ ਤੱਕ ਪੰਜਾਬ ਦੇ 200 ਤੋਂ ਵੱਧ ਪਿੰਡਾਂ ਦੇ ਛੱਪੜਾਂ ਦੇ ਪਾਣੀ ਨੂੰ ਟਰੀਟ ਕਰਕੇ ਖੇਤੀ ਨੂੰ ਲਗਾਇਆ ਜਾ ਰਿਹਾ ਹੈ ਜਿਸ ਨਾਲ ਜਿੱਥੇ ਕਿਸਾਨਾਂ ਦਾ ਖਾਦਾਂ ਸਪਰੇਆਂ ਤੋਂ ਬਿਨਾਂ ਝਾੜ ਵੀ ਵਧਿਆ ਹੈ ਤੇ ਮਿੱਟੀ ਵੀ ਉਪਜਾਊ ਹੋਈ ਹੈ।

ਮਾਤਾ ਗੁਜਰੀ ਕਾਲਜ ਫਤਿਹਗਡ਼੍ਹ ਸਾਹਿਬ ਤੋਂ ਸਹਾਇਕ ਪ੍ਰੋਫੈਸਰ ਗੁਰਿੰਦਰ ਰੂਬੀ ਨੇ ਕਿਹਾ ਕਿ ਪਾਣੀ ਨੂੰ ਬਚਾਉਣ ਖਾਤਰ ਸਾਨੂੰ ਝੋਨੇ ਦੀ ਸਿੱਧੀ ਬਿਜਾਈ, ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਰੀਚਾਰਜ ਸਿਸਟਮ ਲਗਾਉਣੇ ਚਾਹੀਦੇ ਹਨ। ਡਾ ਅਮਰੀਕ ਸਿੰਘ ਖੇਤੀਬਾਡ਼ੀ ਅਫਸਰ ਪਠਾਨਕੋਟ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾ ਕੇ ਕੱਦੂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਸਮਾਰੋਹ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਝੋਨੇ ਦੀ ਸਿੱਧੀ ਬਿਜਾਈ ਦੇ ਮਾਹਿਰ ਕਟਰ ਡਾ ਮੱਖਣ ਸਿੰਘ ਭੁੱਲਰ ਅਤੇ ਜਸਵੀਰ ਸਿੰਘ ਗਿੱਲ ਵਿਸ਼ੇਸ਼ ਤੌਰ ਪਹੁੰਚੇ ਅਤੇ ਉਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਤਕਨੀਕੀ ਨੁਕਤੇ ਸਾਂਝੇ ਕੀਤੇ ਝੋਨੇ ਦੀ ਸਿੱਧੀ ਬਿਜਾਈ ਨਾਲ ਸੰਬੰਧਤ ਮਸ਼ੀਨਾਂ ਦੀ ਨੁਮਾਇਸ਼ ਵੀ ਲਗਾਈ ਗਈ। ਸਟੇਜ ਦਾ ਸੰਚਾਲਨ ਯਾਦਵਿੰਦਰ ਸਿੰਘ ਅਤੇ ਗੁਰਬਿੰਦਰ ਸਿੰਘ ਬਾਜਵਾ ਨੇ ਕੀਤਾ। ਇਸ ਮੌਕੇ ਅਵਤਾਰ ਸਿੰਘ ਸੰਧੂ, ਪਲਵਿੰਦਰ ਸਿੰਘ ਸਹਾਰੀ ਗੁਰਦਿਆਲ ਸਿੰਘ ਸੱਲੋਪੁਰ ਦਿਲਬਾਗ ਸਿੰਘ ਚੀਮਾ, ਹਰਿੰਦਰ ਸਿੰਘ ਰਿਆੜ, ਚੰਨਣ ਸਿੰਘ ਸੰਰਾਂ ਕਰਤਾਰ ਸਿੰਘ ਸੱਦਾ, ਨਾਨਕ ਸਿੰਘ ਭਾਗੋਵਾਲ ,ਕਮਲਜੀਤ ਸਿੰਘ ਬਰਾੜ, ਨਰਦੇਵ ਸਿੰਘ ,ਰਮਨਦੀਪ ਸਿੰਘ, ਦਿਲਸ਼ਾਦ ਸਿੰਘ,ਗੁਰਵਿੰਦਰ ਕੌਰ ਸਰਪੰਚ ਮੁਕਟ ਰਾਮ ਵਾਲਾ, ਪਰਵੀਨ ਬਤਰਾ ਸੁਲਤਾਨਪੁਰ ਲੋਧੀ ,ਬਲਕਾਰ ਸਿੰਘ ਸਵਾਲ ,ਸੁਖਦੇਵ ਸਿੰਘ ਦੋਦਾ ਵਜ਼ੀਰ, ਹਰਿੰਦਰ ਸਿੰਘ ਕਾਲੇਵਾਲ, ਕੁਲਦੀਪ ਸਿੰਘ ਸਾਂਗਰਾ , ਨਿਸ਼ਾਨਦੀਪ ਸਿੰਘ ਪੱਟੀ, ਜਸਕਰਨ ਸਿੰਘ ਖੋਸਾ, ਜਗਦੀਪ ਸਿੰਘ ਰਾਜੋਆਣਾ ,ਭੁਪਿੰਦਰ ਸਿੰਘ ਬਰਗਾੜੀ, ਹਰਪ੍ਰੀਤ ਸਿੰਘ ਭੱਟੀ , ਰਮੇਸ਼ਵਰ ਸਿੰਘ ਗੌਰਵ ਮੰਤਰੀ ਨਿਿਖਲ ਮਹਿਤਾ ਆਦਿ ਦਾ ਸਨਮਾਨ ਕੀਤਾ ਗਿਆ।

ਬਾਕਸ ਆਈਟਮ:- 2005 ਤੋਂ ਲੈ ਕੇ ਹੁਣ ਤੱਕ ਪੰਜਾਬ ਵਿਚ ਬਹੁਤ ਯੂਨੀਵਰਸਿਟੀਆਂ ਤਾਂ ਬਣ ਗਈਆਂ ਪਰ ਉਹਨਾਂ ਦਾ ਰੈਗੂਲੇਸ਼ਨ ਜ਼ੀਰੋ: ਪੰਨੂ
ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਵਾਤਾਵਰਣ ਦੇ ਨਾਲ ਨਾਲ ਇੱਥੋਂ ਦੀ ਵਸੋ ੱਚ ਵੀ ਘਾਟਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਕ ਸਰਵੇ ਮੁਤਾਬਿਕ ਪੰਜਾਬ ਦੇ ਯੁਵਾਵਾਂ ਦੀ ਵੱਡੀ ਗਿਣਤੀ ਵਿਦੇਸ਼ ਦੇ ਮੁਲਕਾਂ ਦਾ ਰੁਖ ਕਰ ਰਹੀ ਹੈ। ਸਿੱਖਿਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ 2005 ਤੋਂ ਪੰਜਾਬ ਵਿਚ ਕਈ ਕਾਲਜ਼ ਤੇ ਯੂਨੀਵਰਸਿਟੀਆਂ ਬਣ ਗਈਆਂ ਪਰ ਉਹਨਾਂ ਦੀ ਰੈਗੂਲੇਸ਼ਨ ਬਿਲੁਕੁੱਲ ਜ਼ੀਰੋ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਸਿੱਖਿਆ ਵੀ ਰੇਤ ਮਾਫੀਆ ਵਾਂਗ ਰਹਿ ਗਈ ਹੈ, ਉਹਨਾਂ ਕਿਹਾ ਕਿ ਸਾਡੇ ਦਰਿਆ ਮਾਈਨਿੰਗ ਦੇ ਬਾਵਜੂਦ ਵੀ ਸਾਨੂੰ ਰੇਤਾਂ ਦੇ ਦੇਣਗਾ ਪਰ ਜਿਸ ਮਾੜੀ ਸਿੱਖਿਆ ਕਰਕੇ ਬੱਚਿਆ ਦਾ ਭਵਿੱਖ ਤਬਾਹ ਹੋ ਰਿਹਾ ਹੈ ਉਸਨੂੰ ਮੋੜਨਾ ਨਾ ਮੁਮਕਿਨ ਹੈ। ਬਾਕਸ ਆਈਟਮ ਸਾਡਾ ਬਰੇਨ ਵੀ ਡਰੇਨ ਹੋ ਰਿਹਾ ਹੈ, ਸਾਡੀ ਰੇਨ ਵੀ ਡਰੇਨ ਹੋ ਰਹੀ ਹੈ ਤੇ ਹੁਣ ਸਾਡੀ ਮਨੀ ਵੀ:- ਸੰਤ ਸੀਚੇਵਾਲ

ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਪੰਜਾਬ ਵਿਚ 10 ਵਿਚੋਂ 9 ਬੱਚੇ ਬਾਹਰ ਜਾ ਰਹੇ ਹਨ। ਉਹਨਾਂ ਕਿਹਾ ਕਿ ਇਕ ਵੇਲੇ ਸੀ ਜਦੋਂ ਇਹ ਸੋਚ ਕੇ ਬੱਚਿਆਂ ਨੂੰ ਬਾਹਰ ਭੇਜਿਆ ਜਾਂਦਾ ਸੀ ਕਿ ਉਹ ਕਮਾ ਕੇ ਇੱਥੇ ਲਿਆਵੇਗਾ ਪਰ ਅੱਜ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਹਲਾਤ ਇਹ ਹਨ ਕਿ ਲੋਕ ਆਪਣੇ ਘਰ ਤੇ ਜ਼ਮੀਨਾਂ ਵੀ ਵੇਚ ਕੇ ਆਪਣੇ ਬੱਚੇ ਨੂੰ ਬਾਹਰ ਭੇਜ ਰਹੇ। ਉਹਨਾਂ ਕਿਹਾ ਕਿ ਪਹਿਲਾਂ ਤਾਂ ਕੇਵਲ ਸਾਡਾ ਬਰੇਨ ਤੇ ਰੇਨ ਡਰੇਨ ਹੋ ਰਿਹਾ ਸੀ ਹੁਣ ਸਾਡੀ ਮਨੀ ਵੀ ਡਰੇਨ ਹੋ ਰਹੀ ਹੈ। ਨਵੀ ਬਣੀ ਪੰਜਾਬ ਸਰਕਾਰ ਦਾ ਜ਼ਿਕਰ ਕਰਦਿਆ ਕਿਹਾ ਕਿ ਸਾਨੂੰ ਆਸ ਹੈ ਕਿ ਨਵੀ ਸੂਬਾ ਸਰਕਾਰ ਬਾਕੀ ਮਸਲਿਆਂ ਦੇ ਨਾਲ ਨਾਲ ਵਾਤਾਵਰਣ ਤੇ ਇਸ ਮਸਲੇ ਵਤਲ ਵੀ ਧਿਆਨ ਦੇਵੇਗੀ ਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਜ਼ਰੂਰ ਪੂਰਾ ਕਰੇਗੀ।

Leave a Reply

Your email address will not be published. Required fields are marked *