ਪੰਜਾਬਪਟਿਆਲਾ

ਪੀ.ਆਰ.ਟੀ.ਸੀ. ਦੇ ਵਰਕਰਾਂ ਨੇ ਪੰਜਾਬ ਭਰ ਵਿੱਚ ਸਾਰੇ ਡਿਪੂਆਂ ਦੇ ਗੇਟਾਂ ਉਪਰ ਜਬਰਦਸਤ ਰੋਸ ਮੁਜਾਹਰੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਦੇ ਵਿਰੁੱਧ ਕੀਤੇ

ਪਟਿਆਲਾ 17 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਅੱਜ ਪੀ.ਆਰ.ਟੀ.ਸੀ. ਪਟਿਆਲਾ ਦੇ ਵਰਕਰਾਂ ਨੇ ਪੰਜਾਬ ਭਰ ਵਿੱਚ ਸਾਰੇ ਡਿਪੂਆਂ ਦੇ ਗੇਟਾਂ ਉਪਰ ਤਨਖਾਹ ਅਤੇ ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਐਕਸ਼ਨ ਕਮੇਟੀ ਦੇ ਸੱਦੇ ਤੇ ਜਬਰਦਸਤ ਰੋਸ ਮੁਜਾਹਰੇ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਦੇ ਵਿਰੁੱਧ ਕੀਤੇ। ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ ਛੇ ਮੁਲਾਜਮ ਜਥੇਬੰਦੀਆਂ ਸਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐਸ.ਸੀ.ਬੀ.ਸੀ., ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਤੇ ਆਧਾਰਤ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵ ਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਗੁਰਬਖਸ਼ਾ ਰਾਮ, ਸੁੱਚਾ ਸਿੰਘ ਅਤੇ ਉੱਤਮ ਸਿੰਘ ਬਾਗੜੀ ਨੇ ਅੱਜ ਦੇ ਰੋਸ ਮੁਜਾਹਰਿਆਂ ਦੀ ਵੱਖ-ਵੱਖ ਥਾਵਾਂ ਤੇ ਅਗਵਾਈ ਕੀਤੀ।

ਮੁਜਾਹਰਾਕਾਰੀ ਪੀ.ਆਰ.ਟੀ.ਸੀ. ਦੇ ਵਰਕਰ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਰੋਸ ਪ੍ਰਗਟ ਕਰਦੇ ਹੋਏ ਤਰ੍ਹਾਂ-ਤਰ੍ਹਾਂ ਦੇ ਨਾਅਰੇ ਮਾਰਦੇ ਹੋਏ ਤਨਖਾਹ-ਪੈਨਸ਼ਨ ਦਾ ਭੁਗਤਾਨ ਕਰਨ ਦੀ ਮੰਗ ਕਰ ਰਹੇ ਸਨ ਅਤੇ ਮਾਨ ਸਰਕਾਰ ਨੂੰ ਕੋਸ ਰਹੇ ਸਨ ਕਿ ਔਰਤਾਂ, ਵਿਦਿਆਰਥੀਆਂ ਅਤੇ ਪੁਲੀਸ ਮੁਲਾਜਮਾਂ ਆਦਿ ਨੂੰ ਮੁਫਤ ਸਫਰ ਸਹੂਲਤਾਂ ਬਦਲੇ ਪੰਜਾਬ ਸਰਕਾਰ ਪੀ.ਆਰ.ਟੀ.ਸੀ. ਦਾ ਬਣਦਾ 200 ਕਰੋੜ ਰੁਪਿਆ ਨਾ ਦੇ ਕੇ ਵਰਕਰਾਂ ਦੀ ਸੰਘੀ ਘੁੱਟ ਰਹੀ ਹੈ। ਸਰਕਾਰ ਅਤੇ ਮੈਨੇਜਮੈਂਟ ਨੂੰ ਇਹ ਅਹਿਸਾਸ ਹੀ ਨਹੀਂ ਕਿ ਵਰਕਰਾਂ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ-ਪੈਨਸ਼ਨ 17 ਮਈ ਤੱਕ ਵੀ ਨਹੀਂ ਦਿੱਤੀ ਗਈ ਤਾਂ ਉਹ ਗੁਜਾਰਾ ਕਿਵੇਂ ਚਲਾ ਰਹੇ ਹੋਣਗੇ। ਹੋਰ ਵੀ ਵੱਡਾ ਜੁਲਮ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਵਰਕਰਾਂ ਨਾਲ ਹੋ ਰਿਹਾ ਹੈ। ਜਿਹਨਾ ਦੀ ਤਨਖਾਹ ਵੀ 10 ਹਜਾਰ ਤੋਂ ਵੀ ਘੱਟ ਹੈ। ਫਿਰ ਇਹ ਸਰਕਾਰ ਕਿਹੜੇ ਗਰੀਬਾਂ ਅਤੇ ਲੋੜਵੰਦਾਂ ਦੀ ਹਮਦਰਦ ਸਰਕਾਰ ਹੈ। ਸਰਕਾਰ ਨੂੰ ਕਿਰਤੀਆਂ ਦੀ ਸਖਤ ਮਿਹਨਤ ਦੀ ਕੋਈ ਕਦਰ ਨਜ਼ਰ ਨਹੀਂ ਆਉਂਦੀ ਹੈ।

ਇਉਂ ਲਗ ਰਿਹਾ ਹੈ ਕਿ ਆਪ ਦਾ ਕੁਨਬਾ ਵੱਡੀ ਜਿੱਤ ਹਾਸਲ ਕਰਕੇ ਹੁਣ ਆਪ ਹੀ ਸੁੱਖ ਅਰਾਮ ਭੋਗਣ ਦੇ ਆਹਰ ਲੱਗੇ ਹੋਏ ਹਨ। ਵਰਕਰਾਂ ਦੀਆਂ ਅਨੇਕਾਂ ਹੋਰ ਮੰਗਾਂ ਜਿਵੇਂ ਕਿ ਕੱਚੇ ਕਾਮੇ ਪੱਕੇ ਕਰਨੇ, ਟਰਾਂਸਪੋਰਟ ਮਾਫੀਏ ਨੂੰ ਨੱਥ ਪਾਉਣੀ, ਸਰਕਾਰੀ ਟਰਾਂਸਪੋਰਟ ਨੂੰ ਮਜਬੂਤ ਕਰਨਾ, ਡੀਜਲ ਦੀਆਂ ਕੀਮਤਾਂ ਦਾ ਕੋਈ ਹੱਲ ਕੱਢਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, ਖਾਲੀ ਪੋਸਟਾਂ ਤੇ ਪੱਕੀ ਭਰਤੀ ਕਰਨੀ, ਵਰਕਰਾਂ ਦੀਆਂ ਤਰੱਕੀਆਂ ਆਦਿ ਤਾਂ ਇੱਕ ਪਾਸੇ ਰਹੀਆਂ, ਸਰਕਾਰ ਨੇ ਤਾਂ ਤਨਖਾਹ-ਪੈਨਸ਼ਨ ਦਾ ਹੀ ਸੰਕਟ ਖੜਾ ਕਰ ਦਿੱਤਾ ਹੈ। ਪਟਿਆਲਾ ਵਿਖੇ ਵਰਕਰਾਂ ਵਿੱਚ ਭਾਰੀ ਰੋਸ ਕਾਰਨ ਸੈਕੜਿਆਂ ਦੀ ਗਿਣਤੀ ਵਿੱਚ ਬੱਸ ਗੇਟ ਤੇ ਇਕੱਠੇ ਹੋਏ ਵਰਕਰਾਂ ਨੇ ਕੁੱਝ ਸਮਾਂ ਗੇਟ ਵੀ ਜਾਮ ਕੀਤਾ ਉਪਰੰਤ ਬਜਾਰ ਵਿੱਚ ਝੰਡੇ ਮਾਟੋ ਅਤੇ ਸਰਕਾਰ ਵਿਰੋਧੀ ਤਖਤੀਆਂ ਲੈ ਕੇ ਜਲੂਸ ਕੱਢਿਆ। ਵਰਕਰ ਤੁਰੰਤ ਤਨਖਾਹ ਪੈਨਸ਼ਨ ਦੇ ਭੁਗਤਾਨ ਦੀ ਮੰਗ ਕਰ ਰਹੇ ਸਨ।

Leave a Reply

Your email address will not be published. Required fields are marked *