ਪਟਿਆਲਾ

ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਗਰੀਬ ਕਲਿਆਣ ਸੰਮੇਲਨ ‘ਚ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਦੇ ਰੁਬਰੂ ਹੋਏ ਪ੍ਰਧਾਨ ਮੰਤਰੀ

ਲੋਕ ਭਲਾਈ ਸਕੀਮਾਂ ਦਾ ਲਾਭ ਲਾਭਪਾਤਰੀਆਂ ਲਈ ਹੇਠਲੇ ਪੱਧਰ ਤੱਕ ਪੁੱਜਦਾ ਕਰਨ ‘ਤੇ ਜ਼ੋਰ

ਪਟਿਆਲਾ, 31 ਮਈ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗਰੀਬ ਕਲਿਆਣ ਸੰਮੇਲਨ ਦੇ ਨਾਮ ਹੇਠ ਅੱਜ ਦੇਸ਼ ਭਰ ‘ਚ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਆਨ-ਲਾਈਨ ਕਰਵਾਏ ਗਏ ਰਾਸ਼ਟਰੀ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਸੰਵਾਦ ਰਚਾਇਆ।
ਇਸ ਦੌਰਾਨ ਲੋਕ ਭਲਾਈ ਸਕੀਮਾਂ ਦਾ ਲਾਭ, ਲਾਭਪਾਤਰੀਆਂ ਲਈ ਹੇਠਲੇ ਪੱਧਰ ਤੱਕ ਪੁੱਜਦਾ ਕੀਤੇ ਜਾਣ ‘ਤੇ ਜ਼ੋਰ ਦਿੱਤਾ ਗਿਆ। ਇੱਥੇ ਬਹਾਵਲਪੁਰ ਪੈਲੇਸ ਵਿਖੇ ਕਰਵਾਏ ਸਮਾਰੋਹ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਪੜਾ, ਏ.ਪੀ.ਓ. ਵਿਜੇ ਧੀਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਲੈਕੇ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਕਰਵਾਏ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਗਰੀਬਾਂ ਤੇ ਲਾਭਪਾਤਰੀਆਂ ਦੀ ਰਾਏ ਜਾਣ ਕੇ ਉਨ੍ਹਾਂ ਦੇ ਕਲਿਆਣ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਐਮ. ਕਿਸਾਨ ਨਿਧੀ ਯੋਜਨਾ ਤਹਿਤ ਵਿਤੀ ਲਾਭ ਦੇਣ ਲਈ 11ਵੀਂ ਕਿਸ਼ਤ ਜਾਰੀ ਕੀਤੀ, ਜਿਸ ਅਧੀਨ 10 ਕਰੋੜ ਤੋਂ ਵਧੇਰੇ ਦੇਸ਼ ਦੇ ਕਿਸਾਨ ਪਰਿਵਾਰਾਂ ਨੂੰ 21 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾਣੀ ਹੈ।

ਸੰਮੇਲਨ ‘ਚ ਸਵੱਛ ਭਾਰਤ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪੀ.ਐਮ. ਮੁਦਰਾ, ਜਨ ਅਰੋਗਿਆ ਯੋਜਨਾ, ਆਯੂਸ਼ਮਾਨ ਭਾਰਤ ਬੀਮਾ ਯੋਜਨਾ, ਉਜਵਲਾ ਯੋਜਨਾ, ਵਿਅਕਤੀਗਤ ਪਖਾਨੇ, ਮਾਤਰੂ ਵੰਦਨਾ ਯੋਜਨਾ ਆਦਿ ਸਮੇਤ ਕੇਂਦਰ ਸਰਕਾਰ ਦੇ 11 ਦੇ ਕਰੀਬ ਮੰਤਰਾਲਿਆਂ ਤੇ ਵਿਭਾਗਾਂ ਦੀਆਂ ਸਕੀਮਾਂ ਦੇ ਲਾਭਪਾਤਰੀ ਪੁੱਜੇ ਹੋਏ ਸਨ। ਗਰੀਬ ਕਲਿਆਣ ਸੰਮੇਲਨ ਮੌਕੇ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਐਸ.ਐਮ.ਓ. ਡਾ. ਕੁਸ਼ਲਦੀਪ ਕੌਰ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂ ਗੋਇਲ ਦੀ ਅਗਵਾਈ ਹੇਠ ਕੋਵਿਡ ਵੈਕਸੀਨੇਸ਼ਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਪੰਚਾਇਤ ਸੰਮਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੀ ਮੌਜੂਦ ਸਨ।

Leave a Reply

Your email address will not be published. Required fields are marked *