ਪਟਿਆਲਾ

ਐਨ.ਜੈਡ.ਸੀ.ਸੀ. ਦੀ ਸਾਕੇਤ ਹਸਪਤਾਲ ਵਿਖੇ ਸਵੱਛਤਾ ਪ੍ਰਤੀ ਪਹਿਲ:

ਗੋਪਾਲ ਸ਼ਰਮਾ ਦੇ ਨੁੱਕੜ ਨਾਟਕਾਂ ਰਾਹੀਂ ਦਿੱਤਾ ਗਿਆ ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਜਾਗਰੂਕ ਹੋਣ ਦਾ ਸੁਨੇਹਾ

ਹੁਣ ਤਾਂ ਸੁਧਰੋਂ ਯਾਰੋ” ਅਤੇ “ਗਿਰਗਿਟ” ਨਾਟਕਾਂ ਦਾ ਸ਼ਾਨਦਾਰ ਮੰਚਨ

ਪਟਿਆਲਾ, 10 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ (ਐਨ.ਜੈਡ.ਸੀ.ਸੀ.) ਨੇ ਸਵੱਛ ਭਾਰਤ ਮਿਸ਼ਨ ਤਹਿਤ ਪਹਿਲ ਕਰਦਿਆਂ ਪਟਿਆਲਾ ਦੇ ਸਾਕੇਤ ਹਸਪਤਾਲ ਵਿਖੇ 3 ਰੋਜਾ ਨੁੱਕੜ ਨਾਟਕ ਮੇਲੇ ਦੇ ਉਦਘਾਟਨੀ ਸਮਾਗਮ ਦੌਰਾਨ ਨੁੱਕੜ ਨਾਟਕਾਂ ਦਾ ਸ਼ਾਨਦਾਰ ਮੰਚਨ ਕਰਵਾਇਆ। ਨਟਰਾਜ ਆਰਟਸ ਥੀਏਟਰ (ਰਜਿ:) ਪਟਿਆਲਾ ਵੱਲੋਂ ਗੋਪਾਲ ਸ਼ਰਮਾ ਦੁਆਰਾ ਨਿਰਦੇਸ਼ਿਤ ਕੀਤੇ ਗਏ ਨਾਟਕਾਂ ਰਾਹੀਂ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਨਸ਼ਿਆਂ ਨੂੰ ਤਿਆਗ ਕੇ ਮਨੋਵਿਗਿਆਨਿਕ ਤੌਰ ਤੇ ਖੁਸ਼ਹਾਲ ਭਰੀ ਜਿੰਦਗੀ ਜਿਉਣ ਲਈ ਸਵੱਛ ਭਾਰਤ – ਮੇਰਾ ਮਹਾਨ ਭਾਰਤ ਸੰਦੇਸ਼ ਦੇ ਤਹਿਤ ਸ਼ਾਨਦਾਰ ਤਰੀਕੇ ਨਾਲ ਲੋਕਾਂ ਨੂੰ ਰੰਗਮੰਚ ਦੀ ਵਿਧਾ ਨਾਲ ਜੋੜਦੇ ਹੋਏ ਨਾਟਕਾਂ ਦਾ ਮੰਚਨ ਕੀਤਾ ਗਿਆ। ਨੁੱਕੜ ਨਾਟਕ ਮੇਲੇ ਦੇ ਪਹਿਲੇ ਦਿਨ ਦੇ ਉਦਘਾਟਨ ਦੌਰਾਨ ਸਾਕੇਤ ਹਸਪਤਾਲ ਦੀ ਪ੍ਰੋਜੈਕਟ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਮਨਚੰਦਾ ਨੇ ਕਿਹਾ ਕਿ ਐਨ.ਜੈਡ.ਸੀ.ਸੀ. ਦੀ ਸਵੱਛਤਾ ਪ੍ਰਤੀ ਪਹਿਲਕਦਮੀ, ਨੁੱਕੜ ਨਾਟਕਾਂ ਦੀ ਮਹੱਤਤਾ ਅਤੇ ਕਲਾਕਾਰ ਦੇ ਉੱਦਮ ਦੀ ਜਿੰਨ੍ਹੀ ਵੀ ਸ਼ਲਾਘਾ ਕੀਤੀ ਜਾਵੇ ਉਹ ਬਹੁਤ ਹੀ ਥੋੜੀ ਹੈ, ਕਿਉਂਕਿ ਕਿ ਨੁੱਕੜ ਨਾਟਕ ਸਹੀ ਅਰਥਾਂ ਵਿੱਚ ਲੋਕਾਂ ਨੂੰ ਨਾਲ ਜੋੜਦਾ ਹੈ। ਜਿਸ ਨਾਲ ਸਮਾਜ ਵਿੱਚ ਫੈਲੀਆਂ ਬੁਰਾਈਆ ਨੂੰ ਠੱਲ ਪਾਈ ਜਾ ਸਕਦੀ ਹੈ। ਜਿਸ ਨਾਲ ਲੋਕਾਂ ਨੂੰ ਸਹੀ ਅਰਥਾ ਵਿੱਚ ਜਾਗਰੂਕ ਕੀਤਾ ਜਾ ਸਕਦਾ ਹੈ।

ਪ੍ਰਸਿੱਧ ਰੰਗ ਕਰਮੀ ਅਤੇ ਨਾਟਕ ਨਿਰਦੇਸ਼ਕ ਗੋਪਾਲ ਸ਼ਰਮਾ ਦੀ ਨਿਰਦੇਸ਼ਨਾ ਹੇਠ “ਹੁਣ ਤਾਂ ਸੁਧਰੋਂ ਯਾਰੋਂ” ਅਤੇ “ਗਿਰਗਿਟ” ਪੇਸ਼ ਕੀਤੇ ਗਏ। ਜੋ ਕਿ ਕ੍ਰਮਵਾਰ ਸਫ਼ਦਰ ਹਾਸ਼ਮੀ ਅਤੇ ਪ੍ਰੋਫੈਸਰ ਸਰਬਜੀਤ ਸੁਆਮੀ ਦੇ ਨਾਟਕਾਂ ਤੇ ਅਧਾਰਿਤ ਸਨ। “ਹੁਣ ਤਾਂ ਸੁਧਰੋਂ ਯਾਰੋ” ਨਾਟਕ ਵਿੱਚ ਰੁੱਖਾਂ ਦੀ ਮਹੱਤਤਾ, ਨਦੀਆਂ ਦੇ ਪਾਣੀ ਨੂੰ ਗੰਦਾ ਹੋਣ ਤੋਂ ਰੋਕਣਾ, ਪਾਣੀ ਨੂੰ ਬਰਬਾਦ ਨਾ ਕਰਨ ਦਾ ਸੰਦੇਸ਼ ਦੇ ਨਾਲ-ਨਾਲ ਕੁਦਰਤੀਂ ਸਾਧਨਾਂ ਜਿਵੇਂ ਪੈਟ੍ਰੋਲ ਦੀ ਉੱਚਿਤ ਵਰਤੋਂ ਕਰਨੀ, ਬਿਨਾਂ ਹੈਲਮਟ ਅਤੇ ਬਿਨਾਂ ਲਾਇਸੈਂਸ ਤੋਂ ਗੱਡੀਆਂ ਨਾ ਚਲਾਉਣਾ ਅਤੇ ਕਾਨੂੰਨਾਂ ਦੀ ਉਲੰਘਣਾ ਕਰਨੀ, ਬੁਲਟ ਮੋਟਰ ਸਾਇਕਲ ਸਲੰਸਰ ਵਿੱਚ ਪਟਾਕੇ ਵਜਾਉਣੇ ਅਤੇ ਉੱਚੇ ਆਵਾਜ਼ ਵਾਲੇ ਪ੍ਰੈਸ਼ਰ ਹੋਰਨਾਂ ਰਾਹੀਂ ਧੁਨੀ ਪ੍ਰਦੂਸ਼ਣ ਪੈਦਾ ਕਰਨ ਆਦਿ ਵਿਸ਼ਿਆਂ ਨੂੰ ਬਾਖੂਬੀ ਦਰਸਾਇਆ ਗਿਆ ਹੈ। ਦੂਸਰੇ ਨਾਟਕ “ਗਿਰਗਿਟ” ਰਾਹੀਂ ਸਮਾਜਿਕ ਬੁਰਾਈਆਂ ਦੇ ਨੁਕਸਾਨ ਜਿਵੇ ਨਸ਼ਾ ਕਰਨ ਦੇ ਨੁਕਸਾਨ ਅਤੇ ਪੜ੍ਹਾਈ ਦੀ ਮਹੱਤਤਾ ਦਾ ਵਰਣਨ ਕੀਤਾ ਗਿਆ, ਇਸ ਵਿੱਚ ਦੱਸਿਆ ਗਿਆ ਕਿਵੇਂ ਅਨਪੜ੍ਹ ਲੋਕਾਂ ਨੂੰ ਸੂਦਖੋਰ ਲੁੱਟਦੇ ਹਨ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਤੇ ਕਬਜੇ ਕਰਦੇ ਨੇ ਤੇ ਕਦੇ ਉਹਨਾਂ ਨੂੰ ਆਪਣੇ ਚੁਗਲ ਵਿੱਚੋਂ ਨਹੀਂ ਨਿੱਕਲਣ ਦਿੰਦੇ। ਇਸ ਨਾਟਕ ਰਾਹੀਂ ਸਭ ਨੂੰ ਪੜ੍ਹਨ ਦਾ ਅਤੇ ਨਸ਼ੇ ਤੋਂ ਬਚਣ ਦਾ ਸੰਦੇਸ਼ ਦਿੱਤਾ ਗਿਆ।

ਨਾਟਕ ਵਿਚਲੇ ਪਾਤਰਾਂ ਨੂੰ ਗੋਪਾਲ ਸ਼ਰਮਾ ਸਮੇਤ ਪ੍ਰਸਿੱਧ ਰੰਗਕਰਮੀ ਜਸਵਿੰਦਰ ਜੱਸੀ, ਸੰਨੀ ਸਿੱਧੂ, ਸੁਨੀਲ ਕੁਮਾਰ ਅਤੇ ਨਵਦੀਪ ਸਿੰਘ ਅਤੇ ਹਰਪਾਲ ਮਾਨ ਬਾਖੂਬੀ ਨਿਭਾਇਆ ਅਤੇ ਨਾਲ ਹੀ ਹਰਪਾਲ ਮਾਨ ਅਤੇ ਗੁਰਪ੍ਰੀਤ ਦੇ ਗੀਤਾਂ ਨੇ ਵੀ ਨਾਟਕ ਸ਼ੋਅ ਦੌਰਾਨ ਆਪਣੇ ਗੀਤਾਂ ਰਾਹੀਂ ਸਰੋਤੀਆਂ ਨੂੰ ਝੁੰਮਣ ਲਾ ਦਿੱਤਾ। ਇਸ ਮੌਕੇ ਨਾਟਕ ਦਾ ਆਨੰਦ ਮਾਨਣ ਵਾਲਿਆਂ ਵਿੱਚ ਨਸ਼ੇ ਵਰਗੀ ਬੁਰਾਈ ਤੋਂ ਛੁੱਟਕਾਰਾ ਪਾ ਕੇ ਖੁਸ਼ਹਾਲੀ ਭਰਿਆਂ ਜੀਵਨ ਜਿਉਣ ਲਈ ਸੰਘਰਸ਼ ਕਰ ਰਹੇ ਨੌਜਵਾਨ ਵਰਗ ਦੀ ਬਹੁ ਗਿਣਤੀ, ਉਹਨਾਂ ਦੇ ਮਾਪੇ ਅਤੇ ਰਿਸ਼ਤੇਦਾਰ ਤੋਂ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਦੇ ਮੁੱਖੀ ਅਤੇ ਹਸਪਤਾਲ ਦੇ ਸਟਾਫ ਦੇ ਮੈਂਬਰ ਸ਼ਾਮਿਲ ਸਨ। ਜਿਹਨਾਂ ਵਿੱਚ ਮੁੱਖ ਤੌਰ ਤੇ ਗਿਆਨ ਜੋਤੀ ਐਜੂਕੇਸ਼ਨਲ ਸੁਸਾਇਟੀ ਤੋਂ ਸ. ਉਪਕਾਰ ਸਿੰਘ, ਕਾਕਾ ਰਾਮ ਵਰਮਾ, ਰਾਜ ਕੁਮਾਰ, ਸ਼ਿਵ ਕੁਮਾਰ, ਡਾ. ਕੇ.ਸੀ. ਗਰਗ, ਆਦਿ ਸ਼ਾਮਿਲ ਸਨ। ਇਹਨਾ ਸਖਸੀਅਤਾ ਨੇ ਜਿੱਥੇ ਸਵੱਛਤਾ ਪ੍ਰਤੀ ਆਪਣੇ ਵਿਚਾਰਾਂ ਰਾਹੀਂ ਲੋਕਾਂ ਨੂੰ ਭਰਵਾਂ ਸੰਦੇਸ਼ ਦਿੱਤਾ ਉੱਥੇ ਨਾਲ ਹੀ ਉਹਨਾਂ ਨਾਟਕਾਂ ਦੇ ਕਲਾਕਾਰਾਂ ਦੀ ਕਲਾਂ ਦੀ ਖੂਬ ਸਲਾਘਾ ਕੀਤੀ।

Leave a Reply

Your email address will not be published. Required fields are marked *