ਰਾਸ਼ਟਰਪਤੀ ਚੋਣਾਂ ਲਈ ਐੱਨ ਡੀ ਏ ਦੇ ਉਮੀਦਵਾਰ ਬਣੇ ਸਾਬਕਾ ਝਾਰਖੰਡ ਗਵਰਨਰ ਦ੍ਰੌਪਦੀ ਮੁਰਮੁ
ਨਵੀਂ ਦਿੱਲੀ (ਮਧੂਸਾਰ ਬਿਊਰੋ) ਭਾਜਪਾ ਨੇ ਰਾਸ਼ਟਰਪਤੀ ਚੋਣਾਂ ਲਈ ਇੱਕ ਮਹਿਲਾ ਦਾ ਨਾਂ ਦਾ ਐਲਾਨ ਕਰ ਕੇ ਨਵਾਂ ਇਤਿਹਾਸ ਕਾਇਮ ਕੀਤਾ ਹੈ। ਇੱਕ ਕਬਾਇਲੀ ਪਿਛੋਕੜ ਦੀ ਮਹਿਲਾ ਆਗੂ ਦ੍ਰੌਪਦੀ ਮੁਰਮੁ ਦਾ ਨਾ ਐੱਨ ਡੀ ਏ ਵੱਲੋਂ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ। ਜੁਲਾਈ 18 ਨੂੰ ਹੋਣ ਵਾਲੀ ਚੋਣਾਂ ਲਈ ਓਡੀਸ਼ਾ ਦੀ ਦ੍ਰੌਪਦੀ ਮੁਰਮੁ ਇਸ ਅਹੁਦੇ ਵਾਸਤੇ ਪਹਿਲੀ ਕਬਾਇਲੀ ਸਮਾਜ ਤੋਂ ਆਉਣ ਵਾਲੀ ਮਹਿਲਾ ਉਮੀਦਵਾਰ ਬਣ ਗਏ ਹਨ। ਉਹ ਝਾਰਖੰਡ ਦੀ ਗਵਰਨਰ ਵੀ ਰਹਿ ਚੁੱਕੇ ਹਨ ਅਤੇ ਇਸ ਅਹੁਦੇ ਉੱਤੇ ਵੀ ਉਹ ਪਹਿਲੀ ਕਬਾਇਲੀ ਸਮਾਜ ਦੀ ਮਹਿਲਾ ਬਣੇ ਸਨ।
ਮੁਰਮੁ ਨੂੰ ਦੇਸ਼ ਦੇ ਸਭ ਤੋਂ ਉੱਚੇ ਉਹਦੇ ਲਈ ਨਾਮਜ਼ਦ ਕਰ ਕੇ ਭਾਜਪਾ ਨੇ ਮਾਸਟਰ ਸਟ੍ਰੋਕ ਖੇਡਿਆ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਮਹਿਲਾ ਵੋਟਰ ਉੱਤੇ ਅਸਰ ਪਵੇਗਾ ਬਲਕਿ ਕਬਾਇਲੀ ਵੋਟਰ ਵੀ ਭਾਜਪਾ ਵਲ ਆ ਸਕਦੇ ਹਨ। ਪੰਜ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਇੱਕ ਖ਼ਾਸ ਪਿਛੜੇ ਵਰਗ ਤੋਂ ਆਉਣ ਵਾਲੇ ਰਾਮ ਨਾਥ ਕੋਵਿੰਦ ਨੂੰ ਪ੍ਰੈਜ਼ੀਡੈਂਟ ਬਣਾ ਕੇ ਉਸ ਸਮਾਜ ਵਿੱਚ ਭਾਜਪਾ ਨੇ ਇਸਦਾ ਲਾਹਾ ਲਿਆ ਸੀ ਅਤੇ ਹੁਣ ਕਬਾਇਲੀ ਸਮਾਜ ਉੱਤੇ ਵੀ ਇਸ ਫ਼ੈਸਲੇ ਦਾ ਅਸਰ ਪਵੇਗਾ ਅਤੇ ਇੱਕ ਖ਼ਾਸ ਰਾਜਨੀਤਕ ਸੁਨੇਹਾ ਜਨਤਾ ਵਿੱਚ ਜਾਵੇਗਾ। ਭਾਜਪਾ ਓਡੀਸ਼ਾ ਅਤੇ ਝਾਰਖੰਡ ਵਿੱਚ ਕਦਮ ਰੱਖਣਾ ਚਾਹੁੰਦੀ ਹੈ ਅਤੇ ਮੁਰਮੁ ਨੂੰ ਪ੍ਰੈਜ਼ੀਡੈਂਟ ਬਣਾ ਕੇ ਉਹ ਰਾਜਨੀਤਕ ਲਾਹਾ ਲੈਣਾ ਚਾਹੁੰਦੀ ਹੈ। ਮੁਰਮੁ ਓਡੀਸ਼ਾ ਤੋਂ ਆਉਂਦੇ ਹਨ ਅਤੇ ਝਾਰਖੰਡ ਦੇ ਗਵਰਨਰ ਵੀ ਰਹਿ ਚੁੱਕੇ ਹਨ। ਇਸ ਨਾਲ ਬੀ ਜੇ ਡੀ ਦਾ ਸਮਰਥਨ ਵੀ ਬਜਾਪਾ ਨੂੰ ਮਿਲਣਾ ਪੱਕਾ ਹੋ ਗਿਆ ਹੈ।

