ਛੀਨਾ ਨੇ ਪੰਜਾਬ ਬਜਟ ਨੂੰ ਦੱਸਿਆ ਦਿਸ਼ਾਹੀਣ
ਔਰਤਾਂ ਦੀ ਪੈਨਸ਼ਨਾਂ ਸਮੇਤ ਹੋਰਨਾਂ ਵਰਗ ਨੂੰ ਵੀ ਕੀਤਾ ਨਜ਼ਰਅੰਦਾਜ਼
ਅੰਮ੍ਰਿਤਸਰ, 27 ਜੂਨ (ਮਧੂਸਾਰ ਬਿਊਰੋ) ਭਾਜਪਾ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਲੋਕ ਸਭਾ ਦੇ ਇੰਚਾਰਜ਼ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਭਗਵੰਤ ਮਾਨ ਸਰਕਾਰ ਦੇ ਸੱਤਾਕਾਲ ਦੇ ਪਹਿਲੇ ਸੂਬਾਈ ਬਜਟ ’ਤੇ ਪ੍ਰਤੀਕ੍ਰਿਆ ਦਿੰਦਿਆ ਇਸ ਨੂੰ ਦਿਸ਼ਾਹੀਣ ਦੱਸਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਾਲੀ ‘ਆਪ’ ਸਰਕਾਰ ਜਿਸ ਨੇ ਵੋਟਾਂ ਬਟੌਰਨ ਸਮੇਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਪੈਨਸ਼ਨ ਤੋਂ ਇਲਾਵਾ ਹੋਰਨਾਂ ਵਰਗ ਨੂੰ ਸੁਵਿਧਾ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ, ਨੇ ਸੂਬੇ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।
ਸ: ਛੀਨਾ ਨੇ ਸੂਬੇ ’ਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਜੇ ਤੱਕ ਮੌਜ਼ੂਦਾ ਸਰਕਾਰ ਦਾ 4 ਮਹੀਨਾ ਵੀ ਪੂਰਾ ਨਹੀਂ ਹੋਇਆ ਕਿ ਪੰਜਾਬ ਦੀ ਸਥਿਤੀ ਬਿਲਕੁਲ ਡਾਵਾਂਡੋਲ ਹੋ ਗਈ ਹੈ। ਪੰਜਾਬ ’ਚ ਭ੍ਰਿਸ਼ਟਾਚਾਰ, ਗੈਂਗਵਾਰ, ਮਹਿੰਗਾਈ, ਪੰਜਾਬ ਅਤੇ ਲੋਕਾਂ ਦੀ ਸੁਰੱਖਿਆ ਖ਼ਤਰੇ ’ਚ ਆਦਿ ਬੇਨਿਯਮੀਆਂ ਕਾਰਨ ਪੰਜਾਬ ਦੇ ਹਾਲਾਤ ਨਾਜ਼ਕ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਿੰਘ ਨੇ ਸੱਤਾ ਹਾਸਲ ਕਰਨ ਸਮੇਂ ਬੜ੍ਹੇ ਹੀ ਉਚੇ ਉਚੇ ਵਾਅਦੇ ਅਤੇ ਦਾਅਵੇ ਕੀਤੇ ਸਨ ਪਰ ਅਫ਼ਸੋਸ ਕਿ ਇਹ ਸਾਰੇ ‘ਗੱਲਾਂ ਨਾਲ ਪਹਾੜ੍ਹ ਢਾਹੁਣ’ ਵਾਲੀ ਕਹਾਵਤ ਵਾਂਗੂੰ ਹੀ ਸਾਹਮਣੇ ਆਏ।
ਸ: ਛੀਨਾ ਨੇ ਅੱਜ ਜਾਰੀ ਆਪਣੇ ਪ੍ਰੈਸ ਬਿਆਨ ’ਚ ਕਿਹਾ ਕਿ ਸੂਬਾ ਸਰਕਾਰ ਦੇ ਬਜਟ ’ਚ ਆਮ ਜਨਤਾ ਨੂੰ ਸੈਰ-ਸਪਾਟੇ, ਪੰਜਾਬ ਦੀ ਸਨਅਤ, ਰੋਜ਼ਗਾਰ, ਵਿਕਾਸ, ਵਿੱਦਿਅਕ ਢਾਂਚਾ ਅਤੇ ਖੇਤੀਬਾੜੀ ਵਰਗੀਆਂ ਸਹੂਲਤਾਂ ਤੋਂ ਵਾਂਝਾ ਰੱਖ ਕੇ ਲੋਕਾਂ ਤੋਂ ਧਰੋਹ ਕਮਾਇਆ ਹੈ ਅਤੇ ਜਿਸ ਦਾ ਨਤੀਜਾ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ’ਚ ਭੁਗਤਨਾ ਪਵੇਗਾ।
ਸ: ਛੀਨਾ ਨੇ ਕਿਹਾ ਕਿ ਮਾਨ ਸਰਕਾਰ ਨੇ ਇਸ ਬਜਟ ’ਚ ਖੇਤੀਬਾੜੀ, ਪੇਂਡੂ ਵਿਕਾਸ, ਛੋਟੀ ਸਨਅਤ ਲਈ ਨਾ ਕਾਫ਼ੀ ਉਪਰਾਲੇ ਕੀਤੇ ਸਨ, ਉਹ ਸਾਰੇ ਝੂਠ ਦੇ ਪੁਲੰਦੇ ਨਿਕਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਸੂਬੇ ’ਚ ਭਗਵੰਤ ਮਾਨ ਦੀ ਸਰਕਾਰ ਆਈ ਹੈ, ਉਦੋਂ ਤੋਂ ਸੂਬੇ ’ਚ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਤਾਂ ਕੀ ਕਰਵਾਉਣੇ, ਸਗੋਂ ਪੰਜਾਬ ਦੀ ਅਰਥ‐ਵਿਵਸਥਾ ਹੀ ਡਗਮਗਾ ਗਈ ਹੈ ਅਤੇ ਬੇਰੋਜਗਾਰੀ, ਸਿੱਖਿਅਤ ਢਾਂਚਾ ਕਮਜ਼ੋਰ, ਜ਼ੁਰਮਾਂ ਦਾ ਬੋਲਬਾਲਾ ਅਤੇ ਲੋਕਾਂ ਦੀ ਸੁਰੱਖਿਆ ’ਤੇ ਸਵਾਲ੍ਹੀਆ ਨਿਸ਼ਾਨ ਲੱਗ ਗਿਆ ਹੈ।

