ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੀ ਟੀਮ ਕਰ ਰਹੀ ਹੈ ਉੱਤਰ ਭਾਰਤ ਦੇ ਜੰਗਲਾਂ ਦਾ ਦੌਰਾ

ਪਟਿਆਲਾ 30 ਜੂਨ (ਜਸਲੀਨ ਕੌਰ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਖੋਜੀ ਕੀੜੀਆਂ ਅਤੇ ਤਿਤਲੀਆਂ ਦਾ ਪਿੱਛਾ ਕਰਦੇ ਉੱਤਰਾਖੰਡ ਦੇ ਜੰਗਲਾਂ ਤੱਕ ਜਾ ਪਹੁੰਚੇ ਹਨ। ਅਧਿਆਪਕਾਂ ਅਤੇ ਖੋਜਾਰਥੀਆਂ ਦੀ ਟੋਲੀ ਆਪਣੇ ਕੈਮਰੇ ਅਤੇ ਅੰਦਾਜੇ ਲੈ ਕੇ ਕੀੜੀਆਂ ਅਤੇ ਤਿਤਲੀਆਂ ਬਸੇਰਿਆਂ ਦਾ ਅਧਿਐਨ ਕਰ ਰਹੀ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਜੀਵ ਵਿਗਿਆਨ ਅਤੇ ਵਾਤਾਵਰਨ ਵਿਭਾਗ ਦੀ ਇੱਕ ਖੋਜ ਟੀਮ ਡਾ. ਹਿਮੇਂਦਰ ਭਾਰਤੀ ਦੀ ਅਗਵਾਈ ਹੇਠ ਉੱਤਰ ਭਾਰਤ ਦੇ ਅਲੱਗ-ਅਲੱਗ ਜੰਗਲਾਂ ਦਾ ਦੌਰਾ ਕਰ ਰਹੀ ਹੈ।

ਇਸ ਟੀਮ ਵੱਲੋਂ ਜੀਵ ਵਿਗਿਆਨ ਦੇ ਖੇਤਰ ਵਿੱਚ ਆਪਣੀ ਖੋਜ ਕਰਨ ਲਈ ਵੱਖ-ਵੱਖ ਜੀਵ ਜੰਤੂਆਂ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਸੰਬੰਧੀ ਨਮੂਨੇ ਅਤੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ ਜੋ ਕਿ ਭਵਿੱਖ ਵਿੱਚ ਇਸ ਟੀਮ ਵੱਲੋਂ ਕੀਤੀਆਂ ਜਾਣ ਵਾਲੀਆਂ ਖੋਜਾਂ ਦਾ ਆਧਾਰ ਬਣਨਗੇ।
ਇਸ ਟੀਮ ਵਿੱਚ ਡਾ. ਹਿਮੇਂਦਰ ਭਾਰਤੀ ਤੋਂ ਇਲਾਵਾ ਪੰਜ ਮੈਂਬਰ ਸਾਮਿਲ ਹਨ ਜਿਨ੍ਹਾਂ ਵਿੱਚ ਡਾ. ਮੀਨਾਕਸੀ ਭਾਰਤੀ, ਹਰਮਨਬੀਰ ਕੌਰ ਰੰਧਾਵਾ, ਰਾਕੇਸਵਰ ਕਪੂਰ, ਪਰਵਿੰਦਰ ਸਿੰਘ ਅਤੇ ਰਾਧਾ ਬਰਵੇ ਸਾਮਿਲ ਹਨ। ਇਹ ਟੀਮ ਤਕਰੀਬਨ ਦੋ ਹਫਤੇ ਲਈ ਇਸ ਦੌਰੇ ਉੱਤੇ ਹੈ। ਹਰਮਨਬੀਰ ਕੌਰ ਰੰਧਾਵਾ ਨੂੰ ਇਸ ਵਾਰ ‘ਇੰਸਪਾਇਰ‘ ਫੈਲੋਸਿਪ ਮਿਲੀ ਹੈ ਜਿਸ ਵਿੱਚ ਆਪਣੇ ਵਿਭਾਗ ਵਿੱਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਹੀ ਸਾਮਿਲ ਕੀਤਾ ਜਾਂਦਾ ਹੈ।
ਇਸ ਟੀਮ ਦਾ ਕਹਿਣਾ ਹੈ ਕਿ ਇਹ ਇਹ ਸਾਰੀਆਂ ਮਹੱਤਵਪੂਰਨ ਪ੍ਰਜਾਤੀਆਂ ਦੀ ਖੋਜ ਅਤੇ ਉਹਨਾਂ ਦੀ ਵਾਤਾਵਰਨ ਵਿੱਚ ਕੀ ਅਹਿਮਿਅਤ ਹੈ, ਬਾਰੇ ਦਸਤਾਵੇਜੀਕਰਨ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਇਹ ਖੋਜ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਏਗੀ। ਡਾ. ਹਿਮੇਂਦਰ ਭਾਰਤੀ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਦਖਲਅੰਦਾਜੀ ਨੇ ਸਾਨੂੰ ਛੇਵੇਂ ਪੁੰਜ ਵਿਨਾਸ ਵਾਲੀ ਸਥਿਤੀ ਵੱਲ ਧੱਕ ਦਿੱਤਾ ਹੈ। ਹਾਲਾਤ, ਇੱਥੇ ਤੱਕ ਆ ਗਏ ਹਨ ਕਿ ਬਹੁਤ ਸਾਰੇ ਜੀਵ-ਜੰਤੂ ਅਤੇ ਪੌਦੇ ਬਿਨ੍ਹਾਂ ਰਿਕਾਰਡ ਹੋਏ ਹੀ ਲੁਪਤ ਹੋ ਜਾਣਗੇ ਅਤੇ ਇਹਨਾਂ ਪ੍ਰਜਾਤੀਆਂ ਦੀ ਮਨੁੱਖੀ ਬਚਾਅ ਵਿੱਚ ਕੀ ਭੂਮਿਕਾ ਹੈ ਇਸ ਬਾਰੇ ਜਾਨਣਾ ਤਾਂ ਬਹੁਤ ਹੀ ਦੂਰ ਦੀ ਗੱਲ ਹੈ। ਜਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਹਿਮੇਂਦਰ ਭਾਰਤੀ ਉੱਘੇ ਜੀਵ ਵਿਗਿਆਨੀ ਹਨ ਜਿਨ੍ਹਾਂ ਵੱਲੋਂ ਕੀੜੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਉੱਪਰ ਕੀਤੇ ਗਏ ਕਾਰਜ ਨੂੰ ਕੌਮਾਂਤਰੀ ਪੱਧਰ ਉੱਤੇ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਗਏ ‘ਪੰਜਾਬ ਦਾ ਵਣ-ਤਿ੍ਰਣ ਜੀਵ-ਜੰਤ ਮੁੜ ਬਹਾਲੀ ਕੇਂਦਰ ਦੇ ਡਾਇਰੈਕਟਰ ਵਜੋਂ ਵੀ ਤਾਇਨਾਤ ਕੀਤਾ ਗਿਆ ਹੈ। ਪਿਛਲੇ ਦਿਨਾਂ ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਪ੍ਰੋਫੈਸਰ ਬਣਾਇਆ ਗਿਆ ਹੈ।

Leave a Reply

Your email address will not be published. Required fields are marked *