ਪੰਜਾਬ ਮੰਤਰੀ ਮੰਡਲ ਦਾ ਵਿਸਥਾਰ , ਵਿਧਾਇਕਾਂ ਦਾ ਮੰਤਰੀ ਬਣਨਾ ਲਗਭਗ ਤੈਅ
ਚੰਡੀਗੜ੍ਹ (ਮਧੂਸਾਰ ਬਿਊਰੋ) : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੋਮਵਾਰ ਨੂੰ ਕੈਬਨਿਟ ਵਿਸਥਾਰ ਹੋਵੇਗਾ। ਪੰਜਾਬ ਸਰਕਾਰ ਦੇ ਨਵੇਂ ਬਣਨ ਜਾ ਰਹੇ ਪੰਜ ਮੰਤਰੀਆਂ ਨੂੰ ਰਾਜ ਭਵਨ ਵਿਚ ਸਹੁੰ ਚੁਕਾਈ ਜਾਵੇਗੀ। ਸੂਤਰਾਂ ਮੁਤਾਬਕ ਜਿਹੜੇ ਪੰਜ ਵਿਧਾਇਕਾਂ ਨੂੰ ਕੱਲ੍ਹ ਵਜ਼ਾਰਤ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ, ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਡਾ. ਕਿੰਦਰਬੀਰ ਨਿੱਝਰ, ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ, ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਮਾਜਰਾ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਨਾਂ ਸ਼ਾਮਲ ਹੈ ਅਤੇ ਇਹ ਨਾਮ ਲਗਭਗ ਤੈਅ ਮੰਨੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਕੁੱਲ 5 ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਪ੍ਰੋ. ਬਲਜਿੰਦਰ ਕੌਰ ਅਤੇ ਸਰਵਜੀਤ ਕੌਰ ਮਾਣੂਕੇ ਦਾ ਨਾਂ ਵੀ ਚਰਚਾ ਵਿਚ ਹੈ। ਦੂਜੇ ਪਾਸੇ ਅਨਮੋਲ ਗਗਨ ਮਾਨ, ਪ੍ਰਿੰਸੀਪਲ ਬੁੱਧ ਰਾਮ ਅਤੇ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤਪਾਲ ਕੋਹਲੀ ਦਾ ਨਾਮ ਵੀ ਚਰਚਾ ਵਿਚ ਹੈ। ਇਕ ਮਹਿਲਾ ਮੰਤਰੀ ਨੂੰ ਵਜ਼ਾਰਤ ਵਿਚ ਸ਼ਾਮਲ ਕੀਤਾ ਜਾਣਾ ਲਗਭਗ ਤੈਅ ਹੈ ਅਤੇ ਅਨਮੋਲ ਗਗਨ ਮਾਨ ਨੂੰ ਇਸ ਦੌੜ ਵਿਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਪਹਿਲਾ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਪੰਜ ਹੋਰ ਮੰਤਰੀਆਂ ਦੇ ਸ਼ਾਮਲ ਹੋਣ ਨਾਲ ਮਾਨ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਗਿਣਤੀ ਮੁੱਖ ਮੰਤਰੀ ਸਮੇਤ 15 ਹੋ ਜਾਵੇਗੀ।

