ਲੌਕਡਾਊਨ..ਇੱਕ ਪ੍ਰੇਮ ਕਹਾਣੀ’ ਦੀਆਂ ਦੋ ਪੇਸ਼ਕਾਰੀਆਂ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਦੋ ਦਿਨਾ ਵਿਸ਼ੇਸ਼ ਪ੍ਰੋਗਰਾਮ ਵਿੱਚ ਨਾਟਕ ‘ਲੌਕਡਾਊਨ..ਇੱਕ ਪ੍ਰੇਮ ਕਹਾਣੀ’ ਦੀਆਂ ਦੋ ਪੇਸ਼ਕਾਰੀਆਂ ਕਰਵਾਈਆਂ ਗਈਆਂ। ਸਾਰਥਕ ਰੰਗਮੰਚ ਪਟਿਆਲਾ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਗਿਆ ਇਹ ਨਾਟਕ ਬਲਜੀਤ ਸਿੰਘ ਦੇ ਚਰਚਿਤ ਨਾਵਲ ‘ਤਾਲਾਬੰਦੀ’ ਦਾ ਨਾਟਕੀ ਰੂਪਾਂਤਰ ਹੈ। ਨਾਟਕ ਪਿਆਰ, ਜਜ਼ਬਾਤ, ਸੰਵੇਦਨਾ ਅਤੇ ਸਾਂਝ ਦੀ ਗੱਲ ਕਰਦਾ ਹੋਇਆ, ਕਰੋਨਾ ਕਾਲ ਦੌਰਾਨ ਗਰੀਬਾਂ ਦੀ ਦਸ਼ਾ ਨੂੰ ਬਿਆਨਦਾ ਹੋਇਆ ਸਿਆਸਤ ਉੱਤੇ ਵੀ ਚੋਟ ਕਰਦਾ ਹੈ। ਨਾਟਕ ਵਿੱਚ ਕਰੋਨਾ ਕਾਲ ਦੌਰਾਨ ਲੱਗੇ ਲੌਕਡਾਊਨ ਵਾਲੇ ਹਾਲਾਤ ਪੇਸ਼ ਕੀਤੇ ਗਏ ਹਨ।

ਨਾਟਕ ਦੀ ਕਹਾਣੀ ਕੁੱਝ ਇਸ ਤਰ੍ਹਾਂ ਹੈ ਕਿ ਇੱਕ ਸਿੱਖ ਨੌਜਵਾਨ (ਗਗਨ) ਅਤੇ ਮੁਸਲਿਮ ਲੜਕੀ (ਸਾਦੀਆ) ਦਿੱਲੀ ਦੇ ਰੇਲਵੇ ਸਟੇਸ਼ਨ ਉੱਤੇ ਅਚਾਨਕ ਗੱਡੀਆਂ ਬੰਦ ਹੋਣ ਕਾਰਨ ਮੁਸੀਬਤ ਵਿੱਚ ਫਸ ਜਾਂਦੇ ਹਨ। ਗਗਨ ਨੇ ਪੰਜਾਬ ਆਪਣੇ ਘਰ ਆਉਣਾ ਹੈ, ਜੋ ਦਿੱਲੀ ਵਿੱਚ ਕਿਸੇ ਕੰਪਨੀ ਵਿੱਚ ਨੌਕਰੀ ਕਰਦਾ ਹੈ ਤੇ ਸਾਦੀਆ ਨੇ ਹੈਦਰਾਬਾਦ ਪਹੁੰਚਣਾ ਹੈ, ਜੋ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਪੜਾਉਂਦੀ ਹੈ। ਸਾਦੀਆ ਜ਼ਿਆਦਾ ਘਬਰਾਈ ਹੋਈ ਹੈ, ਕਿਉਂਕਿ ਉਸਦੇ ਘਰੋਂ ਉਸਦੇ ਮਾਪਿਆਂ ਦੇ ਚਿੰਤਾ ਕਾਰਨ ਵਾਰ-ਵਾਰ ਫੋਨ ਆ ਰਹੇ ਹਨ। ਗਗਨ ਉਸਦੀ ਮੁਸ਼ਕਿਲ ਨੂੰ ਸਮਝਦਾ ਹੋਇਆ ਸਾਦੀਆ ਨੂੰ ਆਪਣੇ ਫਲੈਟ ਵਿੱਚ ਜਾਣ ਲਈ ਕਹਿੰਦਾ ਹੈ। ਸਾਦੀਆ ਹੋਰ ਕੋਈ ਰਾਹ ਨਾ ਦਿਸਦੇ ਹੋਏ ਉਸ ਨਾਲ ਜਾਣ ਲਈ ਰਾਜ਼ੀ ਹੋ ਜਾਂਦੀ ਹੈ। ਆਪਣੇ ਹਿੰਦੂ ਪੱਤਰਕਾਰ ਦੋਸਤ (ਸਾਹਿਲ) ਦੀ ਮੱਦਦ ਨਾਲ ਫਲੈਟ ਵਿੱਚ ਪਹੁੰਚ ਜਾਂਦੇ ਹਨ। ਜਦੋਂ ਇਹ ਗੱਲ ਦੋਨੋਂ ਆਪਣੇ ਘਰ ਦੱਸਦੇ ਹਨ ਤਾਂ ਦੋਨੋਂ ਪਰਿਵਾਰਾਂ ਵਿੱਚ ਕਲੇਸ਼ ਖੜਾ ਹੋ ਜਾਂਦਾ ਹੈ। ਦੋਨੋਂ ਆਪਣੇ-ਆਪਣੇ ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਪੂਰੀ ਤਰਾਂ ਸਫਲ ਨਹੀਂ ਹੁੰਦੇ।

ਦੋਨਾਂ ਦਾ ਆਪਸੀ ਮਿਲਵਰਤਨ, ਸੁਭਾਅ, ਲਿਆਕਤ, ਬੌਧਿਕ ਪੱਧਰ ਅਤੇ ਇੱਕ ਦੂਜੇ ਲਈ ਸਮਰਪਣ ਦੋਨਾਂ ਅੰਦਰ ਖਾਮੋਸ਼ ਰੁਹਾਨੀ ਪਿਆਰ ਪੈਦਾ ਕਰ ਦਿੰਦਾ ਹੈ। ਦੋਨੋਂ ਅਸਿਧੇ ਢੰਗ ਨਾਲ ਤਾਂ ਇੱਕ-ਦੂਜੇ ਨੂੰ ਇਜ਼ਹਾਰ ਕਰਦੇ ਹਨ, ਪਰ ਸ਼ਾਇਦ ਧਰਮ ਦੀਆਂ ਹੱਦਬੰਦੀਆਂ ਉਹਨਾਂ ਨੂੰ ਇਜ਼ਹਾਰ ਤੋਂ ਰੋਕਦੀਆਂ ਹਨ। ਨਾਟਕ ਦਾ ਅੰਤ ਭਾਵਪੂਰਨ ਮੋੜ ਉੱਤੇ ਖ਼ਤਮ ਹੁੰਦਾ ਹੋਇਆ ਕਈ ਸਵਾਲ ਖੜੇ ਕਰ ਜਾਂਦਾ ਹੈ। ਨਾਟਕ ਵਿੱਚ ਮੁੱਖ ਭੂਮਿਕਾ ਉੱਚਾ ਪਿੰਡ ਫਿਲਮ ਦੇ ਹੀਰੋ ਨਵਦੀਪ ਕਲੇਰ ਨੇ ਪਾਤਰ ਨਾਲ ਇਕਮਿਕ ਹੋ ਕੇ ਮਲਵਈ ਮੁੰਡੇ ਦਾ ਕਿਰਦਾਰ ਨਿਭਾਇਆ। ਮੁਸਲਿਮ ਕੁੜੀ ਸਾਦੀਆ ਦਾ ਕਿਰਦਾਰ ਟੀ ਵੀ ਅਤੇ ਫਿਲਮ ਕਲਾਕਾਰ ਅਰਵਿੰਦਰ ਮਸੂਤੇ ਨੇ ਰੋਲ ਨਿਭਾਇਆ। ਉਰਦੂ ਭਾਸ਼ਾ ਉੱਤੇ ਉਸ ਦੀ ਪਕੜ ਉਸ ਦੀ ਮਿਹਨਤ ਦਾ ਪ੍ਰਤੱਖ ਸਬੂਤ ਸੀ। ਪੱਤਰਕਾਰ ਦਾ ਰੋਲ ਗੁਰਦਿੱਤ ਪਹੇਸ਼ ਨੇ ਬਾਖੂਬੀ ਨਿਭਾਇਆ। ਨਾਟਕ ਦੀ ਲਾਈਟਿੰਗ ਲਵਪ੍ਰੀਤ ਨੇ ਨਾਟਕ ਦੇ ਮੂਡ ਮੁਤਾਬਕ ਕੀਤੀ ਅਤੇ ਸੰਗੀਤ ਸੰਚਾਲਨ ਫਤਹਿ ਸੋਹੀ ਨੇ ਕੀਤਾ। ਨਾਟਕ ਦੇ ਸਹਿ ਨਿਰਦੇਸ਼ਕ ਅਤੇ ਕੌਸਟਿਊਮ ਡਿਜ਼ਾਈਨਰ ਡਾ. ਇੰਦਰਜੀਤ ਕੌਰ ਸਨ।ਨਾਟਕ ਦਾ ਸੈੱਟ ਬਲਵਿੰਦਰ ਸਿੰਘ ਨੇ ਤਿਆਰ ਕੀਤਾ। ਸਹਿਰਾਬ ਅਤੇ ਦਮਨਪ੍ਰੀਤ ਨੇ ਸਹਾਇਕ ਵਜੋਂ ਭੂਮਿਕਾ ਨਿਭਾਈ।

