ਅੰਮ੍ਰਿਤਸਰਪੰਜਾਬ

ਗੁਰੂਘਰਾਂ ਦੀ ਪੁਰਾਤਨ ਕੰਧ ਚਿੱਤਰਕਾਰੀ ਦਾ ਖਾਤਮਾ ਅਫਸੋਸ ਜਨਕ

ਦਿਲਜੀਤ ਸਿੰਘ ਬੇਦੀ ਵੱਲੋਂ ਡਾ: ਭੁੱਲਰ, ਜੋਲੀ, ਸੁਖਪਾਲ ਤੇ ਜੱਸ ਨੂੰ ਪੁਸਤਕਾਂ ਭੇਟ

ਅੰਮਿ੍ਰਤਸਰ: 20 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਬੋਲੀ ਦੇ ਉਪਾਸ਼ਕ ਸਾਹਿਤਕ ਪ੍ਰੇਮੀਆਂ ਨੇ ਪੁਰਾਤਨ ਗ੍ਰੰਥਾਂ, ਸਰੋਤਾਂ ਅਧਾਰਤ ਵੱਖ-ਵੱਖ ਧਾਰਮਿਕ, ਰਾਜਸੀ, ਸਭਿਆਚਾਰਕ ਸਥਾਨਾਂ ਪੁਰ ਕੀਤੀ ਗਈ ਮਹੱਤਵਪੂਰਨ ਚਿੱਤਰਕਾਰੀ ਦੇ ਅਲੋਪ ਹੋ ਜਾਣ ਅਤੇ ਉਨ੍ਹਾਂ ਦਾ ਮੂਲ ਸਰੂਪ ਵਿਗਾੜੇ ਜਾਣ ਤੇ ਅਫਸੋਸ ਜ਼ਾਹਿਰ ਕੀਤਾ ਹੈ। ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਡਾ: ਜਸਵਿੰਦਰ ਸਿੰਘ ਭੁੱਲਰ, ਡਾ: ਭੁਪਿੰਦਰ ਸਿੰਘ ਜੋਲੀ,ਪ੍ਰਸਿੱਧ ਚਿੱਤਰਕਾਰ ਸ: ਸੁਖਪਾਲ ਸਿੰਘ ਆਰਟਿਸਟ, ਸ: ਜਸਵੰਤ ਸਿੰਘ ਜੱਸ ਪੱਤਰਕਾਰ ਪ੍ਰਸਿੱਧ ਅਦਾਕਾਰ ਅਤੇ ਉਘੇ ਸਿੱਖ ਚਿੰਤਕ ਸ: ਦਿਲਜੀਤ ਸਿੰਘ ਬੇਦੀ ਨੇ ਅੱਜ ਸੰਖੇਪ ਭਾਵਪੂਰਤ ਮਿਲਣੀ ਕਰਕੇ ਕਿਹਾ ਕਿ ਵੱਖ-ਵੱਖ ਧਾਰਮਿਕ, ਰਾਜਸੀ, ਸਭਿਆਚਾਰਕ ਸਥਾਨਾਂ ਪੁਰ ਕੀਤੀ ਗਈ ਮਹੱਤਵਪੂਰਨ ਚਿੱਤਰਕਾਰੀ ਅਲੋਪ ਹੋ ਰਹੀ ਹੈ। ਉਨ੍ਹਾਂ ਡੂੰਘਾ ਅਫਸੋਸ ਅਤੇ ਦੁੱਖ ਦਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਵਿਰਾਸਤ ਦੇ ਦੁਸਮਨਾਂ ਵੱਲੋਂ ਇਕ ਸੋਚੀ ਸਮਝੀ ਸਾਜਿਸ਼ ਤਹਿਤ ਛੇੜ ਛਾੜ ਕੀਤੀ ਗਈ ਤੇ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਅੰਦਰ ਪੁਰਾਤਨ ਸਮੇਂ ਤੋਂ ਹੋਈ ਕੰਧ ਚਿੱਤਰਕਾਰੀ ਦਾ ਮੂਲ ਸਰੂਪ ਖਤਮ ਕੀਤਾ ਜਾਣਾ ਬੇਹੱਦ ਅਫਸੋਸ ਜਨਕ ਹੈ। ਵੱਡੀਆਂ ਸੰਸਥਾਵਾਂ ਵੱਲੋਂ ਕਾਰ ਸੇਵਾ ਦੇ ਬਹਾਨੇ ਪੁਰਾਤਨ ਇਮਾਰਤਾਂ ਭਵਨਾਂ ਨੂੰ ਢਾਹੁਣ ਦੇ ਬਹਾਨੇ ਇਨਾਂ ਦੀ ਕੋਈ ਪੁਖਤਾ ਸਾਂਭ ਸੰਭਾਲ ਨਹੀ ਕੀਤੀ ਜਾ ਰਹੀ ਜਿਸ ਨਾਲ ਪੁਰਾਤਨ ਕੰਧ ਚਿੱਤਰਕਾਰੀ ਮਰਦੀ ਮੁਕਦੀ ਨਜ਼ਰ ਆ ਰਹੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸਰਕਾਰੀ ਪੁਰਾਤਨ ਸਭਿਆਚਾਰਕ ਵਿਭਾਗ ਜੋ ਪੁਰਾਤਨ ਭਵਨਾਂ ਦੀ ਪਹਿਰੇਦਾਰੀ ਕਰਦੇ ਹਨ ਨੂੰ ਅਪੀਲ ਕੀਤੀ ਕਿ ਪੁਰਾਤਨ ਕੰਧ ਚਿੱਤਰਕਾਰੀ ਨੂੰ ਸੰਭਾਲਣ ਲਈ ਤਰੁੰਤ ਠੋਸ ਉਪਰਾਲੇ ਕੀਤੇ ਜਾਣ। ਇਸ ਮੌਕੇ ਸ: ਦਿਲਜੀਤ ਸਿੰਘ ਬੇਦੀ ਨੇ ਆਪਣੀਆਂ ਰਚਿਤ ਪੁਸਤਕਾਂ ਅਦਬੀ ਮੁਲਾਕਾਤਾਂ, ਗੁਰਦੁਆਰਾ ਕੋਸ਼ ਅਤੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਨਿਹੰਗ ਸਿੰਘ ਸੰਦੇਸ਼ ਵਿਸ਼ੇਸ਼ ਅੰਕ ਡਾ: ਜਸਵਿੰਦਰ ਸਿੰਘ ਭੁੱਲਰ , ਡਾ: ਭੁਪਿੰਦਰ ਸਿੰਘ ਜੋਲੀ, ਪ੍ਰਸਿੱਧ ਚਿੱਤਰਕਾਰ ਸ: ਸੁਖਪਾਲ ਸਿੰਘ ਆਰਟਿਸਟ ਅਤੇ ਸ: ਜਸਵੰਤ ਸਿੰਘ ਜੱਸ ਨੂੰ ਭੇਟ ਕੀਤੀਆਂ। ਇਸ ਸਮੇਂ ਸ: ਲਖਬੀਰ ਸਿੰਘ ਛੱਜਲਵਿੱਡੀ, ਡਾ: ਨਵਤੇਜ ਸਿੰਘ ਬੇਦੀ, ਡਾ: ਨਿਰੰਕਾਰ ਸਿੰਘ ਨੇਕੀ, ਸ: ਸੁਰਜੀਤ ਸਿੰਘ ਰਾਹੀ, ਸ: ਹਰਜਿੰਦਰ ਸਿੰਘ ਬੱਗਾ, ਸ: ਮੰਗਲ ਸਿੰਘ ਲਾਲਪੁਰਾ, ਸ: ਗੁਰਸੇਵਕ ਸਿੰਘ ਬਾਠ ਤਰਸਿੱਕਾ, ਸ: ਮਨਪ੍ਰੀਤ ਸਿੰਘ ਬੇਦੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *