ਪ੍ਰਧਾਨ ਮੰਤਰੀ ਮੋਦੀ ਨੇ ਦਫ਼ਤਰ ’ਚ ਵਰਕਰ ਕਰਮੀਆਂ ਦੀਆਂ ਧੀਆਂ ਤੋਂ ਬੰਨ੍ਹਵਾਈ ਰੱਖੜੀ
ਨਵੀਂ ਦਿੱਲੀ (ਮਧੂਸਾਰ ਬਿਊਰੋ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰੱਖੜੀ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਦਫ਼ਤਰ ’ਚ ਕੰਮ ਕਰਨ ਵਾਲੇ ਸਫਾਈ ਕਰਮੀਆਂ, ਸਹਾਇਕਾਂ ਅਤੇ ਹੋਰ ਕਰਮੀਆਂ ਦੀਆਂ ਧੀਆਂ ਤੋਂ ਰੱਖੜੀ ਬੰਨਵਾਈ। ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਆਵਾਸ ’ਤੇ ਇਨ੍ਹਾਂ ਕੁੜੀਆਂ ਤੋਂ ਰੱਖੜੀ ਬੰਨਵਾਈ। ਉਨ੍ਹਾਂ ਮੁਤਾਬਕ ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨ੍ਹਣ ਵਾਲਿਆਂ ’ਚ ਸਫਾਈ ਕਰਮੀ, ਸਹਾਇਕ, ਮਾਲੀ ਅਤੇ ਵਾਹਨ ਚਾਲਕਾਂ ਦੀਆਂ ਧੀਆਂ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਧੀਆਂ ਵਲੋਂ ਰੱਖੜੀ ਬੰਨ੍ਹਣ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ- ‘‘ਇਨ੍ਹਾਂ ਧੀਆਂ ਦੇ ਨਾਲ ਇਕ ਬਹੁਤ ਹੀ ਖਾਸ ਰੱਖੜੀ…।’’
ਅਧਿਕਾਰੀਆਂ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ’ਚ ਪ੍ਰਧਾਨ ਮੰਤਰੀ ਸਫਾਈ ਕਰਮੀ, ਸਹਾਇਕ, ਮਾਲੀ ਅਤੇ ਵਾਹਨ ਚਾਲਕ ਦੀਆਂ ਧੀਆਂ ਤੋਂ ਰੱਖੜੀ ਬੰਨ੍ਹਵਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਰੱਖੜੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਸਨ। ਭਰਾ ਅਤੇ ਭੈਣ ਵਿਚਾਲੇ ਪਿਆਰ ਦੇ ਪ੍ਰਤੀਕ ਦੇ ਰੂਪ ’ਚ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਦੇਸ਼ ਭਰ ’ਚ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

