ਕੇਜਰੀਵਾਲ ਦੀ ਗਾਰੰਟੀ ਨੂੰ ਲੈ ਕੇ ਆਪ ਆਗੂਆਂ ਨੇ ਪ੍ਰਨੀਤ ਕੌਰ ਦੀ ਕੀਤੀ ਘੇਰਾਬੰਦੀ
ਸੱਤਾ ਤੋਂ ਪੰਜ ਮਹੀਨਿਆਂ ਬਾਅਦ ਸਰਕਾਰ ਨੇ ਗਾਰੰਟੀਆਂ ਲਾਗੂ ਕੀਤੀਆਂ : ਤੇਜਿੰਦਰ ਮਹਿਤਾ, ਇੰਦਰਜੀਤ ਸੰਧੂ
ਪਟਿਆਲਾ 28 ਅਗਸਤ (ਮਧੂਸਾਰ ਬਿਊਰੋ) ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਔਰਤਾਂ ਨੂੰ ਇਕ ਹਜਾਰ ਰੁਪਏ ਦੇਣ ਦੀ ਮੰਗ ਚੁੱਕੇ ਜਾਣ ਤੋਂ ਬਾਅਦ ਆਪ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇਹ ਕੋਈ ਕਾਂਗਰਸ ਦੇ ਰਾਜ ਸਮੇਂ ਵਿਚ ਕੀਤੇ ਹੋਏ ਵਾਅਦੇ ਨਹੀਂ ਬਲਕਿ ਅਰਵਿੰਦਰ ਕੇਜਰੀਵਾਲ ਦੀ ਗਾਰੰਟੀ ਹੈ, ਜੋ ਜ਼ਮੀਨੀ ਤੌਰ ’ਤੇ ਲਾਗੂ ਕੀਤੀ ਜਾਂਦੀ ਹੈ। ਆਪ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰਨੀਤ ਕੌਰ ਦੀ ਘੇਰਾਬੰਦੀ ਕੀਤੀ।
ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਇੰਦਰਜੀਤ ਸਿੰਘ ਸੰਧੂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਮਹਿਜ ਪੰਜ ਮਹੀਨੇ ਦੇ ਅਰਸੇ ਵਿਚ ਲਗਪਗ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਤੇ ਮਹਿਲਾਵਾਂ ਨੂੰ ਜੋ ਇਕ ਹਜਾਰ ਰੁਪਏ ਦੇਣ ਦੀ ਗਾਰੰਟੀ ਹੈ ਉਸ ਨੂੰ ਵੀ ਜਲਦ ਪੂਰਾ ਕਰ ਲਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਹੁਣ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ 17 ਹਜਾਰ ਸਰਕਾਰੀ ਅਸਾਮੀਆਂ ‘ਤੇ ਭਰਤੀ ਕਰ ਚੁੱਕੀ ਹੈ, ਪੰਜਾਬ ਵਿਚ 100 ਮੁਹੱਲਾ ਕਲੀਨਿਕ ਬਣਾ ਦਿੱਤੇ ਹਨ, ਭਿ੍ਸਟਾਚਾਰ ਨੂੰ ਨੱਥ ਪਾਉਣ ਤੋਂ ਇਲਾਵਾ ਬਿਜਲੀ ਦੀ ਗਰੰਟੀ ਨੂੰ ਵੀ ਪੂਰਾ ਕਰ ਦਿੱਤਾ ਗਿਆ . ਪੰਜਾਬ ਦੀਆਂ ਬਹੁਤ ਸਾਰੀਆਂ ਸਬ-ਇੰਸਪੈਕਟਰ ਮਹਿਲਾਵਾਂ ਨੂੰ ਇੰਸਪੈਕਟਰ ਦੀ ਆਸਾਮੀ ਲਈ ਪਦ ਉੱਨਤ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਆਟਾ ਦਾਲ ਦੀ ਹੋਮ ਡਿਲਿਵਰੀ ਲਈ ਵੀ ਟੈਂਡਰ ਕਰ ਦਿੱਤੇ ਹਨ, ਜਲਦ ਲਾਭਪਾਤਰੀਆਂ ਦੇ ਘਰ ਤਕ ਸਰਕਾਰੀ ਰਾਸਨ ਪੁੱਜਦਾ ਹੋਣ ਲੱਗੇਗਾ। ਇਸ ਦੌਰਾਨ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸੇਰਮਾਜਰਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਮੋਤੀ ਮਹਿਲ ਦੇ ਦਰਵਾਜੇ ਖੁੱਲ੍ਹ ਜਾਂਦੇ ਨੇ ਅਤੇ ਚੋਣਾਂ ਖਤਮ ਹੁੰਦਿਆਂ ਹੀ ਇਹ ਕਪਾਟ ਮੁੜ ਤੋਂ ਬੰਦ ਹੋ ਜਾਂਦੇ ਹਨ ਅਤੇ ਮਹਿਲ ਵਿਚ ਕੰਮ ਲੈ ਕੇ ਜਾਂਦੇ ਲੋਕਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਰੇਕ ਸਹਿਰ ਵਿਚ ਆਪਣੇ ਦਫਤਰ ਖੋਲ੍ਹ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ . ਉਕਤ ਆਗੂਆਂ ਨੇ ਕਿਹਾ ਕਿ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮਹਿਲਾਵਾਂ ਤੇ ਹੋਏ ਅੱਤਿਆਚਾਰ ਤੇ ਭਿ੍ਸਟਾਚਾਰ ਖ਼ਿਲਾਫ ਬਿਲਕੁਲ ਚੁੱਪ ਰਹਿਣ ਵਾਲੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਜੋ ਧਰਨਾ ਦਿੱਤਾ ਗਿਆ ਸੀ ਉਹ ਬਿਲਕੁਲ ਬੇਬੁਨਿਆਦ ਸੀ ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਨੇ ਮਹਿਲਾਵਾਂ ਲਈ ਕੋਈ ਵੀ ਠੋਸ ਯਤਨ ਨਹੀਂ ਕੀਤੇ।
ਜਨਤਾ ਪ੍ਰਨੀਤ ਕੌਰ ਨੂੰ ਨਕਾਰ ਚੁੱਕੀ : ਬਲਜਿੰਦਰ ਢਿੱਲੋਂ
ਪਟਿਆਲਾ : ਸੂਬਾ ਸਕੱਤਰ ਅਤੇ ਬੁਲਾਰੇ ਬਲਜਿੰਦਰ ਸਿੰਘ ਢਿੱਲੋਂ ਨੇ ਵੀ ਪ੍ਰਨੀਤ ਕੌਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਦਾ ਆਪਣਾ ਅੰਦਰੂਨੀ ਕਲੇਸ਼ ਹੀ ਚੱਲਦਾ ਰਿਹਾ, ਜੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਵਿਖਾਈ ਦਿੰਦੇ। ਉਨ੍ਹਾਂ ਕਿਹਾ ਕਿ ਵਾਅਦਾ ਖਿਲਾਫ਼ ਕਰਕੇ ਪੰਜਾਬ ਦੀ ਜਨਤਾ ਨੂੰ ਤੁਹਾਨੁੂੰ ਨਕਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੀੜ੍ਹੀ ਹੇਠ ਸੋਟਾ ਫੇਰਕੇ ਇਹ ਜ਼ਰੂਰ ਦੇਖ ਲਓ ਕਿ ਤੁਹਾਡੀ ਸਰਕਾਰ ਸਮੇਂ ਕਿਹੜੀ ਸਹੂਲਤਾਂ ਲੋਕਾਂ ਨੂੰ ਮਿਲੀਆਂ, ਜੋ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਇਹ ਦਿਨ ਨਹੀਂ ਸੀ ਦੇਖਣੇ ਪੈਣੇ।


