ਕਲਾਸੀਕਲ ਨਾਚ ਕੱਥਕ ਵਿੱਚ ਹੁਨਰ ਵਿਕਾਸ ਵਰਕਸ਼ਾਪ’ ਦਾ ਆਗਾਜ਼
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਚ ਵਿਭਾਗ ਵਿਖੇ ਨਾਰਥ ਜ਼ੋਨ ਕਲਚਰਲ ਸੈਂਟਰ (ਐੱਨ. ਜ਼ੈੱਡ. ਸੀ. ਸੀ.) ਪਟਿਆਲਾ ਦੇ ਸਹਿਯੋਗ ਨਾਲ ‘ਕਲਾਸੀਕਲ ਨਾਚ ਕੱਥਕ ਵਿੱਚ ਹੁਨਰ ਵਿਕਾਸ ਵਰਕਸ਼ਾਪ’ ਕਰਵਾਈ ਜਾ ਰਹੀ ਹੈ। ਇਸ ਵਰਕਸ਼ਾਪ ਦਾ ਆਗਾਜ਼ ਪ੍ਰੋ. ਅਰਵਿੰਦ, ਮਾਣਯੋਗ ਵਾਈਸ ਚਾਂਸਲਰ, ਡਾ. ਰਾਜਿੰਦਰ ਸਿੰਘ ਗਿੱਲ, ਡੀਨ, ਫ਼ੈਕਲਟੀ ਆਫ਼ ਆਰਟਸ, ਗੁਰੂ ਸ਼ਮਾ ਭਾਟੇ (ਕਲਾਕਾਰ), ਡਾ. ਇੰਦਿਰਾ ਬਾਲੀ, ਮੁਖੀ, ਡਾਂਸ ਵਿਭਾਗ, ਡਾ. ਸਿੰਮੀ, ਕੋਆਰਡੀਨੇਟਰ ਡਾਂਸ ਵਿਭਾਗ ਵਲੋਂ ਕਲਾ ਭਵਨ ਦੇ ਆਡੀਟੋਰੀਅਮ ਹਾਲ ਵਿੱਚ ਕੀਤਾ ਗਿਆ। ਵਰਕਸ਼ਾਪ ਦੇ ਵਿਸ਼ਾ ਵਿਸ਼ੇਸ਼ਗ ਗੁਰੁ ਸ਼ਮਾ ਭਾਟੇ ਜੀ ਹਨ ।
ਇਸ ਆਯੋਜਨ ਦੇ ਸਕੱਤਰ ਡਾ. ਇੰਦਰਾ ਬਾਲੀ, ਮੁਖੀ, ਡਾਂਸ ਵਿਭਾਗ ਨੇ ਗੁਰੂ ਸ਼ਮਾ ਭਾਟੇ ਜੀ ਦੇ ਬਾਰੇ ਸਾਰਿਆਂ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਉਹ 40 ਸਾਲਾਂ ਤੋਂ ਕਲਾਕਾਰ, ਅਧਿਆਪਕ, ਕੋਰੀਓਗ੍ਰਾਫਰ ਵਜੋਂ ਕਈ ਰਾਜਾਂ ਦੀਆਂ ਯੂਨੀਵਰਸਿਟੀਆਂ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਪਦਮਵਿਭੂਸ਼ਨ ਪੰਡਿਤ ਵਿਰਜੂ ਮਹਾਰਾਜ ਅਵਾਰਡ, ਸ੍ਰੀ ਕੁੰਦਨਲਾਲ ਗੰਗਾਨੀ ਅਵਾਰਡ ਮਿਲੇ ਹੋਏ ਹਨ। ਗੁਰੂ ਸ਼ਮਾ ਭਾਟੇ ਜੀ ਨੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪੰਜਾਬੀ ਨੀਵਰਸਿਟੀ, ਪਟਿਆਲਾ ਵਿੱਚ ਕਲਾਸੀਕਲ ਡਾਂਸ ਦੀ ਵਰਕਸ਼ਾਪ ਲਈ ਆਉਣ ਦੀ ਬਹੁਤ ਖੁਸ਼ੀ ਹੈ। ਪੰਜਾਬ ਵਿਚ ਕੱਥਕ ਕਲਾਸੀਕਲ ਡਾਂਸ ਲਈ ਉਹ ਪਹਿਲੀ ਵਾਰ ਆਏ ਹਨ। ਉਨ੍ਹਾਂ ਵਲੋਂ ਵਿਦਿਆਰਥੀਆਂ ਨੇ ਇਸ ਸੱਤ ਰੋਜਾ ਵਰਕਸ਼ਾਪ ਦੌਰਾਨ ਕਲਾਸੀਕਲ ਡਾਂਸ ਕੱਥਕ ਦੀਆਂ ਬਰੀਕੀਆਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਜਾਵੇਗੀ। ਗੁਰੂ ਸ਼ਮਾ ਭਾਟੇ ਜੀ ਅਤੇ ਉਨ੍ਹਾਂ ਦੀ ਸਹਿਯੋਗੀ ਸ਼ਿਸ਼ਿਆ ਅਮੀਰਾ ਵਲੋਂ ਗਨੇਸ਼ ਵੰਦਨਾਂ ਦੀ ਪ੍ਰਸਤੁਤੀ ਨਾਲ ਸਮਾਂ ਬੰਨ੍ਹੀ ਰੱਖਿਆ।
ਇਸ ਵਰਕਸ਼ਾਪ ਦੇ ਉਦਘਾਟਨ ਦੇ ਮੁੱਖ ਮਹਿਮਾਨ ਡਾ. ਅਰਵਿੰਦ, ਮਾਨਯੋਗ ਵਾਈਸ ਚਾਂਸਲਰ ਸਾਹਿਬ ਨੇ ਕਲਾਸੀਕਲ ਡਾਂਸ ਕੱਥਕ ਦੀ ਇਸ ਵਰਕਸ਼ਾਪ ਕਰਵਾਉਣ ਲਈ ਨਾਰਥ ਜ਼ੋਨ ਕਲਚਰ ਸੈਂਟਰ ਅਤੇ ਡਾਂਸ ਵਿਭਾਗ ਦੀ ਸ਼ਲਾਘਾ ਕੀਤੀ। ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਉਤਸਾਹਿਤ ਵੀ ਕੀਤਾ। ਵਰਕਸ਼ਾਪ ਦੀ ਪ੍ਰਧਾਨਗੀ ਡਾ. ਨਵਜੋਤ ਕੌਰ, ਰਜਿਸਟਰਾਰ ਅਤੇ ਡਾ. ਰਾਜਿੰਦਰ ਸਿੰਘ ਗਿੱਲ, ਡੀਨ, ਫੈਕਲਟੀ ਆਫ ਆਰਟਸ ਐਂਡ ਕਲਚਰ ਵਲੋਂ ਕੀਤੀ ਗਈ। ਇਸ ਤੋਂ ਇਲਾਵਾ ਡਾ. ਕਵਿਤਾ ਸਿੰਘ, ਮੁਖੀ, ਸ੍ਰ. ਸ਼ੋਭਾ ਸਿੰਘ ਫਾਈਨ ਆਰਟਸ ਵਿਭਾਗ ਇਸ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਿਲ ਹੋਏ। ਇਸ ਵਰਕਸ਼ਾਪ ਵਿੱਚ ਡਾਂਸ ਵਿਭਾਗ ਦੇ ਗ਼ੈਰ-ਅਧਿਆਪਨ ਕਰਮਚਾਰੀਆਂ ਡਾ. ਰਮਾ ਭੱਲਾ, ਡਾ. ਮੁਜਤਬਾ ਹੁਸੈਨ, ਸ੍ਰੀ ਅਰੁਣ ਕੁਮਾਰ, ਸ਼੍ਰੀ ਬਲਕਰਨ ਸਿੰਘ, ਡਾ. ਦਿਨੇਸ਼ ਰਹੇਜਾ, ਸ੍ਰੀ ਮਧੁਰੇਸ਼ ਭੱਟ, ਸ੍ਰੀਮਤੀ ਪਰਮਜੀਤ ਕੌਰ ਅਤੇ ਸ਼੍ਰੀਮਤੀ ਗੁਰਮੀਤ ਕੌਰ ਨੇ ਡਾ. ਇੰਦਿਰਾ ਬਾਲੀ ਮੁਖੀ ਅਤੇ ਡਾ. ਸਿਮੀ ਕੋਆਰਡੀਨੇਟਰ ਵਰਕਸ਼ਾਪ ਨੂੰ ਪੂਰਾ ਸਹਿਯੋਗ ਦਿੱਤਾ। ਵਿਭਾਗ ਦੇ ਸਾਰੇ ਵਿਦਿਆਰਥੀ ਅਤੇ ਰਿਸਰਚ ਸਕਾਲਰਜ ਲਗਭਗ 40 ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਭਾਗ ਲਿਆ ਹੈ। ਇਹ ਵਰਕਸ਼ਾਪ ਪੰਜਾਬੀ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਸਾਹਿਬ ਦੀ ਸਰਪ੍ਰਸਤੀ ਹੇਠ ਲਗਾਈ ਜਾ ਰਹੀ ਹੈ। ਇਸ ਵਰਕਸ਼ਾਪ ਦੇ ਆਯੋਜਕ ਸਕੱਤਰ ਵਿਭਾਗ ਦੇ ਮੁਖੀ ਡਾ. ਇੰਦਿਰਾ ਬਾਲੀ ਅਤੇ ਵਰਕਸ਼ਾਪ ਕੋਆਰਡੀਨੇਟਰ ਡਾ. ਸਿੰਮੀ, ਐਸੋਸੀਏਟ ਪ੍ਰੋਫੈਸਰ ਹਨ। ਡਾ. ਇੰਦਿਰਾ ਬਾਲੀ ਵੱਲੋਂ ਦੱਸਿਆ ਗਿਆ ਕਿ ਇਸ ਵਰਕਸ਼ਾਪ ਦਾ ਸਮਾਪਨ ਮਿਤੀ 7-9-2022 ਨੂੰ ਵਿਦਿਆਰਥੀਆਂ ਦੀ ਵਰਕਸ਼ਾਪ ਵਿੱਚ ਦਿੱਤੀ ਸਿਖਲਾਈ ਦੀ ਪੇਸ਼ਕਾਰੀ ਨਾਲ ਕਲਾ ਭਵਨ ਆਡੀਟੋਰੀਅਮ ਵਿੱਚ ਹੋਵੇਗਾ।

