ਕਦੋਂ ਲੱਗਣਗੇ ਭਗਵਾਨਪੁਰਾ ਸੜਕ ਤੇ ਪੈਚ ਭਗਵੰਤ ਮਾਨ ਜੀ
ਹਲਕਾ ਅਮਲੋਹ ਦੀਆਂ ਦੋ ਦਰਜਨ ਸੜਕਾਂ ਪਿਛਲੇ 7 ਮਹੀਨੀਆਂ ਤੋ ਪ੍ਰੀਮਿਕਸ ਨੂੰ ਤਰਸੀਆ :– ਰਾਜੂ ਖੰਨਾ।
ਅਮਲੋਹ, 13 ਸਤੰਬਰ (ਮਧੂਸਾਰ ਬਿਊਰੋ) ਭਾਵੇਂ ਕਿ ਨਿੱਤ ਦਿਨ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਅਖ਼ਬਾਰਾਂ ਤੇ ਚੈਨਲਾਂ ਰਾਹੀਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ।ਪਰ ਹਲਕਾ ਅਮਲੋਹ ਦੀਆਂ ਸੜਕਾਂ ਵਿੱਚ ਪਏ ਵੱਡੇ ਵੱਡੇ ਟੋਏ ਸਰਕਾਰ ਦੇ ਵਿਕਾਸ ਕਾਰਜਾਂ ਤੇ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ। ਜਿਸ ਦੀ ਕਹਾਣੀ ਅਮਲੋਹ ਨਾਭਾ ਰੋਡ ਤੋ ਬੱਸ ਸਟੈਂਡ ਨੂਰਪੁਰਾ ਤੋਂ ਪਿੰਡ ਭਗਵਾਨਪੁਰਾ ਨੂੰ ਜਾਣ ਵਾਲੀ ਸੜਕ ਤੇ ਪਏ ਟੋਏ ਆਪਣੀ ਕਹਾਣੀ ਆਪ ਬਿਆਨ ਕਰਦੇਂ ਹਨ। ਭਗਵਾਨਪੁਰਾ ਸੜਕ ਤੋਂ ਲੰਘਣ ਵਾਲੇ ਰਾਹਗੀਰ ਭਗਵੰਤ ਮਾਨ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਇਸ ਸੜਕ ਤੇ ਕਦੋਂ ਪੈਚ ਲੱਗਣਗੇ ਭਗਵੰਤ ਮਾਨ ਸਰਕਾਰ ਜੀ? ਪਿੰਡ ਭਗਵਾਨਪੁਰਾ ਦੇ ਨੌਜਵਾਨ ਹਰਪਾਲ ਸਿੰਘ ਤੇ ਪ੍ਰਿਸ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੂਰਪੁਰਾ ਤੋਂ ਭਗਵਾਨਪੁਰਾ ਨੂੰ ਆਉਣ ਵਾਲੀ 2 ਕਿਲੋਮੀਟਰ ਸੜਕ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪ੍ਰੀਮਿਕਸ ਪਾਈ ਗਈ ਸੀ। ਤੇ ਹੁਣ ਇਸ ਸੜਕ ਤੇ ਪਏ ਟੋਇਆ ਕਾਰਨ ਲੰਘਣ ਵਾਲੇ ਰਾਹਗੀਰਾਂ ਨੂੰ ਜਿਥੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਇਹਨਾਂ ਟੋਇਆ ਵਿੱਚ ਲੋਕਾਂ ਦੇ ਡਿੱਗਣ ਕਾਰਨ ਹਰ ਰੋਜ਼ ਸੱਟਾ ਵੀ ਲੱਗਦੀਆਂ ਹਨ।
ਪਿੰਡ ਵਾਸੀਆਂ ਵੱਲੋਂ ਕਈ ਵਾਰ ਇਸ ਸੜਕ ਦੀ ਤਰਸਯੋਗ ਹਾਲਤ ਸਬੰਧੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਪੀ ਡਬਲਿਊ ਡੀ ਦੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ।ਪਰ ਅਜ਼ੇ ਤੱਕ ਇਸ ਸੜਕ ਤੇ ਪ੍ਰੀਮਿਕਸ ਤਾ ਕੀ ਪਾਉਣੀ ਸੀ,ਕੋਈ ਵੀ ਪੈਚ ਲਗਾਉਣ ਲਈ ਨਹੀਂ ਪੁੱਜਾ। ਜਦੋਂ ਭਗਵਾਨਪੁਰਾ ਦੀ ਟੁੱਟੀ ਸੜਕ ਸਬੰਧੀ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਗੱਲਬਾਤ ਕੀਤੀ ਤਾ ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਿਰਫ਼ ਤੇ ਸਿਰਫ਼ ਵਿਕਾਸ ਸਬੰਧੀ ਝੂਠੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਲਕਾ ਅਮਲੋਹ ਅੰਦਰ ਦੋ ਦਰਜ਼ਨ ਲਿੰਕ ਸੜਕਾਂ ਅਜਿਹੀਆਂ ਹਨ। ਜਿਹਨਾਂ ਤੇ ਪਿਛਲੇ 7 ਮਹੀਨੀਆਂ ਤੋ ਪੱਥਰ ਹੀ ਪਏ ਦਿਖਾਈ ਦੇ ਰਹੇ ਹਨ।ਤੇ ਹੁਣ ਇਹਨਾਂ ਸੜਕਾਂ ਦੀ ਹਾਲਤ ਇਹ ਹੈ ਕਿ ਸੜਕਾਂ ਤੋਂ ਪੱਥਰ ਨਿਕਲਣ ਨੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਇਹਨਾਂ ਸੜਕਾਂ ਤੋਂ ਲੰਘਣਾਂ ਵੀ ਵਧੇਰੇ ਮੁਸ਼ਕਿਲ ਹੋ ਚੁੱਕਾ ਹੈ। ਰਾਜੂ ਖੰਨਾ ਨੇ ਕਿਹਾ ਕਿ ਭਗਵਾਨਪੁਰਾ ਸੜਕ ਦੀ ਹਾਲਤ ਵੀ ਵਧੇਰੇ ਖ਼ਸਤਾ ਹੋ ਚੁੱਕੀ ਹੈ ਕਿਉਂ ਕਿ ਵੱਡੇ ਵੱਡੇ ਟੋਏ ਰਾਹਗੀਰਾਂ ਲਈ ਮੁਸੀਬਤ ਬਣ ਚੁੱਕੇ ਹਨ।ਪਰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ ਬਣ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ। ਉਹਨਾਂ ਭਗਵੰਤ ਮਾਨ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਹਲਕਾ ਅਮਲੋਹ ਦੀਆਂ ਸੜਕਾਂ ਦੀ ਹਾਲਤ ਨੂੰ ਤੁਰੰਤ ਦੇਖਦੇ ਹੋਏ ਪ੍ਰੀਮਿਕਸ ਪਾ ਕਿ ਲੋਕਾਂ ਦੀ ਮੁੱਖ ਸਮੱਸਿਆ ਦਾ ਹੱਲ ਕਰਨ,ਨਾ ਕਿ ਫੋਕੀ ਸ਼ੋਹਰਤ ਲਈ ਲੋਕਾਂ ਨੂੰ ਗੁੰਮਰਾਹ ਕਰਨ।

