ਕੁਕਿੰਗ ਅਤੇ ਬੇਕਿੰਗ’ ਵਿਸ਼ੇ ਉੱਤੇ ਵਰਕਸ਼ਾਪ ਦਾ ਆਯੋਜਨ ਕੀਤਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਯੂਨੀਵਰਸਿਟੀ ਦੇ ਸੈਰ ਸਪਾਟਾ, ਮਹਿਮਾਨਨਿਵਾਜ਼ੀ ਅਤੇ ਹੋਟਲ ਪ੍ਰਬੰਧਨ ਵਿਭਾਗ ਦੇ ਸਹਿਯੋਗ ਨਾਲ ‘ਕੁਕਿੰਗ ਅਤੇ ਬੇਕਿੰਗ’ ਵਿਸ਼ੇ ਉੱਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪਹਿਲਾਂ ਇਹ ਵਰਕਸ਼ਾਪ ਘਰੇਲੂ ਔਰਤਾਂ ਲਈ ਸੀ, ਪਰ ਯੂਨੀਵਰਸਿਟੀ ਦੀ ਫ਼ੈਕਲਟੀ ਅਤੇ ਵਿਦਿਆਰਥੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਵਰਕਸ਼ਾਪ ਨੂੰ ਉਨ੍ਹਾਂ ਲਈ ਵੀ ਖੋਲ੍ਹ ਦਿੱਤਾ ਗਿਆ ਜਿਸ ਨਾਲ਼ ਸਾਰੇ ਇੱਛੁਕ ਲੋਕਾਂ ਵੱਲੋਂ ਇਸ ਦਾ ਲਾਭ ਲਿਆ ਗਿਆ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬੇਕਿੰਗ ਅਤੇ ਕੁਕਿੰਗ ਦਾ ਹੁਨਰ ਸਿੱਖਣਾ ਸਮੇਂ ਦੀ ਲੋੜ ਹੈ ਜਿਸ ਨੂੰ ਪੂਰਾ ਕਰਨ ਵਿੱਚ ਯੂਨੀਵਰਸਿਟੀ ਦਾ ਸੈਰ ਸਪਾਟਾ, ਮਹਿਮਾਨਨਿਵਾਜ਼ੀ ਅਤੇ ਹੋਟਲ ਪ੍ਰਬੰਧਨ ਵਿਭਾਗ ਘਰੇਲੂ ਔਰਤਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਨਵੇਂ ਮੌਕੇ ਖੋਲ੍ਹਣ ਲਈ ਮਾਰਗਦਰਸ਼ਨ ਕਰ ਰਿਹਾ ਹੈ। ਉਨ੍ਹਾਂ ਵਿਭਾਗ ਦੀ ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਆਪਣੀਆਂ ਗਤੀਵਿਧੀਆਂ ਹੋਰ ਵਧਾਉਣ ਦਾ ਸੁਝਾਅ ਦਿੱਤਾ।
ਡਾ. ਰਿਤੂ ਲਹਿਲ, ਡਾਇਰੈਕਟਰ, ਨਾਰੀ ਅਧਿਐਨ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਮੌਕੇ ਬੋਲਦੇ ਹੋਇਆਂ ਸਮਾਜ ਵਿੱਚ ਬਦਲਦੇ ਰੁਝਾਨ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਲੜਕਿਆਂ ਨੂੰ ਵੀ ਘਰੇਲੂ ਕੰਮ ਸਬੰਧੀ ਹੁਨਰਮੰਚਦ ਹੋਣਾ ਚਾਹੀਦਾ ਹੈ। ਉਹਨਾਂ ਨੇ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਮਹਿਸੂਸ ਕੀਤੀ ਕਿ ਵਰਕਸ਼ਾਪ ਵਿੱਚ ਕੁੱਲ 45 ਭਾਗੀਦਾਰਾਂ ਵਿੱਚੋਂ, 30 ਪ੍ਰਤੀਸ਼ਤ ਲੜਕੇ ਹਨ ਜੋ ਸਮਾਜ ਵਿੱਚ ਲਿੰਗਕ ਰੂੜ੍ਹ ਨੂੰ ਤੋੜਨ ਵਾਲੀ ਗੱਲ ਹੈ। ਡਾ. ਪਰਮਿੰਦਰ ਢਿੱਲੋਂ, ਮੁਖੀ, ਟੂਰੀਜ਼ਮ, ਹੋਸਪਿਟੈਲਟੀ ਐਂਡ ਹੋਟਲ ਮੈਨੇਜਮੈਂਟ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਿਭਾਗ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਵਾਈਸ-ਚਾਂਸਲਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਭਵਿੱਖ ਵਿੱਚ ਭੋਜਨ ਨਾਲ ਸਬੰਧਤ ਹੋਰ ਗਤੀਵਿਧੀਆਂ ਜਿਵੇਂ ਕਿ ਟੇਬਲ ਲੇਆਉਟ ਆਦਿ ਬਾਰੇ ਵੀ ਵਰਕਸ਼ਾਪ ਦਾ ਆਯੋਜਨ ਕਰਵਾਇਆ ਜਾਵੇਗਾ। ਇਸ ਵਰਕਸ਼ਾਪ ਵਿੱਚ ਭਾਗੀਦਾਰਾਂ ਨੂੰ ਕੇਕ, ਸਲਾਦ, ਸੂਪ, ਸਟਾਰਟਰ ਆਦਿ ਬਣਾਉਣ ਬਾਰੇ ਦੱਸਿਆ ਗਿਆ। ਵਰਕਸ਼ਾ ਦੇ ਆਯੋਜਨ ਵਿੱਚ ਦੋਹਾਂ ਵਿਭਾਗਾਂ ਦੇ ਸਟਾਫ਼ ਦਾ ਪੂਰਨ ਸਹਿਯੋਗ ਰਿਹਾ।

