ਅੰਮ੍ਰਿਤਸਰ

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਵੈਟਰਨਰੀ ਸਰਜੀਕਲ’ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਵੈਟਰਨਰੀ ਸਰਜੀਕਲ ਕੈਂਪ ਲਗਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਕਾਲਜ ਦੇ ਵੈਟਰਨਰੀ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਤੋਂ ਡਾ. ਉਰਫੀਆ ਮਿਰਜ਼ਾ ਨੇ ਟੀਮ ਦੀ ਅਗਵਾਈ ਕੀਤੀ। ਇਹ ਕੈਂਪ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸਟਾਫ਼ ਦੇ ਭਰਪੂਰ ਸਹਿਯੋਗ ਨਾਲ ਲਗਾਇਆ ਗਿਆ। ਇਸ ਦੌਰਾਨ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਤਹਿਸੀਲ ਅਜਨਾਲਾ ਦੇ ਪਿੰਡ ਫੱਤੇਵਾਲ, ਭਲੋਟ ਅਤੇ ਪੂੰਗਾ ਦੇ ਪਸ਼ੂਆਂ ਦੀ ਸਿਹਤ ਸਬੰਧੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਆਦਾਤਰ ਸਰਜੀਕਲ ਸ਼ਿਕਾਇਤਾਂ ਪਟੇਲਰ ਦੇ ਫ਼ਿਕਸੇਸ਼ਨ ਨਾਲ ਸਬੰਧਤ ਸਨ, ਜਿਸ ਨੂੰ ਆਮ ਤੌਰ ’ਤੇ ‘ਸਰਨ’ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ’ਚ ਮੈਡੀਕਲ ਪੈਟੇਲਰ ਡੇਸਮੋਟੋਮੀ (ਐਮ. ਪੀ. ਡੀ.) ਕੀਤੀ ਗਈ ਸੀ। ਇਸ ਮੌਕੇ ਖੇਤਰੀ ਪੱਧਰ ’ਤੇ ਕੀਤੀਆਂ ਗਈਆਂ ਅੰਦਰੂਨੀ ਪ੍ਰਕਿਰਿਆਵਾਂ ਦਾ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਪਿੰਡ ਮੋਤਲਾ ਦੇ ਨੇੜਲੇ ਮੱਝਾਂ ਦੇ ਡੇਅਰੀ ਫਾਰਮ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਸਾਰੇ ਪਸ਼ੂਆਂ ਦੀ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਬਿਮਾਰੀਆਂ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਆਦਰਸ਼ ਪ੍ਰਬੰਧਨ ਅਭਿਆਸਾਂ ਦਾ ਸੁਝਾਅ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਪਿੰਡ ਛੀਨਾ ਕਰਮ ਸਿੰਘ ਵਿਖੇ ਘੋੜਿਆਂ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀਆਂ ਰਣਨੀਤੀਆਂ ਬਾਰੇ ਜਾਣੂ ਕਰਵਾਉਣ ਸਬੰਧੀ ਘੋੜਸਵਾਰ ਫਾਰਮ ਦਾ ਵੀ ਦੌਰਾ ਕੀਤਾ। ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਅਜਿਹੇ ਫੀਲਡ ਕੈਂਪ ਉਭਰ ਰਹੇ ਨੌਜਵਾਨ ਪਸ਼ੂਆਂ ਦੇ ਡਾਕਟਰਾਂ ਲਈ ਕਿਸਾਨਾਂ ਨੂੰ ਉਨ੍ਹਾਂ ਦੇ ਫਾਰਮਾਂ ਤੇ ਘਰ-ਘਰ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਸਿੱਖਣ ਦਾ ਅਨੁਭਵ ਪ੍ਰਦਾਨ ਕਰਨ ’ਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਪੰਚਾਇਤ ਆਪਣੇ ਪਿੰਡ ’ਚ ਪਸ਼ੂ ਭਲਾਈ ਕੈਂਪ ਲਗਾਉਣ ਦੀ ਇਛੁੱਕ ਹੈ ਤਾਂ ਉਹ 62834-29117 ’ਤੇ ਸੰਪਰਕ ਕਰ ਸਕਦੀ ਹੈ। ਇਸ ਤੋਂ ਇਲਾਵਾ ਕਾਲਜ ਬੀਮਾਰ ਜਾਨਵਰਾਂ ਲਈ ਆਧੁਨਿਕ ਜਾਂਚ ਅਤੇ ਇਲਾਜ ਸਹੂਲਤਾਂ ਨਾਲ ਭਰਪੂਰ ਇੱਕ 24 ਘੰਟੇ ਵੈਟਰਨਰੀ ਹਸਪਤਾਲ ਚਲਾ ਰਿਹਾ ਹੈ। ਡਾ. ਵਰਮਾ ਨੇ ਕਿਹਾ ਕਿ ਕਾਲਜ ਦੁਆਰਾ ਕਿਸਾਨਾਂ ਲਈ ਪਸ਼ੂ ਪਾਲਣ ਫਾਰਮ ਸਲਾਹਕਾਰ ਤੋਂ ਇਲਾਵਾ ਡੇਅਰੀ, ਮੁਰਗੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ ਅਤੇ ਪਸ਼ੂਧਨ ਉਤਪਾਦਾਂ ਦੇ ਮੁੱਲ ਵਾਧੇ ’ਚ ਸਿਖਲਾਈ ਦੇ ਨਾਲ ਐਮਰਜੈਂਸੀ ਵੈਟਰਨਰੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

Leave a Reply

Your email address will not be published. Required fields are marked *