ਖਾਲਸਾ ਸੰਸਥਾਵਾਂ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਜਾਇਆ ਵਿਸ਼ਾਲ ‘ਨਗਰ ਕੀਰਤਨ’
ਖਾਲਸਾ ਕਾਲਜ ’ਤੋਂ ਆਰੰਭ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਾ
ਅੰਮਿ੍ਰਤਸਰ, 7 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।
ਇਸ ਮੌਕੇ ਦੇਸ਼-ਵਿਦੇਸ਼ ’ਚ ਵੱਸਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਰਮ ਕਾਂਢਾ, ਜਾਤ ਪਾਤ, ਊਚ ਨੀਚ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਕੱਢਣ ਲਈ ਆਪਣੇ ਜੀਵਨ ’ਚ ਚਾਰ ਉਦਾਸੀਆਂ ਕਰਦਿਆਂ ਸਮੂਹ ਜਗਤ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਦਾ ਉਪਦੇਸ਼ ਦਿੱਤਾ। ਉਨ੍ਹਾਂ ਗੁਰੂ ਸਾਹਿਬ ਜੀ ਦੇ ਭਾਈਚਾਰਕ ਸਾਂਝ ਦੇ ਫ਼ਲਸਫ਼ੇ ਅਤੇ ਸਮਾਜ ਨੂੰ ਸੱਚ ਦੇ ਮਾਰਗ ’ਤੇ ਚੱਲਣ ਤੋਂ ਇਲਾਵਾ ਨਾਮ ਸਿਮਰਨ ਲਈ ਪ੍ਰੇਰਿਤ ਕੀਤਾ।
ਇਸ ਪਵਿੱਤਰ ਦਿਹਾੜੇ ਦੇ ਸਬੰਧ ’ਚ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਸਮੂਹ ਕਾਲਜ/ਸਕੂਲਾਂ ਦੇ ਪਿ੍ਰੰਸੀਪਲਾਂ, ਸਟਾਫ਼ ਮੈਂਬਰ ਅਤੇ ਕਰੀਬ 20 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਨਗਰ ਕੀਰਤਨ ’ਚ ਹਾਜ਼ਰੀ ਲਗਵਾ ਕੇ ਇਲਾਹੀ ਨਜ਼ਾਰੇ ਦਾ ਆਨੰਦ ਮਾਣਿਆ। ਨਗਰ ਕੀਰਤਨ ’ਚ ਸ਼ਾਮਿਲ ਵਿਦਿਆਰਥੀ-ਵਿਦਿਆਰਥਣਾਂ ‘ਬੋਲੇ ਸੋ ਨਿਹਾਲ, ਪੰਥ ਕੀ ਜੀਤ’ ਆਦਿ ਜੈਕਾਰੇ ਗੂੰਜਾਉਂਦੇ ਹੋਏ ਸ਼ਾਮਿਲ ਹੋਏ ਅਤੇ ਗੁਰਬਾਣੀ ਸ਼ਬਦ ਦਾ ਉਚਾਰਣ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਪਹੁੰਚੇ। ਇਸ ਮੌਕੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵੀ ਦਿਖਾਏ। ਨਗਰ ਕੀਰਤਨ ਖਾਲਸਾ ਕਾਲਜ ਤੋਂ ਸ਼ੁਰੂ ਹੋ ਕੇ ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਭੰਡਾਰੀ ਪੁੱਲ ਅਤੇ ਹਾਲ ਬਜਾਰ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਇਆ। ਨਗਰ ਕੀਰਤਨ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ’ਤੇ ਪੁੱਜਣ ਮੌਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੈਨੇਜ਼ਰ ਸ: ਸਤਨਾਮ ਸਿੰਘ ਮਾਗਾਂਸਰਾਏ, ਸਿੰਘ ਸਾਹਿਬ ਗਿਆਨੀ ਗੁਰਮਹਿੰਦਰ ਸਿੰਘ (ਗ੍ਰੰਥੀ, ਸ੍ਰੀ ਦਰਬਾਰ ਸਾਹਿਬ), ਐਡੀਸ਼ਨਲ ਮੈਨੇਜ਼ਰ ਸ: ਨਿਸ਼ਾਨ ਸਿੰਘ, ਸ: ਸੁਖਰਾਜ ਸਿੰਘ, ਸੂਚਨਾ ਵਿਭਾਗ ਤੋਂ ਸ: ਜਸਵਿੰਦਰ ਸਿੰਘ ਜੱਸੀ, ਸ: ਰਣਧੀਰ ਸਿੰਘ ਅਤੇ ਸ: ਅੰਮਿ੍ਰਤਪਾਲ ਸਿੰਘ ਵੱਲੋਂ ਸ: ਛੀਨਾ ਸਮੇਤ ਕੌਂਸਲ ਦੇ ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ, ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਨ, ਸ: ਸਰਬਜੀਤ ਸਿੰਘ ਹੁਸ਼ਿਆਰ ਨਗਰ, ਸ: ਪਰਮਜੀਤ ਸਿੰਘ ਬੱਲ ਅਤੇ ਸਮੂਹ ਕਾਲਜਾਂ ਦੇ ਪਿ੍ਰੰਸੀਪਲਜ਼ ਆਦਿ ਦਾ ਸਵਾਗਤ ਕਰਦਿਆਂ ਸਿਰੋਪਾਓ ਭੇਟ ਕੀਤਾ ਗਿਆ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ’ਚ ਸਾਫ਼ਲੂ-ਸਫ਼ਾਈ ਦੀ ਵਿਵਸਥਾ ਨੂੰ ਦਰੁਸਤ ਰੱਖਣ ਲਈ ਕਾਲਜ ਵਿਦਿਆਰਥੀਆਂ ਦੇ ਨਾਲ-ਨਾਲ ਚੱਲਦਿਆਂ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਦੁਆਰਾ ਨਗਰ ਕੀਰਤਨ ਲਈ ਕੀਤੇ ਗਏ ਕਰੜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਕੌਂਸਲ ਦੇ ਮੈਂਬਰ ਸ: ਲਖਵਿੰਦਰ ਸਿੰਘ ਢਿੱਲੋਂ, ਗੁਰਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ, ਪਿ੍ਰੰ: ਡਾ. ਸੁਰਿੰਦਰਪਾਲ ਕੌਰ ਢਿੱਲੋਂ, ਪਿ੍ਰੰ: ਡਾ. ਆਰ. ਕੇ. ਧਵਨ, ਡਾਇਰੈਕਟਰ ਡਾ. ਮੰਜ਼ੂ ਬਾਲਾ, ਪਿ੍ਰੰ: ਡਾ. ਕਮਲਜੀਤ ਕੌਰ, ਪਿ੍ਰੰ: ਸ: ਗੁਰਦੇਵ ਸਿੰਘ, ਡਾਇਰੈਕਟਰਕਮਪਿ੍ਰੰ: ਡਾ. ਜਸਪਾਲ ਸਿੰਘ, ਪਿ੍ਰੰ: ਡਾ. ਸੁਰਿੰਦਰ ਕੌਰ, ਪਿ੍ਰੰ: ਡਾ. ਇੰਦਰਜੀਤ ਸਿੰਘ ਗੋਗੋਆਣੀ, ਪਿ੍ਰੰ: ਨਾਨਕ ਸਿੰਘ, ਪਿ੍ਰੰ: ਕਵਲਜੀਤ ਸਿੰਘ, ਪਿ੍ਰੰ: ਐਸ. ਕੇ. ਨਾਗਪਾਲ, ਪਿ੍ਰੰ: ਏ. ਐੱਸ. ਗਿੱਲ, ਪਿ੍ਰੰ: ਪੁਨੀਤ ਕੌਰ ਨਾਗਪਾਲ, ਪਿ੍ਰੰ: ਨਿਰਮਲਜੀਤ ਕੌਰ, ਪਿ੍ਰੰ: ਗੁਰਿੰਦਰਜੀਤ ਕੌਰ, ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ, ਅੰਡਰ ਸੈਕਟਰੀ ਸ: ਡੀ. ਐੱਸ. ਰਟੌਲ, ਅਧਿਆਪਕ ਸਾਹਿਬਾਨ, ਗੈਰ ਅਧਿਆਪਨ ਸਟਾਫ ਮੈਂਬਰ ਅਤੇ ਵੱਡੀ ਗਿਣਤੀ ’ਚ ਸਮੂੰਹ ਕਾਲਜ, ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

