ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਵਲੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਮੈਨੇਜਰ ਦਰਬਾਰ ਸਾਹਿਬ ਨੂੰ ਵਧਾਈ
ਅੰਮਿ੍ਰਤਸਰ 18 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ, ਆਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦੇ ਨਵ ਨਿਯੁਕਤ ਹੋਏ ਸਕੱਤਰ ਸ. ਪ੍ਰਤਾਪ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਣੇ ਸ. ਸਤਨਾਮ ਸਿੰਘ ਮਾਂਗਾਸਰਾਏ ਨੂੰ ਮਿਲ ਕੇ ਵਧਾਈ ਦਿਤੀ ਹੈ।
ਅੱਜ ਏਥੇ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਸ. ਜੋਗਿੰਦਰ ਸਿੰਘ ਅਦਲੀਵਾਲ ਪ੍ਰਧਾਨ, ਸ. ਰਾਜ ਸਿੰਘ, ਸ. ਹਰਦੀਪ ਸਿੰਘ ਪੱਟੀ, ਸ. ਪਰਮਿੰਦਰ ਸਿੰਘ ਡੰਡੀ, ਸ. ਜਸਵੰਤ ਸਿੰਘ ਨੇ ਦੋਹਾਂ ਅਧਿਕਾਰੀਆਂ ਨੂੰ ਸਿਰਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਆ ਹੈ। ਇਸ ਮੌਕੇ ਡਾ. ਰੂਪ ਸਿੰਘ ਕਾਹਲੋਂ, ਸ. ਦਿਲਜੀਤ ਸਿੰਘ ਬੇਦੀ ਦੋਵੇਂ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ. ਪਰਮਜੀਤ ਸਿੰਘ ਬਾਜਵਾ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੇ ਵੀ ਨਵਨਿਯੁਕਤ ਸਕੱਤਰ ਅਤੇ ਮੈਨੇਜਰ ਨੂੰ ਮੁਬਾਰਕਬਾਦ ਦਿਤੀ ਅਤੇ ਹੋਰ ਚੰਗੇਰੀਆਂ ਸੇਵਾਵਾਂ ਨਿਭਾਏ ਜਾਣ ਦੀ ਆਸ ਪ੍ਰਗਟਾਈ ਹੈ। ਸ. ਬੇਦੀ ਨੇ ਕਿਹਾ ਕਿ ਉਨ੍ਹਾਂ ਦੋਹਾਂ ਆਹੁਦਿਆਂ ਤੇ ਸੇਵਾ ਨਿਭਾਉਣ ਵਾਲੇ ਕੌਮ ਦੀਆਂ ਮਹਾਨ ਸਖਸ਼ੀਅਤਾਂ ਹੋਈਆਂ ਹਨ। ਨੇਕਨਿਯਤ, ਸਾਫਗੋਈ ਤੇ ਸ਼ਰਧਾ ਭਾਵਨਾ ਨਾਲ ਕੀਤੀਆਂ ਸੇਵਾਵਾਂ ਹਮੇਸ਼ਾ ਗੁਰੂ ਘਰ ਪ੍ਰਵਾਨ ਹੁੰਦੀਆਂ ਹਨ।

