ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਬਾਰੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਪ੍ਰੋਗਰਾਮ
ਪਟਿਆਲਾ, 29 ਨਵੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਬਾਰੇ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਜਾਗਰੂਕਤਾ ਪ੍ਰੋਗਰਾਮ ਪਿੰਡ ਕੁਲਬੁਰਛਾਂ ਵਿਖੇ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿਚ 150 ਦੇ ਕਰੀਬ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਇਸ ਮੌਕੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਵਿਪਨ ਕੁਮਾਰ ਰਾਮਪਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪਰਾਲੀ ਨੂੰ ਸੁਚੱਜੇ ਢੰਗ ਨਾਲ ਸਾਂਭਣ ਲਈ ਪ੍ਰੇਰਿਤ ਕੀਤਾ ਅਤੇ ਕੇ.ਵੀ.ਕੇ., ਪਟਿਆਲਾ ਵਿਖੇ ਲਗਾਏ ਜਾਣ ਵਾਲੇ ਵੱਖ-ਵੱਖ ਟਰੇਨਿੰਗ ਕੋਰਸਾਂ ਬਾਰੇ ਜਾਣਕਾਰੀ ਦਿੱਤੀ।ਡਾ. ਗੁਰਨਾਜ਼ ਸਿੰਘ ਗਿੱਲ ਨੇ ਪਰਾਲੀ ਦੀ ਸੰਭਾਲ ਸਬੰਧੀ ਮਸ਼ੀਨਰੀ ਦੀ ਸਰਵੋਤਮ ਅਤੇ ਸੁਚੱਜੀ ਵਰਤੋਂ ਬਾਰੇ ਦੱਸਿਆ। ਇਸ ਦੇ ਨਾਲ ਹੀ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਅਤੇ ਮਿੱਟੀ ਵਿਚੋਂ ਹੋਰ ਖੁਰਾਕੀ ਤੱਤ ਨਸ਼ਟ ਹੋਣ ਬਾਰੇ ਜਾਗਰੂਕ ਕੀਤਾ।
ਡਾ. ਰਜਨੀ ਗੋਇਲ ਨੇ ਪ੍ਰੋਸੈਸਿੰਗ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਦੱਸਿਆ ਅਤੇ ਉਸ ਨਾਲ ਹੋਣ ਵਾਲੀ ਆਮਦਨ ਵਿਚ ਮੁੱਲ ਵਾਧੇ ਬਾਰੇ ਜਾਣਕਾਰੀ ਦਿੱਤੀ। ਡਾ. ਹਰਦੀਪ ਸਿੰਘ ਸਭੀਖੀ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਪਰਾਲੀ ਸਾੜਨ ਦੇ ਨਾਲ ਮਿੱਤਰ ਕੀੜਿਆਂ ਨੂੰ ਹੋਣ ਵਾਲੇ ਨੁਕਸਾਨ ਅਤੇ ਮੌਸਮ ਅਨੁਸਾਰ ਕਣਕ ਦੀ ਫਸਲ ਵਿਚ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਬਾਰੇ ਦੱਸਿਆ। ਇਸ ਮੌਕੇ ਪਿੰਡ ਕੁਲਬੁਰਛਾਂ ਅਤੇ ਨੇੜਲੇ ਪਿੰਡਾਂ ਤੋਂ ਆਏ ਉੱਦਮੀ ਕਿਸਾਨਾਂ ਨੂੰ ਪਰਾਲੀ ਨੂੰ ਸੁਚੱਜੇ ਢੰਗ ਨਾਲ ਖੇਤ ਵਿਚ ਸੰਭਾਲਣ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਸ. ਹਰਪਾਲ ਸਿੰਘ, ਕੁਲਬੁਰਛਾਂ ਪਿੰਡ ਦੇ ਸਰਪੰਚ, ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਦਾ ਇਸ ਪਿੰਡ ਵਿਖੇ ਖੇਤੀਬਾੜੀ ਦਾ ਕੈਂਪ ਲਾਉਣ ਦਾ ਧੰਨਵਾਦ ਕੀਤਾ। ਸ. ਜਗਤਾਰ ਸਿੰਘ, ਅਗਾਂਹਵਧੂ ਕਿਸਾਨ ਵੀਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਖੇਤੀਬਾੜੀ ਵਾਲੇ ਪ੍ਰੋਗਰਾਮ ਇਸ ਪਿੰਡ ਵਿਚ ਲਗਾਏ ਜਾਣ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਫ਼ਾਇਦਾ ਹੋ ਸਕੇ। ਅੰਤ ਵਿਚ ਡਾ. ਵਿਪਨ ਕੁਮਾਰ ਰਾਮਪਾਲ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।

