ਬੰਦੀ ਸਿੱਖਾਂ ਦੀ ਰਿਹਾਈ ਲਈ ‘ਦਸਤਖਤੀ ਮੁਹਿੰਮ’ ਤੇਜ਼, 4000 ਹਜ਼ਾਰ ਦਾ ਅੰਕੜਾ ਪਾਰ
ਸੰਗਤ ‘ਦਸਤਖਤੀ ਮੁਹਿੰਮ’ ਦਾ ਮੁਹਾਜ ਬਣਾ ਦੇਵੇ ਤਾਂ ਰਿਹਾਈ ਹੋ ਸਕਦੀ ਜਲਦ : ਮੈਨੇਜਰ ਜਰਨੈਲ ਸਿੰਘ ਮੁਕਤਸਰੀ

ਪਟਿਆਲਾ 7 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ‘ਦਸਤਖਤੀ ਮੁਹਿੰਮ’ ਦਿਨ ਬ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੀ ਦਰਸ਼ਨੀ ਡਿਉੜੀ ਵਿਖੇ ਚੱਲ ਰਹੀ ‘ਦਸਤਖਤੀ ਮੁਹਿੰਮ’ ਵਿਚ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਵੱਧ ਚੜ੍ਹਕੇ ਹਿੱਸਾ ਲੈ ਰਹੀਆਂ ਹਨ। ‘ਦਸਤਖਤੀ ਮੁਹਿੰਮ’ ਨੂੰ ਤੇਜ਼ ਕਰਨ ਲਈ ਖੁਦ ਗੁਰਦੁਆਰਾ ਪ੍ਰਬੰਧਕ ਮੈਨੇਜਰ ਸਾਹਿਬਾਨ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੇ ਕਮਾਨ ਸੰਭਾਲੀ ਹੋਈ ਹੈ, ਜਿਸ ਤਹਿਤ ਹੁਣ ਤੱਕ ‘ਦਸਤਖਤੀ ਮੁਹਿੰਮ’ ਦੇ ਪ੍ਰੋਫਾਰਮਾਂ ਭਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 4000 ਤੋਂ ਪਾਰ ਹੋ ਚੁੱਕਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਹਰ ਵਰਗ ਦੀ ਸੰਗਤ ਇਸ ਮੁਹਿੰਮ ਦਾ ਹਿੱਸਾ ਬਣਨ ਲੱਗ ਪਈ ਹੈ।
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤ ਰੋਜ਼ਾਨਾ ਮੱਥਾ ਟੇਕਣ ਤਾਂ ਪੁੱਜਦੀ ਹੈ, ਪਰ ਉਨ੍ਹਾਂ ਵੱਲੋਂ ਪੂਰੀ ਤਰ੍ਹਾਂ ਉਤਸ਼ਾਹਤ ਹੋ ਕੇ ‘ਦਸਤਖਤੀ ਮੁਹਿੰਮ’ ਦਾ ਹਿੱਸਾ ਬਣਿਆ ਜਾ ਰਿਹਾ ਹੈ। ਸੰਗਤਾਂ ਦਾ ਕਹਿਣਾ ਹੈ ਕਿ ਜੇ ਸਿੱਖਾਂ ਨੇ ਜੇਲ੍ਹਾਂ ਵਿਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਤਾਂ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ‘ਦਸਤਖਤੀ ਮੁਹਿੰਮ’ ਦੇ ਪ੍ਰੋਫਾਰਮਾਂ ਨੂੰ ਭਰਨ ਵਾਲੇ ਇਸ ਮੁਹਿੰਮ ਵਿਚ ਸੰਗਤਾਂ ਜੁਟੀਆਂ ਨਜ਼ਰ ਆਉਣ ਲੱਗੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਮੈਨੇਜਰ ਜਰਨੈਲ ਸਿੰਘ ਮੁਕਤਸਰੀ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਜਲਦ ਰਿਹਾਈ ਲਈ ਸੰਗਤਾਂ ਨੂੰ ਵੱਧ ਚੜ੍ਹਕੇ ‘ਦਸਤਖਤੀ ਮੁਹਿੰਮ’ ’ਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸੰਗਤਾਂ ‘ਦਸਤਖਤੀ ਮੁਹਿੰਮ’ ਦਾ ਮੁਹਾਜ ਬਣਾ ਦੇਣ ਤਾਂ ਬੰਦੀ ਸਿੱਖਾਂ ਦੀ ਰਿਹਾਈ ਜਲਦ ਹੋ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਗੁਰਮੀਤ ਸਿੰਘ ਸੁਨਾਮ, ਹਰਵਿੰਦਰ ਸਿੰਘ ਕਾਹਲਵਾਂ, ਵਰਿਦਰ ਸਿੰਘ ਗੋਲਡੀ, ਆਤਮ ਪ੍ਰਕਾਸ਼ ਸਿੰਘ, ਗੁਰਤੇਜ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ ਆਦਿ ਹਾਜ਼ਰ ਸਨ।

