ਕੈਲੇਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਵਲੋਂ ਵਰਲਡ ਯੂਨੀਵਰਸਿਟੀ ਵਿੱਚ ਲੈਕਚਰ
ਫਤਿਹਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ ਭਾਈ ਕਾਹਨ ਸਿੰਘ ਨਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਵਿਦੇਸ਼ਾਂ ਵਿਚ ਪੰਜਾਬੀ ਪੜਾਉਣ ਦੀਆਂ ਮੁਸ਼ਕਲਾਂ ਅਤੇ ਵਿਧੀਆਂ’ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਵਿਚ ਵਿਦਵਾਨ ਬੁਲਾਰੇ ਵਜੋਂ ਪ੍ਰੋ. ਅਵਤਾਰ ਸਿੰਘ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸੈਨ ਔਜ਼ੇ ਸ਼ਾਮਲ ਹੋਏ। ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ, ਡਾ. ਅਜਾਇਬ ਸਿੰਘ ਬਰਾੜ, ਵਾਈਸ ਚਾਂਸਲਰ, ਡਾ. ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ, ਡਾ. ਸ.ਸ. ਬਿਲਿੰਗ, ਡੀਨ ਵਿਦਿਆਰਥੀ ਭਲਾਈ ਅਤੇ ਮੁਖੀ, ਪੰਜਾਬੀ ਵਿਭਾਗ, ਡਾ. ਸਿਕੰਦਰ ਸਿੰਘ, ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕ, ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਲ ਹੋਏ।
ਪ੍ਰੋ. ਅਵਤਾਰ ਸਿੰਘ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਅਮਰੀਕਾ ਵਿਚ ਉਥੋਂ ਦੇ ਜੰਮਪਲ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਦਾ ਕਾਰਜ ਕਰ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾ ਨੂੰ ਉੱਥੇ ਪੰਜਾਬੀ ਦੂਸਰੀ ਭਾਸ਼ਾ ਵਜੋਂ ਪੜਾਉਣ ਵਿੱਚ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ ਮਸਲਨ ਆਲੇ ਦੁਆਲੇ ਅੰਗਰੇਜ਼ੀ ਮਾਹੌਲ ਹੋਣਾ ਅਤੇ ਲੋਕਾਂ ਦਾ ਆਪਣੇ ਬੱਚਿਆਂ ਨੂੰ ਘੱਟ ਸਮਾਂ ਦੇਣਾ ਮੁੱਖ ਮੁਸ਼ਕਲਾਂ ਵਿਚੋਂ ਹਨ। ਉਹਨਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਵਾਕ ਬਣਤਰ ਅਤੇ ਮੁਹਾਰਨੀ ਦੇ ਫਰਕ ਕਰਕੇ ਪੜ੍ਹਾਉਣ ਵਿੱਚ ਆਉਂਦੀਆਂ ਮੁਸ਼ਕਲਾਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਪੜਾਉਣ ਦੀਆਂ ਵੱਖ-ਵੱਖ ਵਿਧੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਡਾ. ਅਵਤਾਰ ਸਿੰਘ ਨੇ ਅਹਿਮ ਗੱਲ ਇਹ ਦੱਸੀ ਕਿ ਵਾਸ਼ਿੰਗਟਨ ਸਟੇਟ ਵਿੱਚ ਅੰਗਰੇਜ਼ੀ ਤੋਂ ਸਿਵਾਏ ਕੋਈ ਇਕ ਹੋਰ ਬੋਲੀ ਪੜ੍ਹਨੀ ਯੂਨੀਵਰਸਿਟੀ ਦਾਖਲੇ ਲਈ ਲਾਜ਼ਮੀ ਕੀਤੀ ਗਈ ਹੈ, ਜਿਸ ਕਰਕੇ ਸਿੱਖ ਬੱਚੇ ਵਧੇਰੇ ਪੰਜਾਬੀ ਚੁਣਦੇ ਅਤੇ ਹੋਰ ਕੌਮਾਂ ਦੇ ਬੱਚੇ ਵਧੇਰੇ ਸਪੇਨੀ ਬੋਲੀ ਨੂੰ ਤਰਜੀਹ ਦਿੰਦੇ ਹਨ। ਅਖੀਰ ਵਿਚ ਡਾ. ਸਿਕੰਦਰ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਪ੍ਰੋ. ਅਵਤਾਰ ਸਿੰਘ ਦਾ ਧੰਨਵਾਦ ਕੀਤਾ। ਪ੍ਰੋ.(ਡਾ.) ਅਜਾਇਬ ਸਿੰਘ ਬਰਾੜ ਨੇ ਉਹਨਾਂ ਨੂੰ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਸਤਿਕਾਰ ਵਜੋਂ ਭੇਟ ਕੀਤਾ।

