ਸੂਬੇ ’ਚ ਅਮਨ ਕਾਨੂੰਨ ਦੀ ਵਿਵਸਥਾ ਚਰਮਰਾਈ 2027 ’ਚ ਬਣੇਗੀ ਭਾਜਪਾ ਦੀ ਸਰਕਾਰ : ਅਨੁਰਾਗ ਠਾਕੁਰ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਹਰਿੰਦਰ ਕੋਹਲੀ ਦੀ ਅਗਵਾਈ ’ਚ ਸਮੁੱਚੀ ਲੀਡਰਸ਼ਿਪ ਨੇ ਕੀਤਾ ਸਨਮਾਨਤ
ਪਟਿਅਲਾ 17 ਦਸੰਬਰ (ਰਮਨਦੀਪ/ਮਧੂਸਾਰ ਬਿਊਰੋ) ਕੇਂਦਰੀ ਸੂਚਨਾ ਪ੍ਰਸਾਰਣ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸੂਬੇ ਵਿਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਅੱਤਵਾਦ ਦਾ ਮੁਕਾਬਲਾ ਕਰਨ ਵਾਲੀ ਪੰਜਾਬ ਪੁਲਿਸ ਨੂੰ ਮੌਜੂਦਾ ਸਰਕਾਰ ਕੰਮਜ਼ੋਰ ਕਰਨ ’ਤੇ ਲੱਗੀ ਹੋਈ ਹੈ, ਜਦਕਿ ਪੰਜਾਬ ਪੁਲਿਸ ਦੇ ਜਵਾਨ ਹਰ ਸਥਿਤੀ ਵਿਚ ਮੁਕਾਬਲਾ ਕਰਨ ਦੇ ਸਮਰੱਥ ਹਨ, ਪ੍ਰੰਤੂ ਸੂਬੇ ਦੀ ਅੱਠ ਮਹੀਨਿਆਂ ਵਾਲੀ ਸਰਕਾਰ ਦੌਰਾਨ 70 ਤੋਂ ਵੱਧ ਕਤਲ ਦੀਆਂ ਘਟਨਾਵਾਂ ਕਾਰਨ ਅਮਨ ਕਾਨੂੰਨ ਦੀ ਸਥਿਤੀ ਚਰਮਰਾਈ ਹੋਈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਪੱਸ਼ਟ ਬਹੁਮਤ ਦੇ ਕੇ ਸਰਕਾਰ ਨੂੰ ਚੁਣਿਆ, ਪ੍ਰੰਤੂ ਗੈਂਗਸਟਰਾਂ ਅੱਗੇ ਸਰਕਾਰ ਬੇਵੱਸ ਨਜ਼ਰ ਆ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਪੰਜਾਬ ਭਾਜਪਾ ਮਿਸ਼ਨ ਤਹਿਤ 2027 ਵਿਚ ਅਗਲੀ ਸਰਕਾਰ ਭਾਜਪਾ ਦੀ ਹੋਵੇਗੀ।
ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ’ਤੇ ਵੀ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਭਾਰਤੀ ਜਵਾਨਾਂ ਨੇ ਐਲ ਓ ਸੀ ’ਤੇ ਚੀਨ ਦੀਆਂ ਫੌਜਾਂ ਨੂੰ ਕਰਾਰਾ ਜਵਾਬ ਦੇ ਦਿੱਤਾ।ਉਨ੍ਹਾਂ ਕਿਹਾ ਕਿ ਭਾਰਤ ਅੱਜ ਵਿਸ਼ਵ ਸ਼ਕਤੀ ਵਜੋਂ ਉਭਰਿਆ ਹੈ ਅਤੇ ਕਿਸੇ ਦੀ ਏਨੀ ਹਿਮਾਕਤ ਨਹੀਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੁੰਦਿਆਂ ਕੋਈ ਭਾਰਤ ਵੱਲ ਝਾਕ ਵੀ ਸਕੇ, ਪ੍ਰੰਤੂ ਰਾਹੁਲ ਗਾਂਧੀ ਦਾ ਭਾਰਤੀ ਫੌਜਾਂ ਪ੍ਰਤੀ ਮਾੜਾ ਰਵੱਈਆ ਰੱਖਣਾ ਨਿੰਣਯੋਗ ਹੈ, ਪ੍ਰੰਤੂ ਸਾਡੀ ਦੇਸ਼ ਦੀਆਂ ਫੌਜਾਂ ਸਰਜੀਕਲ ਵਰਗੀ ਸਟ੍ਰਾਈਕ ਰਾਹੀਂ ਜਵਾਬ ਦੇਣਾ ਜਾਣਦੀਆਂ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਪਿਛਲੀਆਂ ਜੰਗਾਂ ਦਾ ਇਤਿਹਾਸ ਵੀ ਦੇਖ ਲੈਣ, ਜਿਸ ਵਿਚ ਪਾਕਿਸਤਾਨ ਦੀਆਂ ਫੌਜਾਂ ਭਾਰਤੀ ਫੌਜਾਂ ਅੱਗੇ ਗੋਡੇ ਟੇਕ ਚੁੱਕੀਆਂ ਹਨ ਅਤੇ ਇਥੋਂ ਤੱਕ ਬਿਲਾਵਲ ਭੁੱਟੋ ਦੇ ਨਾਨਾ ਨੂੰ ਵੀ ਝੁਕਣਾ ਪਿਆ ਸੀ ਇਸ ਕਰਕੇ ਅਜਿਹੀ ਮਾੜੀ ਟਿੱਪਣੀ ’ਤੇ ਬਿਲਾਵਲ ਭੁੱਟੋ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਸਬੰਧ ਚੰਗੇ ਹੋਣੇ ਚਾਹੀਦੇ ਹਨ, ਪ੍ਰੰਤੂ ਬਿਲਾਵਲ ਵਰਗੇ ਲੋਕ ਨਫਰਤ ਜਾਂ ਅੱਤਵਾਦ ਫੈਲਾਉਣਾ ਜਾਣਦੇ ਹਨ, ਜਿਸ ਦਾ ਭਾਰਤ ਨੂੰ ਜਵਾਬ ਦੇਣਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਹੋਰਨਾਂ ਦੇਸ਼ਾਂ ਨਾਲੋਂ ਵੱਖ ਰਹਿਣ ਦਾ ਕਾਰਨ ਵੀ ਇਹੋ ਹੈ ਕਿ ਅੱਤਵਾਦ ਨੂੰ ਕੋਈ ਵੀ ਦੇਸ਼ ਪ੍ਰਵਾਨ ਨਹੀਂ ਕਰਦਾ, ਜਿਸ ਕਾਰਨ ਅੱਜ ਪਾਕਿਸਤਾਨ ਇਕੱਲਾ ਹੀ ਨਜ਼ਰ ਆ ਰਿਹਾ ਹੈ ਅਤੇ ਸੰਯੁਕਤ ਰਾਸ਼ਟਰ ਵਿਚ ਵੀ ਅੱਤਵਾਦ ਦੇ ਖਿਲਾਫ਼ ਸਾਰੇ ਦੇਸ਼ ਇਕਮੁੱਠ ਹਨ। ਇਸ ਮੌਕੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਵਿਚ ਸਮੁੱਚੀ ਭਾਜਪਾ ਦੀ ਇਕਾਈ ਨੇ ਕੇਂਦਰੀ ਮੰਤਰੀ ਨੂੰ ਪਾਰਟੀ ਦਾ ਪਟਕਾ ਅਤੇ ਬੁੱਕੇ ਦੇ ਕੇ ਸਨਮਾਨਤ ਵੀ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸੀਨੀ ਲੀਡਰ ਹਰਜੀਤ ਗਰੇਵਾਲ, ਗੁਰਤੇਜ ਸਿੰਘ ਢਿੱਲੋਂ, ਸੰਜੀਵ ਸ਼ਰਮਾ ਬਿੱਟੂ, ਸੁਖਵਿੰਦਰ ਕੌਰ ਨੌਲੱਖਾ, ਗੁਰਜੀਤ ਕੋਹਲੀ, ਅਜੈ ਥਾਪਰ, ਵਰੁਣ ਜਿੰਦਲ, ਕੇ.ਕੇ. ਮਲਹੋਤਰਾ ਆਦਿ ਵੀ ਹਾਜ਼ਰ ਸਨ।

