ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਮਿਲਣੀ ਮੌਕੇ ਲੱਗੀਆਂ ਰੌਣਕਾਂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ‘ਪੰਜਾਬੀ ਯੂਨੀਵਰਸਿਟੀ ਦੀ ਆਬੋ ਹਵਾ ਐਸੀ ਹੈ ਕਿ ਇੱਥੋਂ ਪੜ੍ਹਿਆਂ ਨੂੰ ਤਾਅ ਉਮਰ ਇਸ ਦਾ ਚੇਤਾ ਨਹੀਂ ਭੁਲਦਾ। ਜਿ਼ੰਦਗੀ ਵਿੱਚ ਉੱਚੀਆਂ ਮੰਜਿ਼ਲਾਂ ਉੱਤੇ ਬੈਠਿਆਂ ਨੂੰ ਵੀ ਇੱਥੋਂ ਦੀ ਹੋਸਟਲ ਨਾਲ਼ ਜੁੜੀ ਜਿ਼ੰਦਗੀ, ਕੈਂਪਸ ਵਿੱਚ ਵਿਚਰਨ ਦਾ ਚਾਅ, ਹੋਸਟਲ ਦਾ ਖਾਣਾ, ਕੰਟੀਨਾਂ ਦੀਆਂ ਰੌਣਕਾਂ, ਲਾਇਬਰੇਰੀਆਂ ਵਿਚਲੀ ਗਹਿਰੀ ਸਾਕਾਰਤਮਕ ਚੁੱਪ ਵਾਲੇ ਮਾਹੌਲ ਦੀਆਂ ਝਲਕਾਂ ਭੁਲਾਇਆਂ ਵੀ ਨਹੀਂ ਭੁਲਦੀਆਂ’ ਅਜਿਹੇ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਵਿਹੜੇ ਰੱਖੇ ਗਏ ਪ੍ਰੋਗਰਾਮ ਵਿੱਚ ਪ੍ਰਗਟਾਏ ਗਏ। ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹੇ ਵਿਦਿਆਰਥੀ, ਜੋ ਹੁਣ ਵੱਖ-ਵੱਖ ਖੇਤਰਾਂ ਵਿੱਚ ਉੱਚਿਆਂ ਮੁਕਾਮਾਂ ਨੂੰ ਛੋਹ ਰਹੇ ਹਨ, ਯੂਨੀਵਰਸਿਟੀ ਵੱਲੋਂ ਕਰਵਾਈ ਗਈ ‘ਸਾਬਕਾ ਵਿਦਿਆਰਥੀ ਮਿਲਣੀ’ ਦੌਰਾਨ ਉਤਸ਼ਾਹ ਪੂਰਵਕ ਢੰਗ ਨਾਲ਼ ਇਕੱਠੇ ਹੋਏ ਅਤੇ ਯੂਨੀਵਰਸਿਟੀ ਨਾਲ਼ ਜੁੜੇ ਆਪਣੇ ਤਜਰਬਿਆਂ ਅਤੇ ਯਾਦਾਂ ਦੀ ਆਪਸੀ ਸਾਂਝ ਪਾਈ। ਅਲੂਮਨੀ ਮੀਟ ਦੇ ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੀਆਂ ਸਾਰੀਆਂ ਫ਼ੈਕਲਟੀਆਂ ਵਿੱਚੋਂ ਇੱਕ-ਇੱਕ ਸਾਬਕਾ ਵਿਦਿਆਰਥੀ ਨੂੰ ਸਨਮਾਨਿਤ ਵੀ ਕੀਤਾ ਗਿਆ। 11 ਫੈਕਲਟੀਆਂ ਵਿਚੋਂ ਨੋਮੀਨੇਟ ਹੋਏ ਵੱਖ—ਵੱਖ ਉੱਘੇ ਵਿਅਕੀਤਆਂ ਵਿੱਚ ਜਸਟਿਸ ਅਲੋਕ ਜੈਨ, ਲੈਫਟੀਨੈਂਟ ਜਰਨਲ ਡਾ. ਦੇਵਿੰਦਰ ਦਿਆਲ ਸਿੰਘ ਸੰਧੂ, ਸੁਖਵਿੰਦਰ ਖੰਨਾ, ਡਾ. ਭੁਪਿੰਦਰ ਸਿੰਘ ਖਹਿਰਾ, ਵਰਿੰਦਰ ਵਾਲੀਆ, ਰਵਿੰਦਰ ਪਾਲ ਚਹਿਲ, ਡਾ. ਰੁਪਿੰਦਰ ਸਿੰਘ ਖੇੜਾ, ਡਾ. ਪਰਮਜੀਤ ਸਿੰੰਘ, ਦੇਵਿੰਦਰ ਸਿੰਘ ਭਾਟੀਆ, ਇੰਜ. ਦੀਪਕ ਗਰਗ ਸ਼ਾਮਿਲ ਸਨ।

ਇਸ ਮੌਕੇ ਬੋਲਦਿਆਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਪਾਰਦਰਸ਼ੀ ਤਰੀਕੇ ਨਾਲ ਬਹੁਤ ਸਾਰੇ ਨਵੇਂ ਪੋ੍ਰਜੈਕਟਾਂ ਨੂੰ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਹੈ, ਜਿਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਅਲੂਮਨੀ ਆਪਣੀ-ਆਪਣੀ ਕਿਸਮ ਦਾ ਯੋਗਦਾਨ ਪਾ ਸਕਦੇ ਹਨ। ਜਿਵੇਂ ਜੇਕਰ ਕੋਈ ਅਲੂਮਨੀ ਪੁਸਤਕਾਂ ਦੀ ਛਪਾਈ ਲਈ ਸਹਿਯੋਗ ਕਰਨਾ ਚਾਹੁੰਦਾ ਹੈ ਜਾਂ ਕੋਈ ਅਲੂਮਨੀ ਲੈਬ ਲਈ ਸਹਾਇਤਾ ਕਰਨੀ ਚਾਹੁੰਦਾ ਹੈ ਤਾਂ ਉਸ ਵੱਲੋਂ ਦਿੱਤਾ ਸਹਿਯੋਗ ਉਸੇ ਪ੍ਰੋਜੈਕਟ ਵਿਚ ਉਸੇ ਰੂਪ ਵਿਚ ਖਰਚਿਆ ਜਾਵੇਗਾ। ਡੀਨ ਅਲੂਮਨੀ ਡਾ. ਸਤਿਨਾਮ ਸਿੰਘ ਸੰਧੂ ਨੇ ਕਿਹਾ ਕਿ ਅਲੂਮਨੀ ਐਸੋਸੀਏਸ਼ਨ ਵਿਚ ਸ਼ਾਮਿਲ ਹੋਣ ਆਏ ਵੱਖ-ਵੱਖ ਅਹੁਦਿਆਂ ਉੱਤੇ ਬਿਰਾਜਮਾਨ ਵਿਅਕਤੀ ਜਦੋਂ ਐਸੋਸੀਏਸ਼ਨ ਦਾ ਹਿੱਸਾ ਬਣ ਜਾਂਦੇ ਹਨ ਤਾਂ ਉਹ ਵਿਦਿਆਰਥੀ ਦੀ ਹੈਸੀਅਤ ਵਿਚ ਹੀ ਆਉਂਦੇ ਹਨ। ਅਲੂਮਨੀ ਐਸੋਸੀਏਸ਼ਨ ਦਾ ਮਕਸਦ ਯੂਨੀਵਰਸਿਟੀ ਵਿਚੋਂ ਪੜ੍ਹੇ ਹੋਏ ਦੇਸ਼ ਵਿਦੇਸ਼ ਵਿਚ ਬੈਠੇ ਹੋਏ ਵਿਅਕਤੀਆਂ ਨੂੰ ਇਕ ਲੜੀ ਵਿਚ ਪਰੋਣਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਲਈ ਹਰ ਸੰਭਵ ਯਤਨ ਕਰੇਗੀ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਬਹੁਤ ਸਮਰੱਥਾ ਹੈ। ਇਸ ਲਈ ਇਹ ਯੂਨੀਵਰਸਿਟੀ ਹਮੇਸ਼ਾਂ ਤਰੱਕੀ ਕਰਦੀ ਰਹੇਗੀ। ਇਸ ਮੌਕੇ ਉਨ੍ਹਾਂ ਆਪਣੇ ਵਾਈਸ-ਚਾਂਸਲਰ ਵਜੋਂ ਵਿਚਰਨ ਦੇ ਸਮੇਂ ਨਾਲ਼ ਸੰਬੰਧਤ ਬਹੁਤ ਸਾਰੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਗਈਆਂ।

ਅਲੂਮਨੀ ਐਸੋਸੀਏਸ਼ਨ ਮੰਚ ਦਾ ਸੰਚਾਲਨ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਕੈਨੇਡਾ ਤੋਂ ਪੁੱਜੇ ਅਜੈਬ ਸਿੰਘ ਚੱਠਾ ਨੂੰ ਵੀ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲੇ ਸਾਬਕਾ ਵਿਦਿਆਰਥੀਆਂ ਵਿੱਚ ਰਜਿੰਦਰ ਸਿੰਘ ਸੋਹਲ, ਏ.ਆਈ.ਜੀ. ਪੰਜਾਬ ਪੁਲਿਸ, ਪ੍ਰਿੰਸੀਪਲ ਕੁਲਦੀਪ ਸਿੰਘ, ਡਾ. ਐਸ.ਐੱਚ. ਵਿਰਕ, ਡਾ. ਸੁਰਜੀਤ ਸਿੰਘ ਭੱਟੀ, ਡਾ. ਗੁਰਿੰਦਰ ਸਿੰਘ ਸੰਧੂ ਅਤੇ ਹੋਰ ਬਹੁਤ ਸਾਰੀਆਂ ਨਾਮਵਰ ਹਸਤੀਆਂ ਸਨ। ਸ਼ਾਮਲ ਹੋਣ ਵਾਲੇ ਇਨ੍ਹਾਂ ਸਾਬਕਾ ਵਿਦਿਆਰਥੀਆਂ ਦੀ ਵਿਸ਼ੇਸ਼ ਮੰਗ ਉੱਤੇ ਇਸ ਮੌਕੇ ਇਹ ਵੀ ਫੈਸਲਾ ਲਿਆ ਗਿਆ ਕਿ ਜਲਦੀ ਹੀ ਪੰਜਾਬੀ ਯੁਨੀਵਰਸਿਟੀ ਵੱਲੋਂ ਹਰ ਸਾਲ ਵਿਦਿਆਰਥੀ-ਮਿਲਣੀ ਦੀ ਕੋਈ ਇੱਕ ਪੱਕੀ ਮਿਤੀ ਤੈਅ ਕੀਤੀ ਜਾਵੇਗੀ ਤਾਂ ਕਿ ਇਸ ਵਿੱਚ ਹੋਰ ਵਧੇਰੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ। ਵਿਦਿਆਰਥੀ ਮਿਲਣੀ ਦੇ ਇਸ ਪ੍ਰੋਗਰਾਮ ਦਾ ਸਿਖਰ ਇੱਕ ਸੱਭਿਆਚਾਰਕ ਸ਼ਾਮ ਨਾਲ਼ ਹੋਇਆ ਜਿਸ ਵਿੱਚ ਵੱਖ-ਵੱਖ ਕਲਾ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਸਮਾਗਮ ਦੀ ਤਿਆਰੀ ਵਿਚ ਡਾ. ਜਰਨੈਲ ਸਿੰਘ, ਡਾ. ਗੁਰਪ੍ਰੀਤ ਸਿੰਘ ਬਰਾੜ, ਡਾ. ਗੁਰਪ੍ਰੀਤ ਕੌਰ ਬਰਾੜ ਅਤੇ ਡਾ. ਕੁਲਵਿੰਦਰ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Leave a Reply

Your email address will not be published. Required fields are marked *