ਅੰਮ੍ਰਿਤਸਰਪੰਜਾਬ

ਸ਼੍ਰੋਮਣੀ ਕਮੇਟੀ ਮੈਂਬਰ ਦੀ ਇਤਰਾਜ਼ਯੋਗ ਤਸਵੀਰ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ।

ਸ਼੍ਰੋਮਣੀ ਕਮੇਟੀ ਮੈਂਬਰ ਦਾ ਨਸ਼ਿਆਂ ਨੂੰ ਉਤਸ਼ਾਹਿਤ ਕਰਨਾ ਨਮੋਸ਼ੀ ਦੀ ਗਲ : ਪ੍ਰੋ: ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ 16 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਇਕ ਅਹਿਮ ਵਿਭਾਗ ਦੇ ਮੈਂਬਰ ਇੰਚਾਰਜ ਵੱਲੋਂ ਪਰਿਵਾਰਕ ਮੈਂਬਰ ਦੇ ਵਿਆਹ ਦੀ ਲੋਹੜੀ ਪਾਰਟੀ ਵਿਚ ਕਥਿਤ ਸ਼ਰਾਬ ਵਰਤਾਉਣ ਅਤੇ ਸ਼ਰਾਬ ਸੇਵਨ ਕਰਨ ਵਾਲਿਆਂ ਦੀ ਟੇਬਲ ’ਤੇ ਬੈਠੇ ਹੋਣ ਦੀ ਸੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਵਾਇਰਲ ਹੋ ਰਹੀ ਇਤਰਾਜ਼ਯੋਗ ਤਸਵੀਰ ’ਤੇ ਨਿਰਪੱਖ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖਦਿਆਂ ਵਾਇਰਲ ਤਸਵੀਰ ਦੀ ਸਚਾਈ ਸਾਹਮਣੇ ਲਿਆਉਣ ਲਈ ਪੂਰੇ ਵਰਤਾਰੇ ਦੀ ਨਿਰਪੱਖ ਜਾਂਚ ਕਰਾਉਣ ਤੋਂ ਪਹਿਲਾਂ ਉਕਤ ਮੈਂਬਰ ਦੀ ਸ਼੍ਰੋਮਣੀ ਕਮੇਟੀ ’ਚ ਇਕ ਅਹਿਮ ਵਿਭਾਗ ਦੀ ਮੈਂਬਰ ਇੰਚਾਰਜ ਵਜੋਂ ਕੀਤੀ ਗਈ ਨਿਯੁਕਤੀ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਝੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰ ਦੀ ਇਸ ਤਸਵੀਰ ਨੂੰ ਦੇਖ ਕੇ ਬਤੌਰ ਇਕ ਸਿੱਖ ਮੇਰੇ ਮਨ ਨੂੰ ਗਹਿਰੀ ਠੇਸ ਪਹੁੰਚੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਧਰਮ ਪ੍ਰਚਾਰ ਲਈ ਚੁਣੇ ਜਾਂਦੇ ਹਨ । ਨਾ ਕਿ ਕੁਰਹਿਤਾਂ ਨੂੰ ਉਤਸ਼ਾਹਿਤ ਕਰਨ ਲਈ। ਸ਼੍ਰੋਮਣੀ ਕਮੇਟੀ ਦਾ ਇਕ ਜ਼ਿੰਮੇਵਾਰ ਮੈਂਬਰ ਇਸ ਤਰਾਂ ਸ਼ਰੇਆਮ ਵਰਤਾਰਾ ਕਰੇਗਾ ਤਾਂ ਉਸ ਤੋਂ ਦੂਜਿਆਂ ਨੂੰ ਗੁਰਮਤਿ ਦਾ ਪਾਠ ਪੜਾਉਣ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ। ਇਹ ਤਸਵੀਰ ਉਕਤ ਮੈਂਬਰ ਦੇ ਪਰਿਵਾਰਿਕ ਸਮਾਗਮ ਦੀ ਦਸੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਆਪਣੇ ਪਰਿਵਾਰਕ ਸਮਾਗਮਾਂ ਵਿਚ ਨਸ਼ੇਈ ਪਦਾਰਥਾਂ ਨੂੰ ਵਰਤਾਉਂਦੇ ਹੋਣ ਫਿਰ ਉਹ ਹੋਰਨਾਂ ਨੂੰ ਕੀ ਮਤ ਦੇਵੇਗਾ? ਉਸ ਵੱਲੋਂ ਅਜਿਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਨਾਲ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹ ਮਿਲਣਾ ਵਾਜਬ ਹੈ। ਜੋ ਲੋਕ ਆਪਣੇ ਪੁੱਤਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸਿੱਖ ਰਹਿਤ ਮਰਯਾਦਾ ਦਾ ਪਾਲਣ ਨਹੀਂ ਕਰਾ ਸਕਦੇ ਜਾਂ ਪਰਿਵਾਰਾਂ ਨੂੰ ਸੰਭਾਲ ਨਹੀਂ ਸਕਦੇ ਤਾਂ ਉਹ ਸਮਾਜ ਨੂੰ ਕਿਵੇਂ ਸੰਭਾਲੇਗਾ? ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਿਚ ਬਣੇ ਰਹਿਣ ਦਾ ਕੀ ਹੱਕ ਹੈ? ਪਿਛਲੇ ਸਮਿਆਂ ਦੌਰਾਨ ਵੀ ਸਿੱਖ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਅਜਿਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਨਾਲ ਕਈ ਵਾਰ ਵਿਵਾਦ ਪੈਦਾ ਹੋ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਉਕਤ ਮੈਂਬਰ ਬਾਰੇ ਤਸਵੀਰ ਦੇ ਤੱਥ ਸਹੀ ਹਨ ਤਾਂ ਇਹ ਸ਼੍ਰੋਮਣੀ ਕਮੇਟੀ ਅਤੇ ਪੰਥ ਲਈ ਮਾਯੂਸੀ ਦੀ ਗਲ ਹੈ। ਇਸ ਤਸਵੀਰ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਕਿਰਦਾਰ ਨੂੰ ਢਾਹ ਲਾਈ ਹੈ। ਜਿਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਸਿਰ ਨਸ਼ਾ ਵਿਰੋਧੀ ਮੁਹਿੰਮ ਚਲਾਉਣ, ਧਰਮ ਪ੍ਰਚਾਰ ਕਰਨ ਅਤੇ ਮਰਯਾਦਾ ਵਿਚ ਬਣੇ ਰਹਿਣ ਅਤੇ ਮਰਯਾਦਾ ਨੂੰ ਸਖ਼ਤੀ ਨਾਲ ਅਪਣਾਉਣ ਦੀ ਜ਼ਿੰਮੇਵਾਰੀ ਹੈ ਜੇ ਉਹੀ ਅਜਿਹੇ ਨਕਾਰਾਤਮਿਕ ਵਰਤਾਰਿਆਂ ਵਿਚ ਸ਼ਾਮਿਲ ਹੋਣਗੇ ਤਾਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਕਹਾਣੀ ਕਿਧਰ ਜਾਵੇਗੀ?

Leave a Reply

Your email address will not be published. Required fields are marked *