ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਫ਼ਗਾਨਿਸਤਾਨ ਤੋਂ ਮਰਿਆਦਾ ਸਹਿਤ ਪਹੁੰਚੇ ਦਿੱਲੀ

ਨਵੀਂ ਦਿੱਲੀ(ਮਧੂਸਾਰ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖ਼ਰੀ ਦੋ ਸਰੂਪ ਅਫ਼ਗਾਨਿਸਤਾਨ ਦੇ ਕਾਬੁਲ ਤੋਂ ਮਰਿਆਦਾ ਸਹਿਤ ਦਿੱਲੀ ਪਹੁੰਚੇ। ਹੁਣ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਚ ਰੱਖਿਆ ਜਾਵੇਗਾ। ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖ਼ਰੀ ਦੋ ਸਰੂਪ ਲੈ ਕੇ 3 ਲੋਕ ਪਹੁੰਚੇ ਹਨ। ਦੱਸ ਦੇਈਏ ਕਿ ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕੀਤਾ ਹੈ, ਉਦੋਂ ਤੋਂ ਸਿੱਖ ਧਰਮ ਨਾਲ ਜੁੜੀ ਆਸਥਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਖ ਸਾਹਿਬ ਜੀ ਦੇ ਸਰੂਪ ਨੂੰ ਵਾਪਸ ਲਿਆਉਣ ਦਾ ਸਿਲਸਿਲਾ ਜਾਰੀ ਹੈ।

ਇਸ ਮੌਕੇ ‘ਜਾਗੋ-ਜਗ ਆਸਰਾ ਗੁਰੂ ਓਟ’ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਤਾਲਿਬਾਨ ਸ਼ਾਸਨ ਆਉਣ ਮਗਰੋਂ ਅਫ਼ਗਾਨਿਸਤਾਨ ਵਿਚ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸਾਰੀਆਂ ਧਾਰਮਿਕ ਵਿਰਾਸਤਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖ਼ਰੀ ਦੋ ਸਰੂਪ ਅਫ਼ਗਾਨਿਸਤਾਨ ਰਹਿ ਗਏ ਸਨ। ਅਸੀਂ ਪਹਿਲਾਂ ਵੀ ਇਨ੍ਹਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਤਾਲਿਬਾਨ ਨੇ ਤਕਨੀਕੀ ਪਹਿਲੂਆਂ ਨੂੰ ਵੇਖਦੇ ਹੋਏ ਇਸ ਨੂੰ ਰੋਕ ਦਿੱਤਾ ਸੀ।

ਜੀਕੇ ਨੇ ਦੱਸਿਆ ਕਿ ਇਨ੍ਹਾਂ ਸਰੂਪ ਨੂੰ ਅਫ਼ਗਾਨਿਸਤਾਨ ਤੋਂ ਲਿਆਉਣ ਦਾ ਸਾਰਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੁੱਕਿਆ ਹੈ। ਭਾਰਤ ਸਰਕਾਰ ਦੇ ਦਖ਼ਲ ਅਤੇ ਦੋਹਾਂ ਸਰਕਾਰਾਂ ਵਿਚਾਲੇ ਗੱਲਬਾਤ ਮਗਰੋਂ ਇਹ ਸੰਭਵ ਹੋ ਸਕਿਆ ਕਿ ਅਸੀਂ ਦੋਹਾਂ ਸਰੂਪ ਨੂੰ ਵਾਪਸ ਲਿਆਉਣ ‘ਚ ਸਫ਼ਲ ਰਹੇ। ਓਧਰ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਆਯੋਜਿਤ ਇਕ ਗੈਰ-ਨਿਰਧਾਰਤ ਕਾਮ ਏਅਰ ਦੀ ਉਡਾਣ ਅੱਜ ਕਾਬੁਲ ਤੋਂ ਦਿੱਲੀ ਪਹੁੰਚੀ। ਅਫਗਾਨ ਸਿੱਖ ਭਾਈਚਾਰੇ ਦੇ 3 ਮੈਂਬਰਾਂ ਨਾਲ ਜਹਾਜ਼ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਿਮ 2 ਸਰੂਪ ਭਾਰਤ ਪਹੁੰਚੇ।

Leave a Reply

Your email address will not be published. Required fields are marked *