ਖ਼ਾਲਸਾ ਕਾਲਜ ਫ਼ਾਰਮੇਸੀ ਨੂੰ ਉਚ ਪੱਧਰੀ ਐਨ. ਬੀ. ਏ. ਵੱਲੋਂ ਮਿਲੀ ਮਾਨਤਾ
ਦਰਜਾ ਹਾਸਲ ਕਰਨ ਵਾਲੀ ਇਲਾਕੇ ਦੀ ਪਹਿਲੀ ਸੰਸਥਾ
ਅੰਮ੍ਰਿਤਸਰ, 19 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਫਾਰਮੇਸੀ ਆਪਣੀ ਖੋਜ ਅਤੇ ਸ਼ਾਨਦਾਰ ਅਕਾਦਮਿਕ ਗਤੀਵਿਧੀਆਂ ਸਦਕਾ ਵੱਕਾਰੀ ‘ਨੈਸ਼ਨਲ ਬੋਰਡ ਆਫ਼ ਐਕ੍ਰੀਡੇਸ਼ਨ’ (ਐਨ. ਬੀ. ਏ.) ਵੱਲੋਂ ਮਾਨਤਾ ਪ੍ਰਾਪਤ ਕਰਨ ਵਾਲੀ ਇਲਾਕੇ ਦੀ ਪਹਿਲੀ ਵਿੱਦਿਅਕ ਸੰਸਥਾ ਬਣ ਗਈ ਹੈ। ਕਾਲਜ ’ਚ ਮੌਜੂਦ ਅਕਾਦਮਿਕ, ਖੋਜ ਅਤੇ ਬੁਨਿਆਦੀ ਢਾਂਚੇ ਲਈ ਐਨ. ਬੀ. ਏ. ਵੱਲੋਂ ਸਖ਼ਤ ਨਿਰੀਖਣ ਉਪਰੰਤ ਇਹ ਦਰਜਾ ਹਾਸਲ ਹੋਇਆ ਹੈ।
ਇਸ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪਿ੍ਰੰਸੀਪਲ ਡਾ. ਆਰ. ਕੇ. ਧਵਨ ਨੂੰ ਇਸ ਸਨਮਾਨ ਲਈ ਵਧਾਈ ਦਿੰਦਿਆਂ ਕਿਹਾ ਕਿ ਉਕਤ ਦਰਜਾ ਸੰਸਥਾ ’ਚ ਅਕਾਦਮਿਕ ਅਤੇ ਖੋਜ ਨੂੰ ਹੋਰ ਹੁੰਗਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਇਹ ਕਾਲਜ ਪੂਰੇ ਉੱਤਰੀ ਭਾਰਤ ’ਚ ਫਾਰਮੇਸੀ ਖੇਤਰ ’ਚ ਸਰਵੋਤਮ ਸੰਸਥਾ ਹੈ।
ਇਸ ਮੌਕੇ ਡਾ. ਧਵਨ ਨੇ ਕਿਹਾ ਕਿ ਐਨ. ਬੀ. ਏ. ਦੇ ਮਾਹਿਰਾਂ ਦੀ ਇਕ ਉੱਚ ਪੱਧਰੀ ਟੀਮ ਨੇ ਪਿਛਲੇ ਦਿਨੀਂ ਕਾਲਜ ਦਾ ਦੌਰਾ ਕੀਤਾ ਅਤੇ ਮੌਕੇ ’ਤੇ ਮੁਆਇੰਨਾ ਕਰਨ ਉਪਰੰਤ ਉਪਲਬਧ ਸਹੂਲਤਾਂ ਸਬੰਧੀ ਆਪਣੀਆਂ ਰਿਪੋਰਟਾਂ ਰਾਸ਼ਟਰੀ ਸੰਸਥਾ ਨੂੰ ਸੌਂਪੀਆਂ। ਉਨ੍ਹਾਂ ਕਿਹਾ ਕਿ ਐਨ. ਬੀ. ਏ. ਦਾ ਉਦੇਸ਼ ਤਕਨੀਕੀ ਸਿੱਖਿਆ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਉਤਸ਼ਾਹਿਤ ਕਰਨਾ ਹੈ, ਜੋ ਕਿ ਯਕੀਨੀ ਤੌਰ ’ਤੇ ਕਾਲਜ ਦੇ ਵਿਜ਼ਨ ਨੂੰ ਮਾਨਤਾ ਪ੍ਰਦਾਨ ਕਰਦਾ ਹੈ।

