ਅਕਾਲੀ ਬਾਬਾ ਫੂਲਾ ਸਿੰਘ ਦੇ ਜਨਮ ਅਸਥਾਨ ਦੇਹਲਾਂ ਸੀਹਾਂ ਤੋਂ 12 ਫਰਵਰੀ ਨੂੰ ਵਿਸ਼ਾਲ ਸ਼ਹੀਦੀ ਫਤਹਿ ਮਾਰਚ ਹੋਵੇਗਾ: ਸਕੱਤਰ ਬੁੱਢਾ ਦਲ
ਅੰਮਿ੍ਰਤਸਰ 6 ਫਰਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਲਾ ਮਿਸਾਲੀ ਜਥੇਦਾਰ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਉਨ੍ਹਾਂ ਜਨਮ ਅਸਥਾਨ ਗੁਰਦੁਆਰਾ ਸਾਹਿਬ ਪਿੰਡ ਦੇਹਲਾਂ ਸੀਹਾਂ ਤੋਂ ਵਿਸ਼ਾਲ ਸ਼ਹੀਦੀ ਫਤਹਿ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਇਤਿਹਾਸਕ ਨਿਸ਼ਾਨ ਨਗਾਰਿਆ ਦੀ ਤਾਬਿਆ, ਘੋੜਿਆਂ, ਊਠਾਂ, ਹਾਥੀਆਂ ਸਮੇਤ 12 ਫਰਵਰੀ ਨੂੰ ਸਵੇਰੇ ਖਾਲਸਾਈ ਸੱਜ ਧੱਜ ਨਾਲ ਅਰੰਭ ਹੋਵੇਗਾ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸ਼ਹੀਦੀ ਫਤਹਿ ਮਾਰਚ ਬਾਰੇ ਜਾਣਕਾਰੀ ਦੇਂਦਿਆਂ ਦਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਸ਼ਹੀਦੀ ਮਾਰਚ ਕੱਢਿਆ ਜਾ ਰਿਹਾ ਹੈ। ਅਕਾਲੀ ਬਾਬਾ ਫੂਲਾ ਸਿੰਘ ਦੀਆਂ ਸਿਖਿਆਵਾਂ, ਅਨਮੋਲ ਬਚਨਾਂ, ਦਾ ਪ੍ਰਚਾਰ ਕਰਦਾ ਇਹ ਮਾਰਚ 16 ਫਰਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਵੇਗਾ। ਉਨ੍ਹਾਂ ਕਿਹਾ ਬੁੱਢਾ ਦਲ ਵਲੋਂ ਸਮੁੱਚਾ ਦਲ ਪੰਥ 9 ਫਰਵਰੀ ਨੂੰ ਦੇਹਲਾਂ ਸੀਹਾਂ ਪੁਜ ਜਾਵੇਗਾ, 10 ਫਰਵਰੀ ਨੂੰ ਅਖੰਡ ਪਾਠ ਅਰੰਭ ਹੋਣਗੇ ਜਿਨ੍ਹਾਂ ਦਾ ਭੋਗ 12 ਫਰਵਰੀ ਨੂੰ ਸਵੇਰੇ ਅੱਠ ਵਜੇ ਪਾਵੇਗਾ। 11 ਫਰਵਰੀ ਨੂੰ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਹੋਣਗੇ ਅਤੇ ਸਾਰਾ ਦਿਨ ਗੁਰਮਤਿ ਦੀਵਾਨ ਸਜੇਗਾ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ, ਕਥਾਵਾਚਕ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ, ਢਾਡੀ ਭਾਈ ਲਖਵਿੰਦਰ ਸਿੰਘ ਪਾਰਸ, ਕਵੀਸ਼ਰ, ਪ੍ਰਚਾਰਕ ਹਾਜ਼ਰੀ ਲਵਾਉਣਗੇ। 12 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਖਾਲਸੇ ਦੇ ਸਿਰਜਨਾ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾਂ ਵੱਖ-ਵੱਖ ਸੰਪਰਦਾਵਾਂ, ਸੰਸਥਾਵਾਂ, ਜਥੇਬੰਦੀਆਂ ਦੇ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜੀਵਨ ਸਬੰਧੀ ਵਿਚਾਰਾਂ ਦੀ ਸਾਂਝ ਪਾਉਣਗੇ। ਉਪਰੰਤ ਖਾਲਸਾਈ ਜਾਹੋ ਜਲਾਲ ਨਾਲ ਸ਼ਹੀਦੀ ਫਤਹਿ ਮਾਰਚ ਅਰੰਭ ਹੋਵੇਗਾ ਜਿਸ ਵਿਚ ਬੁੱਢਾ ਦਲ ਦੇ ਸ਼ਿੰਗਾਰੇ ਹੋਏ ਹਾਥੀ, ਊਠ, ਘੋੜੇ ਅਦਿ ਸ਼ਾਮਲ ਹੋਣਗੇ। ਢੋਲ, ਨਗਾਰੇ, ਨਗਾਰਿਆਂ ਤੇ ਨਰਸਿੰਝੇ, ਬੈਂਡ ਵਾਜੇ, ਸ਼ਬਦੀ ਧੁੰਨਾਂ ਨਾਲ ਖਾਲਸਾਈ ਮਾਹੌਲ ਸਿਰਜਣਗੇ।

