ਪੱਤਰਕਾਰੀ ਖੇਤਰ ਵਿੱਚ ਮੌਕੇ ਅਤੇ ਚੁਣੌਤੀਆਂ’ ਵਿਸ਼ੇ ਉੱਤੇ ਕਰਵਾਈ ਵਿਚਾਰ-ਚਰਚਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਵਿਸ਼ਵ ਰੇਡੀਓ ਦਿਵਸ’ ਨਾਲ ਸਬੰਧਤ ਜਸ਼ਨਾਂ ਦੇ ਇੱਕ ਹਿੱਸੇ ਵਜੋਂ, ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿਖੇ ਇੱਕ ਵਿਚਾਰ-ਚਰਚਾ ਕਰਵਾਈ ਗਈ। ‘ਪੱਤਰਕਾਰੀ ਖੇਤਰ ਵਿੱਚ ਮੌਕੇ ਅਤੇ ਚੁਣੌਤੀਆਂ’ ਵਿਸ਼ੇ ਉੱਤੇ ਕਰਵਾਈ ਗਈ ਇਸ ਵਿਚਾਰ-ਚਰਚਾ ਵਿੱਚ ‘ਟ੍ਰਿਬਿਊਨ’ ਦੇ ਪਟਿਆਲਾ ਤੋਂ ਬਿਊਰੋ ਚੀਫ਼ ਅਤੇ ਪ੍ਰਿੰਸੀਪਲ ਪੱਤਰਕਾਰ ਅਮਨ ਸੂਦ ਨੇ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਹਨਾਂ ਇਸ ਮੌਕੇ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਇਸ ਕਿੱਤੇ ਨਾਲ ਜੁੜਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਲਾਭਦਾਇਕ ਅਤੇ ਦਿਲਚਸਪ ਖੇਤਰ ਹੈ। ਵਿਦਿਆਰਥੀ ਪੱਤਰਕਾਰੀ ਦੀਆਂ ਤਕਨੀਕਾਂ ਵਿੱਚ ਮੁਹਾਰਤ ਹਾਸਲ ਕਰਕੇ ਸਿਖਰ ਤੱਕ ਪਹੁੰਚ ਸਕਦੇ ਹਨ।
ਉਨ੍ਹਾਂ ਪੱਤਰਕਾਰੀ ਵਿੱਚ ਆਧੁਨਿਕ ਸਮੇਂ ਦੀਆਂ ਚੁਣੌਤੀਆਂ ਜਿਵੇਂ ਕਿ ਸੈਂਸਰਸ਼ਿਪ, ਰਾਜਨੀਤਿਕ ਪੱਖਪਾਤ ਅਤੇ ਸਿਆਸੀ ਦਬਾਅ ਬਾਰੇ ਵੀ ਆਪਣੇ ਅਨੁਭਵ ਦੇ ਅਧਾਰ ਉੱਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪੱਤਰਕਾਰਾਂ ਲਈ ਸਭ ਤੋਂ ਵੱਡੀ ਚੁਣੌਤੀ ਭਰੋਸੇਯੋਗਤਾ ਨੂੰ ਕਾਇਮ ਰੱਖਣਾ ਅਤੇ ਕਈ ਕਿਸਮ ਦੀਆਂ ਧਮਕੀਆਂ ਦਾ ਮੁਕਾਬਲਾ ਕਰਨਾ ਹੈ। ਇਸ ਮੌਕੇ ਵਿਭਾਗ ਮੁਖੀ ਡਾ. ਨੈਨਸੀ ਦਵਿੰਦਰ ਕੌਰ ਅਤੇ ਫ਼ੈਕਲਟੀ ਮੈਂਬਰ ਡਾ. ਹੈਪੀ ਜੇਜੀ, ਐਸੋਸੀਏਟ ਪ੍ਰੋਫੈਸਰ ਅਤੇ ਡਾ. ਅਮਨਪ੍ਰੀਤ ਰੰਧਾਵਾ ਨੇ ਅਮਨ ਸੂਦ ਦਾ ਧੰਨਵਾਦ ਕੀਤਾ। ਡਾ. ਨੈਨਸੀ ਨੇ ਕਿਹਾ ਕਿ ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਰਿਹਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵਿਭਾਗ ਵਿਦਿਆਰਥੀਆਂ ਨਾਲ ਅਜਿਹੇ ਹੋਰ ਸੈਸ਼ਨ ਆਯੋਜਿਤ ਕਰੇਗਾ। ਇਸ ਮੌਕੇ ਵਿਦਿਆਰਥੀਆਂ ਨੇ ਪ੍ਰਸ਼ਨ ਵੀ ਪੁੱਛੇ ਜੋ ਇਸ ਸੈਸ਼ਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਸਹਾਇਕ ਸਿੱਧ ਹੋਏ।

