ਵਰਲਡ ਯੂਨੀਵਰਸਿਟੀ ਵਿਚ ਭਾਈ ਵੀਰ ਸਿੰਘ ਕਾਨਫਰੰਸ ਦਾ ਆਗਾਜ਼
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਦੋ-ਰੋਜ਼ਾ ਕੌਮੀ ਕਾਨਫਰੰਸ ‘ਪੰਜਾਬ ਅਤੇ ਪੰਜਾਬੀ ਨੂੰ ਭਾਈ ਵੀਰ ਸਿੰਘ ਦੀ ਦੇਣ’ ਦਾ ਆਗਾਜ਼ ਕੀਤਾ ਗਿਆ। ਇਸ ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਤੋਂ ਸਿਵਾਇ ਦੋ ਅਕਾਦਮਿਕ ਸੈਸ਼ਨ ਹੋਏ। ਉਦਘਾਟਨੀ ਸੈਸ਼ਨ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਡਾ. ਮਹਿੰਦਰ ਸਿੰਘ, ਡਾਇਰੈਕਟਰ, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਅਜਾਇਬ ਸਿੰਘ ਬਰਾੜ, ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਨੇ ਸ਼ਿਰਕਤ ਕੀਤੀ। ਕਾਨਫਰੰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਿਤਪਾਲ ਸਿੰਘ ਅਤੇ ਧੰਨਵਾਦੀ ਮਤਾ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਵਲੋਂ ਪੇਸ਼ ਕੀਤਾ ਗਿਆ। ਕਾਨਫਰੰਸ ਦਾ ਮੁੱਖ ਭਾਸ਼ਣ ਪ੍ਰਸਿੱਧ ਪੰਜਾਬੀ ਨਾਵਲਕਾਰ ਜਸਵੀਰ ਸਿੰਘ ਮੰਡ ਵਲੋਂ ਕਿਸਾਨੀ ਦਾ ਸਾਦਾ ਧਾਰਮਕ ਜੀਵਨ ਅਤੇ ਭਾਈ ਵੀਰ ਸਿੰਘ ਦੇ ਹਵਾਲੇ ਨਾਲ ਦਿੱਤਾ ਗਿਆ। ਸਮਾਗਮ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਵਲੋਂ ਸਵਾਗਤੀ ਸ਼ਬਦਾਂ ਦੇ ਨਾਲ ਕਾਨਫਰੰਸ ਦੇ ਵਿਸ਼ੇ ਅਤੇ ਭਾਈ ਵੀਰ ਸਿੰਘ ਬਾਰੇ ਮੁਢਲੀ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਮਹਿੰਦਰ ਸਿੰਘ ਨੇ ਭਾਈ ਵੀਰ ਸਿੰਘ ਜੀ ਦੀ ਪੰਜਾਬੀ ਸਾਹਿਤ ਅਤੇ ਪੰਜਾਬ ਨੂੰ ਦੇਣ ਬਾਰੇ ਤਿੰਨ ਭਾਗਾਂ ਸਿੱਖਾਂ ਦੀ ਪਛਾਣ, ਪੰਜਾਬੀ ਕਵਿਤਾ ਅਤੇ ਪੰਜਾਬੀ ਬੋਲੀ ਵਿਚ ਵੰਡ ਕੇ ਗੱਲ ਕੀਤੀ ਅਤੇ ਭਾਈ ਵੀਰ ਸਿੰਘ ਦੇ ਜੀਵਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਮੁੱਖ ਭਾਸ਼ਣ ਵਿਚ ਜਸਬੀਰ ਸਿੰਘ ਮੰਡ ਨੇ ਭਾਈ ਵੀਰ ਸਿੰਘ ਦੇ ਨਾਵਲਾਂ ਦੇ ਰੂਹਾਨੀ ਪੱਖ ਨੂੰ ਕੇਂਦਰਤ ਕਰਦੇ ਹੋਏ ਪੰਜਾਬੀ ਨਾਵਲ ਜਗਤ ਨੂੰ ਭਾਈ ਵੀਰ ਸਿੰਘ ਦੀ ਅਦੁੱਤੀ ਦੇਣ ਨੂੰ ਸਲਾਹਿਆ ਅਤੇ ਦੂਜੇ ਪਾਸੇ ਉਨ੍ਹਾਂ ਨੇ ਸਮਕਾਲੀ ਪੰਜਾਬੀ ਨਾਵਲ ਵਿਚੋਂ ਰੂਹਾਨੀਅਤ ਦੇ ਮਨਫੀ ਹੋਣ ਨੂੰ ਪਾਠਕ ਜਗਤ ਦੀ ਸੂਝ ਦੀ ਗਹਿਰਾਈ ਤੇ ਸੱਟ ਵੱਜਣ ਵਾਂਗ ਦੱਸਿਆ।
ਵਿਸ਼ੇਸ਼ ਮਹਿਮਾਨ ਪ੍ਰੋ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਭਾਈ ਵੀਰ ਸਿੰਘ ਦੀ ਸਖਸ਼ੀਅਤ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਆ ਅਤੇ ਕਿਹਾ ਕਿ ਬੰਦੇ ਨੂੰ ਭਾਈ ਵੀਰ ਸਿੰਘ ਤੋਂ ਠੀਕ ਗਲਤ ਦੀ ਪਛਾਣ ਦੀ ਜਾਚ ਸਿੱਖਣੀ ਚਾਹੀਦੀ ਹੈ। ਵਾਈਸ-ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਭਾਈ ਵੀਰ ਸਿੰਘ ਜੀ ਦੀ ਸਾਹਿਤ ਨੂੰ ਦੇਣ ਅਤੇ ਸਮਕਾਲੀ ਹਾਲਤਾਂ ਵਿਚ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਦੀ ਪ੍ਰਸੰਗਿਕਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਭਾਈ ਵੀਰ ਸਿੰਘ ਨੇ ਬ੍ਰਜ ਭਾਸ਼ਾ ਜਾਂ ਹੋਰ ਭਾਸ਼ਾਵਾਂ ਦੀ ਥਾਂ ਪੰਜਾਬੀ ਭਾਸ਼ਾ ਨੂੰ ਚੁਣਿਆ। ਪਹਿਲੇ ਸੈਸ਼ਨ ਦੇ ਅੰਤ ਵਿਚ ਡੀਨ, ਅਕਾਦਮਿਕ ਮਾਮਲੇ ਪ੍ਰੋ. ਬਿਲਿੰਗ ਨੇ ਭਾਈ ਵੀਰ ਸਿੰਘ ਜਿੱਡੇ ਕੰਮ ਨੂੰ ਗੁਰੂ ਦੀ ਮਿਹਰ ਤੋਂ ਬਿਨਾਂ ਅਸੰਭਵ ਦੱਸਦਿਆਂ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਤਿਆਰ ਦਸਤਾਵੇਜੀ ਦਿਖਾਈ ਗਈ। ਕਾਨਫਰੰਸ ਦੇ ਪਹਿਲੇ ਅਕਾਦਮਿਕ ਸੈਸ਼ਨ ‘ਭਾਈ ਵੀਰ ਸਿੰਘ ਦੀ ਪੱਤਰਕਾਰੀ, ਛਾਪਾਖਾਨਾ, ਸੰਪਾਦਨਾ ਅਤੇ ਸਮਾਜੀ-ਸਿਆਸੀ ਪ੍ਰਸੰਗ ਵਿਚ ਦੇਣ’ ਦੀ ਪ੍ਰਧਾਨਗੀ ਡਾ. ਗੁਰਤੇਜ ਸਿੰਘ, ਪ੍ਰਿੰਸੀਪਲ, ਖਾਲਸਾ ਕਾਲਜ, ਆਕੜ ਦੁਆਰਾ ਕੀਤੀ ਗਈ ਅਤੇ ਇਸ ਸੈਸ਼ਨ ਵਿਚ ਡਾ. ਜਤਿੰਦਰ ਪਾਲ ਸਿੰਘ, ਡਾ. ਸਿਮਰਨ ਕੌਰ, ਬੀਬਾ ਅਮਨਦੀਪ ਕੌਰ ਅਤੇ ਸ. ਕਿਰਨਪ੍ਰੀਤ ਸਿੰਘ ਵਲੋਂ ਆਪਣੇ ਪਰਚੇ ਪੇਸ਼ ਕੀਤੇ ਗਏ। ਕਾਨਫਰੰਸ ਦੇ ਦੂਜੇ ਅਕਾਦਮਿਕ ਸੈਸ਼ਨ ‘ਭਾਈ ਵੀਰ ਸਿੰਘ ਦੇ ਕਾਵਿ, ਨਾਟਕ ਅਤੇ ਪੰਜਾਬੀ ਬੋਲੀ ਦੇ ਪ੍ਰਸੰਗ ਵਿਚ ਦੇਣ’ ਵਿਸ਼ੇ ਤੇ ਡਾ. ਬਲਰਾਮ ਸ਼ਰਮਾ, ਡਾ. ਬਲਜਿੰਦਰ ਸਿੰਘ, ਕਵਿਤਾ, ਸੁਪ੍ਰੀਤ ਕੌਰ, ਜਸਪ੍ਰੀਤ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਜਗਦੀਪ ਸਿੰਘ ਵਲੋਂ ਪਰਚੇ ਪੜ੍ਹੇ ਗਏ। ਇਸ ਸੈਸ਼ਨ ਵਿਚ ਪ੍ਰਧਾਨ ਵਜੋਂ ਪੰਜਾਬੀ ਬੋਲੀ ਦੇ ਪ੍ਰਸਿੱਧ ਇਤਿਹਾਸਕਾਰ ਸ. ਨਾਜਰ ਸਿੰਘ ਵਲੋਂ ਅਤੇ ਮਹਿਮਾਨ ਵਕਤੇ ਵਜੋਂ ਡਾ. ਹਰਦੇਵ ਸਿੰਘ ਨੇ ਹਾਜਰੀ ਲਵਾਈ। ਨਾਜਰ ਸਿੰਘ ਨੇ ਭਾਈ ਵੀਰ ਸਿੰਘ ਦੀ ਪੰਜਾਬੀ ਬੋਲੀ ਨੂੰ ਦੇਣ ਬਾਰੇ ਭਰਪੂਰ ਹਵਾਲਿਆਂ ਨਾਲ ਗੱਲ ਕਤੀ ਅਤੇ ਹਰਦੇਵ ਸਿੰਘ ਭਾਈ ਵੀਰ ਸਿੰਘ ਦੀ ਕਵਿਤਾ ਬਾਰੇ ਟਿੱਪਣੀਆਂ ਦਿੱਤੀਆਂ। ਕੁੱਲ ਮਿਲਾ ਕੇ ਦੋ ਰੋਜ਼ਾ ਕੌਮੀ ਕਾਨਫਰੰਸ ਦਾ ਪਹਿਲਾ ਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਆਰੰਭ ਹੋਇਆ ਅਤੇ ਬਹੁਤ ਹੀ ਸਕਾਰਾਤਮਕ ਸੋਚ ਦਿੰਦਾ ਹੋਇਆ ਅਪਣੇ ਸਮਾਪਤੀ ਵੱਲ ਵਧਿਆ।

