ਡਿਪਟੀ ਕਮਿਸ਼ਨਰ ਵੱਲੋਂ ਰਾਸ਼ਨ ਵੰਡ ‘ਚ ਹੋਰ ਪਾਰਦਰਸ਼ਤਾ ਲਿਆਉਣ ਲਈ ਹਦਾਇਤਾਂ ਜਾਰੀ
ਰਾਸ਼ਨ ਡਿਪੂਆਂ ‘ਤੇ ਕਣਕ ਦੀ ਵੰਡ ਸਬੰਧੀ ਰੋਸਟਰ ਤਿਆਰ ਕੀਤਾ ਜਾਵੇ : ਸਾਕਸ਼ੀ ਸਾਹਨੀ
ਜ਼ਿਲ੍ਹੇ ‘ਚ ਰਾਸ਼ਨ ਵੰਡ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਪਟਿਆਲਾ, 2 ਮਾਰਚ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰਾਸ਼ਨ ਵੰਡ ‘ਚ ਹੋਰ ਪਾਰਦਰਸ਼ਤਾ ਲਿਆਉਣ ਲਈ ਰਾਸ਼ਨ ਡਿਪੂਆਂ ‘ਤੇ ਕਣਕ ਵੰਡ ਸਬੰਧੀ ਰੋਸਟਰ ਤਿਆਰ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਤਿਆਰ ਕੀਤਾ ਰੋਸਟਰ ਪਿੰਡ ਜਾਂ ਵਾਰਡਾਂ ‘ਚ ਕਣਕ ਦੀ ਵੰਡ ਤੋਂ ਘੱਟੋ ਘੱਟ ਇਕ ਦਿਨ ਪਹਿਲਾਂ ਰਾਸ਼ਨ ਡਿਪੂਆਂ ਦੇ ਬਾਹਰ ਲਗਾਉਣਾ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਕਣਕ ਦੀ ਵੰਡ ਦੌਰਾਨ ਖੁਰਾਕ ਦੇ ਸਿਵਲ ਸਪਲਾਈ ਵਿਭਾਗ ਦਾ ਸਬੰਧਤ ਨਿਰੀਖਕ ਅਤੇ ਵਿਜੀਲੈਂਸ ਕਮੇਟੀਆਂ ਹਾਜ਼ਰ ਹੋਣ ਤੇ ਉਨ੍ਹਾਂ ਦੀ ਹਾਜ਼ਰੀ ‘ਚ ਹੀ ਕਣਕ ਦੀ ਵੰਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਣਕ ਦੀ ਵੰਡ ਦੌਰਾਨ ਵੀਡੀਓਗਰਾਫ਼ੀ ਕਰਨੀ ਵੀ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਸ਼ਨ ਡਿਪੂਆਂ ਦੇ ਸਟਾਕ ਬੋਰਡ ‘ਤੇ ਕਣਕ ਦੀ ਵੰਡ ਅਤੇ ਸਟਾਕ ਦੀ ਮੁਕੰਮਲ ਸੂਚਨਾ ਦਰਜ ਕਰਨੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

