ਪਟਿਆਲਾ

ਸਿੱਖਾਂ ਅਤੇ ਰਾਜਪੂਤਾਂ ਦੇ ਆਪਸੀ ਸੰਬੰਧਾਂ ਦੇ ਹਵਾਲੇ ਨਾਲ਼ ਵਿਸ਼ੇਸ਼ ਭਾਸ਼ਣ ਕਰਵਾਇਆ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਣਾ ਪ੍ਰਤਾਪ ਚੇਅਰ ਨੇ ਸਿੱਖਾਂ ਅਤੇ ਰਾਜਪੂਤਾਂ ਦੇ ਆਪਸੀ ਸੰਬੰਧਾਂ ਦੇ ਹਵਾਲੇ ਨਾਲ਼ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਡਾ. ਬਲਵੰਤ ਸਿੰਘ ਢਿੱਲੋਂ ਨੇ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਨੇ ਸਿੱਖਾਂ ਅਤੇ ਰਾਜਪੂਤਾਂ ਦੇ ਸਬੰਧਾਂ ਦੀਆਂ ਵੱਖ-ਵੱਖ ਪਰਤਾਂ ਉੱਤੇ ਇਤਿਹਾਸਿਕ ਹਵਾਲਿਆਂ ਨਾਲ਼ ਵਿਸਥਾਰਪੂਰਵਕ ਗੱਲ ਕੀਤੀ। ਆਪਣੇ ਭਾਸ਼ਣ ਰਾਹੀਂ ਉਨ੍ਹਾਂ ਇਸ ਨੁਕਤੇ ਉੱਤੇ ਚਾਨਣਾ ਪਾਇਆ ਕਿ ਇਨ੍ਹਾਂ ਆਪਸੀ ਸਬੰਧਾਂ ਦਾ ਪ੍ਰਭਾਵ ਦੋਵੇਂ ਖਿੱਤਿਆਂ ਉੱਤੇ ਕਿਸ ਤਰ੍ਹਾਂ ਪਿਆ। ਭਾਸ਼ਣ ਦੌਰਾਨ ਉਨ੍ਹਾਂ ਰਾਜਸਥਾਨੀ ਸਰੋਤਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਮਹਾਰਾਣਾ ਪ੍ਰਤਾਪ ਚੇਅਰ ਦੇ ਇੰਚਾਰਜ ਡਾ. ਦਲਜੀਤ ਸਿੰਘ ਨੇ ਇਸ ਮੌਕੇ ਇਸ ਚੇਅਰ ਦੇ ਕਾਰਜਾਂ, ਪ੍ਰਾਪਤੀਆਂ ਅਤੇ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਇਤਿਹਾਸ ਵਿਸ਼ੇ ਦੇ ਖੋਜਾਰਥੀਆਂ ਨੂੰ ਰਾਜਸਥਾਨੀ ਸਰੋਤਾਂ ਨੂੰ ਘੋਖਣ ਲਈ ਪ੍ਰੇਰਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਵਾਈਸ ਚਾਂਸਲਰ ਡਾ. ਅਰਵਿੰਦ ਨੇ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੁੜਨ ਲਈ ਇਤਹਾਸ ਦਾ ਮੁਲਾਂਕਣ ਅਤੇ ਮੁੜ ਮੁਲਾਂਕਣ ਦੀ ਆਮ ਜਿ਼ੰਦਗੀ ਵਿੱਚ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ. ਜਸਪਾਲ ਕੌਰ ਧੰਜੂ, ਸਾਬਕਾ ਪ੍ਰੋਫੈਸਰ ਇੰਚਾਰਜ ਨੇ ਵੀ ਸ਼ਿਰਕਤ ਕੀਤੀ। ਡਾ. ਜਸ਼ਨਦੀਪ ਸਿੰਘ ਸੰਧੂ, ਮੁਖੀ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *