ਵੈਲਫੇਅਰ ਸੋਸਾਇਟੀ ਦੇ ਨੁਮਾਇੰਦਿਆ ਨਾਲ ਮੀਟਿੰਗ ਸਮੇਂ ਕਮਿਸ਼ਨਰ ਨਗਰ ਨਿਗਮ ਪਟਿਆਲਾ ਵੱਲੋਂ ਵਾਰਡ ਨੰ: 2 ਦੀਆਂ ਸਮੱਸਿਆਵਾਂ ਜਲਦੀ ਹੱਲ ਕਰਨ ਦਾ ਭਰੋਸਾ।
ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) : ਅੱਜ ਇੱਥੇ ਵੈਲਫੇਅਰ ਸੋਸਾਇਟੀ ਵਾਰਡ ਨੰ: 2 ਭਾਦਸੋਂ ਰੋਡ ਪਟਿਆਲਾ ਦੇ ਨੁਮਾਇੰਦਿਆ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮੀਟਿੰਗ ਮਾਨਯੋਗ ਕਮਿਸ਼ਨਰ ਸ੍ਰੀ ਆਦਿੱਤਿਆ ਉੱਪਲ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨਗਰ ਨਿਗਮ ਵੱਲੋਂ ਸਰਬ ਸ੍ਰੀ ਗੁਰਪ੍ਰੀਤ ਸਿੰਘ ਨਿਗਰਾਨ ਇੰਜੀਨੀਅਰ, ਰਾਜਿੰਦਰ ਚੋਪੜਾ ਨਿਗਰਾਨ ਇੰਜੀਨੀਅਰ, ਸੰਜੀਵ ਕੁਮਾਰ ਚੀਫ ਸੈਨੇਟਰੀ ਇੰਸਪੈਕਟਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਅਤੇ ਵੈਲਫੇਅਰ ਸੋਸਾਇਟੀ ਵਲੋਂ ਡਾ. ਦਰਸ਼ਨ ਪਾਲ ਪ੍ਰਧਾਨ, ਇੰਜ: ਕਰਮ ਚੰਦ ਭਾਰਦਵਾਜ ਸਕੱਤਰ, ਇੰਜ: ਦਰਬਾਰਾ ਸਿੰਘ, ਧਰਮ ਸਿੰਘ, ਤਰਲੋਚਨ ਸਿੰਘ ਸੰਧੂ, ਮੁਰਾਰੀ ਲਾਲ, ਸਤਪ੍ਰਕਾਸ਼, ਟੇਕ ਸਿੰਘ ਆਦਿ ਆਗੂ ਸ਼ਾਮਲ ਹੋਏ। ਮਾਨਯੋਗ ਕਮਿਸ਼ਨਰ ਸਾਹਿਬ ਵਲੋਂ ਵਾਰਡ ਨੰ: 2 ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ਤੇ ਹਾਜਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇ। ਕਮਿਸ਼ਨਰ ਸਾਹਿਬ ਨੇ ਨਿਗਰਾਨ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਕੱਲ ਤੋਂ ਹੀ ਸੀਵਰੇਜ ਜਾਮ ਦੀ ਸਮੱਸਿਆ ਹੱਲ ਕੀਤੀ ਜਾਵੇ।
ਭਾਦਸੋਂ ਰੋਡ ਤੋਂ ਥਾਪਰ ਕਾਲਜ ਦੀ ਕੰਧ ਨਾਲ ਅਬਲੋਵਾਲ ਮੋੜ ਤੱਕ ਜਾਦੀ ਸੜਕ ਥਾਪਰ ਕਾਲਜ ਪ੍ਰਬੰਧਕਾਂ ਨਾਲ ਗੱਲ ਕਰਕੇ ਸੜਕ ਚੌੜੀ ਕਰਵਾਈ ਜਾਵੇਗੀ। ਥਾਪਰ ਪੋਲੀਟੈਕਨਿਕ ਕਾਲਜ ਦੇ ਗੇਟ ਅੱਗੇ ਰੰਬਲ ਸਟਰਿਪਸ ਲਗਾਈਆਂ ਜਾਣਗੀਆਂ, ਜਨਤਾ ਦੀ ਸਹੂਲਤ ਲਈ ਪਬਲਿਕ ਟਰਾਂਸਪੋਰਟ ਸਬੰਧੀ ਪੀ.ਆਰ.ਟੀ.ਸੀ. ਨੂੰ ਪੱਤਰ ਲਿਖਿਆ ਜਾਵੇਗਾ। ਥਾਪਰ ਕਾਲਜ ਚੌਂਕ ਵਿੱਚ ਆਵਾਜਾਈ ਦੀ ਸਹੂਲਤ ਲਈ ਜੇਲ ਦੇ ਮੋੜ ਤੋਂ ਸੜਕ ਚੌੜੀ ਕਰਨ, ਭਾਦਸੋਂ ਰੋਡ ਤੇ ਆਵਾਜਾਈ ਦੇ ਨਿਰਵਿਘਨ ਚੱਲਣ ਤੇ ਇਨਕਰੋਚਮੈਂਟ ਦਾ ਮਸਲਾ ਹੱਲ ਕੀਤਾ ਜਾਵੇਗਾ। ਪੀਣ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਇੱਕ ਟਿਊਬਵੈਲ ਹੋਰ ਲਗਾਇਆ ਜਾਵੇਗਾ। ਗਲੀਆਂ ਤੇ ਸੜਕਾਂ ਦੀ ਮੁਰੰਮਤ ਤੇ ਸਫਾਈ, ਅਵਾਰਾ ਪਸ਼ੂਆਂ ਤੇ ਜਾਨਵਰਾਂ ਤੋਂ ਰਾਹਤ, ਮੱਖੀ ਮੱਛਰ ਤੇ ਬਚਾਅ ਲਈ ਹੈਲਥ ਵਿਭਾਗ ਨਾਲ ਪੱਤਰ ਵਿਹਾਰ ਕਰਕੇ ਸਪਰੇਅ ਕਰਵਾਉਣ, ਚੋਰਸਤਿਆਂ ਵਿੱਚ ਸਟਰੀਟ ਲਾਈਟ ਦੇ ਵੱਡੇ ਪੁਆਇੰਟ ਲਗਾਉਣਾ, ਟਿਵਾਣਾ ਚੌਂਕ ਵਿੱਚ ਟਰੈਫਿਕ ਲਾਈਟਾਂ ਲਗਾਉਣ ਅਤੇ ਬੰਦ ਪਏ ਸਟਰੀਟ ਲਾਈਟ ਪੁਆਇੰਟ ਜਲਦੀ ਠੀਕ ਕਰਵਾਉਣ ਅਤੇ ਗਲੀਆਂ ਤੇ ਸੜਕਾਂ ਦੀ ਸਫਾਈ ਕਰਵਾਉਣ ਦਾ ਭਰੋਸਾ ਦਿੱਤਾ। ਇਨ੍ਹਾਂ ਤੋਂ ਇਲਾਵਾ ਥਾਪਰ ਕਾਲਜ ਤੋਂ ਪੁਰਾਣੀ ਚੁੰਗੀ ਤੱਕ ਟ੍ਰੈਫਿਕ ਸਬੰਧੀ ਆਉਂਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਸੜਕ ਤੇ ਯੈਲੋ ਲਾਈਨ ਲਗਾਈ ਜਾਵੇਗੀ। ਸਾਥੀ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ।

