ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇੱਕ ਰੋਜਾ ਸੈਮੀਨਾਰ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਆਈ. ਕਿਊ. ਏ. ਸੀ. ਸੈੱਲ ਵੱਲੋਂ ਕਿਰਤ ਕਲੱਬ ਦੇ ਸਹਿਯੋਗ ਨਾਲ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਮਨੁੱਖੀ ਅਧਿਕਾਰਾਂ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਸ਼ੇ ’ਤੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਕਾਲਜ ਦੇ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਡਾ. ਦਵਿੰਦਰ ਸਿੰਘ ਅਤੇ ਡਾ. ਗੁਰਵੀਰ ਸਿੰਘ ਵੱਲੋਂ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ ਗਈ। ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਰੂਪ ਵਿਚ ਸਾਹਮਣੇ ਆਉਣਾ ਸਿੱਖ ਪੰਥ ਦੀ ਬਹੁਤ ਹੀ ਮਹੱਤਵਪੂਰਨ ਅਤੇ ਲਾਸ਼ਾਨੀ ਘਟਨਾ ਹੈ। ਉਹਨਾਂ ਮੱਖਣ ਸ਼ਾਹ ਲੁਬਾਣਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਮੋਹਰਾਂ ਰੱਖਣ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਘਟਨਾ ਨੇ ਸਿੱਖ ਪੰਥ ਵਿੱਚ ਪਈ ਹੋਈ ਦੁਬਿਧਾ ਨੂੰ ਖਤਮ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਰੂਪ ਵਿਚ ਸਾਹਮਣੇ ਲਿਆਂਦਾ। ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਕਿਹਾ ਕਿ ਮਨੁੱਖੀ ਅਧਿਕਾਰਾਂ ਅਤੇ ਸਮੁੱਚੀ ਮਨੁੱਖਤਾ ਲਈ ਇਸ ਪ੍ਰਕਾਰ ਦੀ ਸ਼ਹਾਦਤ ਲਾਮਿਸਾਲ ਹੈ ਜਿਸ ਦੀ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਹੋਰ ਉਦਾਹਰਣ ਨਹੀਂ ਮਿਲਦੀ।
ਡਾ. ਦਵਿੰਦਰ ਸਿੰਘ ਨੇ ਇਸ ਮੌਕੇ ਗੁਰੂ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਗੁਰੂ ਸਾਹਿਬ ਨੇ ਗੁਰਗੱਦੀ ਉੱਪਰ ਬਿਰਾਜਮਾਨ ਹੋਣ ਉਪ੍ਰੰਤ ਪੰਜਾਬ ਅਤੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਕੀਤੀਆਂ। ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਜਿਥੇ ਲੋਕਾਂ ਨੂੰ ਸੱਚ ਦੇ ਰਸਤੇ ’ਤੇ ਚੱਲਣ ਦਾ ਉਪਦੇਸ਼ ਦੇਣਾ ਸੀ ਉੱਥੇ ਨਾਲ ਦੀ ਨਾਲ ਪੰਥਕ ਮਰਿਆਦਾਵਾਂ ਦਾ ਪ੍ਰਚਾਰ ਤੇ ਪ੍ਰਸਾਰ ਵੀ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਨਾਨਕੀ ਚੱਕ ਦੇ ਨਾਮ ਹੇਠ ਵਸਾਇਆ ਗਿਆ ਸੀ। ਡਾ. ਗੁਰਵੀਰ ਸਿੰਘ ਮੁਖੀ ਧਰਮ ਅਧਿਐਨ ਵਿਭਾਗ ਨੇ ਇਸ ਮੌਕੇ ਸੈਮੀਨਾਰ ਦੇ ਮੁੱਖ ਵਿਸ਼ੇ ਮਨੁੱਖੀ ਅਧਿਕਾਰਾਂ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਬੰਧੀ ਬੋਲਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਕਿਸੇ ਖਿੱਤੇ ਜਾਂ ਇੱਕ ਧਰਮ ਨੂੰ ਬਚਾਉਣ ਵਾਲੇ ਲੋਕਾਂ ਲਈ ਨਹੀਂ ਸੀ ਸਗੋਂ ਉਨ੍ਹਾਂ ਦੀ ਸ਼ਹਾਦਤ ਸਮੁੱਚੀ ਮਨੁੱਖਤਾ ਅਤੇ ਸਮੁਚੇ ਧਰਮਾਂ ਲਈ ਖੁਸ਼ਹਾਲੀ ਦਾ ਰਾਹ ਪੈਦਾ ਕਰਨ ਵਾਲੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਨਾਲ ਜਿੱਥੇ ਲਿਤਾੜੇ ਜਾ ਰਹੇ ਵਰਗਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਉਥੇ ਜ਼ਾਲਮ ਹਕੂਮਤ ਅੱਗੇ ਵੀ ਵੱਡੀ ਵੰਗਾਰ ਪੈਦਾ ਕਰ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਰਸਰ ਅਤੇ ਡੀਨ ਰਿਸਰਚ ਡਾ. ਰਵਿੰਦਰਜੀਤ ਸਿੰਘ, ਸੁਪਰਡੈਂਟ ਸ. ਰਵਿੰਦਰਜੀਤ ਸਿੰਘ, ਮੁਖੀ ਸੰਗੀਤ ਗਾਇਨ ਵਿਭਾਗ ਡਾ. ਜਗਜੀਤ ਸਿੰਘ ਅਤੇ ਵਾਇਸ ਪਿ੍ਰੰਸੀਪਲ ਡਾ. ਗੁਰਮੀਤ ਸਿੰਘ ਆਦਿ ਵੀ ਹਾਜ਼ਰ ਸਨ।

