ਪੰਜਾਬ ਦੇ ਰਾਜਨੀਤਕ ਪਿੜ ਅੰਦਰ ਸ. ਬਾਦਲ ਦੇ ਨਾਮ ਦੀ ਚਰਚਾ ਹਮੇਸ਼ਾ ਹੁੰਦੀ ਰਹੇਗੀ: ਦਿਲਜੀਤ ਸਿੰਘ ਬੇਦੀ
ਅੰਮ੍ਰਿਤਸਰ:- 28 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਸਾਡੇ ਸਮੇਂ ਦੇ ਸਿੱਖ ਸਿਆਸਤ ਦੇ ਬਾਬਾ ਬੋਹੜ ਅਖਵਾਉਣ ਵਾਲੇ ਲੋਹ ਪੁਰਸ਼ਾਂ ਦੀ ਕਤਾਰ ਵਿਚ ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਆਖਰੀ ਕੜੀ ਸਨ ਜੋ 25 ਅਪ੍ਰੈਲ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ।
ਸ. ਬੇਦੀ ਨੇ ਕਿਹਾ ਸ. ਬਾਦਲ ਦੇ ਤੁਰ ਜਾਣ ਉਪਰੰਤ ਪੰਜਾਬ ਆਪਣੇ ਆਪ ਨੂੰ ਠੱਗਿਆ ਹੀਣਾ ਤੇ ਸੱਖਣਾ, ਅਧੂਰਾ ਅਧੂਰਾ ਜਿਹਾ ਮਹਿਸੂਸ ਕਰ ਰਿਹਾ ਹੈ। ਸ. ਬਾਦਲ ਦੇ ਕੱਦਕਾਠ ਵਾਲਾ ਵਿਅਕਤੀ ਜਿਸ ਨੇ ਸੱਤ ਦਹਾਕੇ ਸਿੱਖ ਸਿਆਸਤ ਨੂੰ ਬਾਖੂਬੀ ਹੰਢਾਇਆ ਹੋਵੇ ਨਹੀਂ ਲਭਦਾ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚ ਵੀ ਅਜਿਹਾ ਵਿਅਕਤੀ ਨਹੀਂ ਦਿਸਦਾ। ਸ. ਬਾਦਲ ਦੇ ਨਾਮ ਤੋਂ ਬਗੈਰ ਪੰਜਾਬ ਦਾ ਇਤਿਹਾਸ ਲਵਾਰਸ ਜਿਹਾ ਲੱਗੇਗਾ। ਉਨ੍ਹਾਂ ਕਿਹਾ ਚੰਗੇ ਨੇਤਾ ਸਬੱਬੀ ਤੇ ਗੁਰੂ ਕ੍ਰਿਪਾ ਨਾਲ ਹੀ ਪਾਰਟੀਆਂ ਤੇ ਕੌਮਾਂ ਨੂੰ ਮਿਲਦੇ ਹਨ। ਉਨ੍ਹਾਂ ਦੇ ਤੁਰ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਜਿਸ ਦਾ ਅਫਸੋਸ ਪੰਜਾਬੀਆਂ ਨੂੰ ਬਹੁਤ ਲੰਮਾਂ ਸਮਾਂ ਰਹੇਗਾ।

