ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਨ ਸ਼ਰਨ ਸਿੰਘ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਪਟਿਆਲਾ,5 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) , ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਟਿਆਲਾ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਪੁਰਾਣੇ ਬੱਸ ਸਟੈਂਡ ਦੇ ਪੁਲ ਹੇਠਾਂ ਇਕੱਠੇ ਹੋ ਕੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਨ ਸ਼ਰਨ ਸਿੰਘ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਉਸ ਉੱਤੇ ਪੌਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ। ਇਸ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਉਸ ਦਾ ਬਚਾਅ ਕਰ ਰਹੀ ਹੈ। ਦੋਸ਼ੀ ਵੱਲੋਂ ਦੇਸ ਦੀਆਂ ਪਹਿਲਵਾਨ ਕੁੜੀਆਂ ਨਾਲ ਹੱਦਾਂ ਬੰਨੇ ਟੱਪ ਕੇ ਛੇੜ ਛਾੜ ਅਤੇ ਜਿਆਦਤੀਆਂ ਕੀਤੀਆਂ ਗਈਆਂ ਹਨ। ਜਦੋਂ ਉਨ੍ਹਾਂ ਪਹਿਲਵਾਨ ਕੁੜੀਆਂ ਨੇ ਆਪਣਾ ਰੋਸ ਮਾਰਚ ਕੀਤਾ ਤਾਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਘੜੀਸ ਕੇ ਸੜਕਾਂ ਉੱਤੇ ਸੁੱਟਿਆ ਗਿਆ ਅਤੇ ਜੰਤਰ ਮੰਤਰ ਦਿੱਲ੍ਹੀ ਵਿਖੇ ਉਨ੍ਹਾਂ ਦਾ ਟੈਂਟ ਪੁੱਟ ਦਿੱਤਾ ਗਿਆ। ਇਸੇ ਤਰ੍ਹਾਂ ਜਮਹੂਰੀ ਅਧਿਕਾਰਾਂ ਦੀ ਕਾਰਕੁੰਨ, ਡਾਕਟਰ ਨਵਸ਼ਰਨ ਨੂੰ ਬੇਵਜ੍ਹਾ ਈ, ਡੀ, ਰਾਂਹੀ ਘੰਟਿਆਂ ਬੱਧੀ ਪੁੱਛ ਪੜਤਾਲ ਕਰਨ ਬਹਾਨੇ ਤੰਗ ਪ੍ਰੇਸ਼ਾਨ ਕੀਤਾ ਗਿਆ।
ਇਹ ਸਾਰਾ ਕੁੱਝ ਕੇਂਦਰ ਸਰਕਾਰ ਵੱਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਸਾਰੇ ਬੁਲਾਰਿਆਂ ਨੇ ਇਸ ਵਰਤਾਰੇ ਦੀ ਸਖਤ ਨਿੰਦਾ ਕਰਦਿਆਂ ਸਰਕਾਰ ਕੋਲੋਂ ਲੋਕਾਂ, ਖਿਡਾਰੀਆਂ ਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਪ੍ਰਤੀ ਠੀਕ ਤੇ ਸਹੀ ਪਹੁੰਚ ਅਪਣਾਉਣ ਦੀ ਮੰਗ ਕੀਤੀ ਗਈ। ਨਹੀਂ ਤਾਂ ਇਸਦੇ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਦਿੱਤੂਪੁਰ, ਦਵਿੰਦਰ ਸਿੰਘ ਪੂਨੀਆ, ਰਾਜ ਕਿਸ਼ਨ ਨੂਰਖੇੜੀਆ, ਕਰਨੈਲ ਸਿੰਘ ਲੰਗ, ਵਿਧੂ ਸ਼ੇਖਰ ਜਰਨਲ ਸਕੱਤਰ ਜਮਹੂਰੀ ਅਧਿਕਾਰ ਸਭਾ, ਪ੍ਰੋ, ਬਾਵਾ ਸਿੰਘ, ਸੁੱਚਾ ਸਿੰਘ ਚੀਮਾ, ਸੁਖਵਿੰਦਰ ਸਿੰਘ ਤੁੱਲੇਵਲ, ਇਸਤ੍ਰੀ ਜਾਗ੍ਰਿਤੀ ਮੰਚ ਦੇ ਅਮਨਦੀਪ ਕੌਰ ਦਿਓਲ, ਵਿਕਰਮਦੇਵ ਸਿੰਘ, ਸੂਬਾ ਪ੍ਰਧਾਨ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ,ਗੁਰਜੀਤ ਘੱਗਾ , ਗੁਰਬਿੰਦਰ ਸਿੰਘ ਬੋੜਾ, ਰਾਮ ਚੰਦ ਬਖਸ਼ੀਵਾਲਾ, ਸੁਰਜੀਤ ਸਿੰਘ ਆਗੂ ਗੈਸ ਵਰਕਰ, ਦਰਸ਼ਨ ਸਿੰਘ ਬੈਲੂਮਜਰਾ, ਸੂਬਾ ਪ੍ਰਧਾਨ ਲੋਕ ਨਿਰਮਾਣ ਵਿਭਾਗ ਪੰਜਾਬ, ਭਗਵੰਤ ਸਿੰਘ ਕੰਗਣਵਾਲ, ਅਮਰਜੀਤ ਸਿੰਘ ਘਨੌਰ, ਇਫਟੂ ਵੱਲੋਂ ਸ੍ਰੀ ਨਾਥ ਅਤੇ ਕਿਸਾਨ ਆਗੂ ਹਰਜਿੰਦਰ ਸਿੰਘ ਨੇ ਸੰਬੋਧਨ ਕੀਤਾ।

