ਸਰਕਾਰਾਂ ਬਿਨ੍ਹਾਂ ਸ਼ਰਤ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਸਿੱਖਾਂ ਤੇ ਹਮਲੇ ਦੇਸ਼ ਲਈ ਖ਼ਤਰਨਾਕ
ਦਮਦਮਾ ਸਾਹਿਬ (ਤਲਵੰਡੀ ਸਾਬੋ) :- 5 ਜੂਨ (ਮਧੂਸਾਰ ਬਿਊਰੋ) ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਸਰਕਾਰਾਂ ਦੀ ਬੇਇਨਸਾਫੀ ਤੇ ਤਾਨਾਸ਼ਾਹੀ ਦੇ ਸ਼ਿਕਾਰ ਹੋਏ ਖਾਲਸਾ ਪੰਥ ਦੇ ਸੂਰਬੀਰ ਸਿੰਘ ਜੋ ਆਪਣੀਆਂ ਸਜਾਵਾਂ ਵੀ ਕਾਨੂੰਨੀ ਪੱਧਰ ਤੇ ਪੂਰੀਆਂ ਕਰ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਬੰਦੀ ਬਣਾ ਕੇ ਰੱਖੇ ਹੋਏ ਹਨ। ਕੇਂਦਰ ਅਤੇ ਵੱਖ-ਵੱਖ ਪ੍ਰਾਤਾਂ ਨਾਲ ਸਬੰਧਤ ਸਰਕਾਰਾਂ ਨੂੰ ਬਿਨ੍ਹਾਂ ਸ਼ਰਤ ਇਨ੍ਹਾਂ ਬੰਦੀ ਸਿੰਘਾਂ ਨੂੰ ਸ਼ੀਘਰ ਰਿਹਾਅ ਕਰਨਾ ਚਾਹੀਦਾ ਹੈ। ਦੇਰ ਨਾਲ ਮਿਲਿਆ ਇਨਸਾਫ ਵੀ ਬੇਇਨਸਾਫੀ ਹੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਅਨੇਕਾਂ ਸਿੰਘਾਂ ਤੇ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਧੱਕ ਤੇ ਡੱਕ ਦਿੱਤੇ ਗਏ, ਉਹ ਕਈ ਦਹਾਕਿਆਂ ਤੋਂ ਇਨਸਾਫ ਲਈ ਲੜਦੇ, ਮੁਕੱਦਮਿਆਂ ਦੀ ਮੱਦਾਂ ਨੂੰ ਝੂਠੀਆਂ ਸਾਬਤ ਕਰਦਿਆਂ ਜੇਹਲਾਂ ਵਿਚ ਸਜ਼ਾ ਜਾਬਤਾ ਸਮਾਂ ਵੀ ਪੂਰਾ ਕਰ ਚੁੱਕੇ ਹਨ, ਪਰ ਸਰਕਾਰਾਂ ਦੀ ਘੋਰ ਬੇਵਫਾਈ ਕਿ ਉਨ੍ਹਾਂ ਨੂੰ ਅੱਜ ਵੀ ਰਿਹਾਈ ਨਹੀਂ ਮਿਲੀ। ਸਰਕਾਰਾਂ ਜਮਹੂਰੀਅਤ ਦਾ ਦਾਅਵਾ ਕਰਦੀਆਂ ਅਸਲ ਵਿੱਚ ਉਹ ਆਪ ਹੀ ਲੋਕਤੰਤਰੀ ਢਾਂਚੇ ਦਾ ਗਲਾ ਘੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਉਪਰ ਭਾਰਤੀ ਫੌਜ ਤੇ ਉਸ ਵੇਲੇ ਦੀ ਹਕੂਮਤ ਵੱਲੋਂ ਕੀਤਾ ਗਏ ਹਮਲੇ ਦੀ ਚੀਸ ਅਜੇ ਵੀ ਸਿੱਖ ਸਮਾਜ ਨੂੰ ਸੋਣ ਨਹੀਂ ਦੇਂਦੀ। ਉਨ੍ਹਾਂ ਕਿਹਾ ਕਿ ਦੇਸ਼ ਪੰਜਾਬ ਅੰਦਰ ਹਲਾਤ ਸਾਂਤੀ ਪੂਰਨ ਰੱਖਣ ਲਈ ਸਾਰੇ ਬੇਕਸੂਰ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਪਿਛਲੇ ਇਤਿਹਾਸ ਤੋਂ ਵੀ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਵੱਖ-ਵੱਖ ਸੂਬਿਆਂ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਤੇ ਹੋ ਰਹੇ ਹਮਲੇ ਬਹੁਤ ਖ਼ਤਰਨਾਕ ਤੇ ਦੇਸ਼ ਲਈ ਸੰਵੇਦਨਸ਼ੀਲ ਹਨ। ਉਨ੍ਹਾਂ ਕਿਹਾ ਮਹਾਂਰਾਸਟਰ ਤੇ ਉਤਰਪ੍ਰਦੇਸ਼ ਵਿੱਚ ਜਨੂੰਨੀ ਹਮਲਿਆਂ ਨੇ ਸਿੱਖਾਂ ਵਿਚ ਦਹਿਸ਼ਤ ਪੈਦਾ ਕੀਤੀ ਹੈ। ਇਸ ਦੇ ਸਿੱਟੇ ਕਦਾਚਿਤ ਸਾਂਤੀ ਪੂਰਨ ਕਿਵੇਂ ਹੋ ਸਕਦੇ ਹਨ। ਜਿਥੇ ਮਸੂਮ ਸਿੱਖ ਬੱਚਿਆਂ ਨੂੰ ਕੋਹ ਕੋਹ ਕੇ ਮਾਰ ਦਿਤਾ ਗਿਆ ਹੈ ਇਹ ਭਾਰਤ ਦੇ ਲੋਕਤੰਤਰੀ ਨਿਜ਼ਾਮ ਦੇ ਮੂੰਹ ਤੇ ਚਪੇੜ ਅਤੇ ਵੱਡਾ ਧੱਬਾ ਹੈ।

