ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਘੱਲੂਘਾਰੇ ਸਮੇਂ ਅਰਦਾਸ ਵਿੱਚ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ
ਅੰਮ੍ਰਿਤਸਰ:- 6 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਮੂਹ ਤੇ ਭਾਰਤ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਫੌਜੀ ਹਮਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਬੇਗਿਣਤ ਸ਼ਹੀਦ ਹੋਏ ਸਿੰਘ ਸਿੰਘਣੀਆਂ ਭੁਜੰਗੀਆਂ ਦੀ 39ਵੀਂ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੁੜੇ ਗੁਰਮਤਿ ਸਮਾਗਮ ਸਮੇਂ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ।
ਉਨ੍ਹਾਂ ਆਪਣੀ ਮਨੋਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ 1984 ਸਮੇਂ ਭਾਰਤੀ ਸਰਕਾਰ ਦੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨਾ ਵੱਡੀ ਭੁੱਲ ਸੀ। ਇਸ ਹਮਲੇ ਸਮੇਂ ਵੱਡੀ ਗਿਣਤੀ ਵਿਚ ਸਿੱਖ ਕੌਮ ਦੇ ਮਰਜੀਵੜੇ ਸਿੱਖ, ਸਿੰਘ ਸ਼ਹੀਦ ਹੋਏ ਜਿਨ੍ਹਾਂ ਦੀ 39 ਵੀਂ ਯਾਦ ਤਾਜ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਇਤਿਹਾਸ ਵਿਚ ਇਸ ਘੱਲੂਘਾਰੇ ਦੀ ਯਾਦ ਹਰ ਸਾਲ ਤਾਜ਼ਾ ਹੁੰਦੀ ਰਹੇਗੀ ਅਤੇ ਸਿੱਖ ਕੌਮ ਉਸ ਸਮੇਂ ਕੇਂਦਰ ਵਿੱਚ ਬੈਠੇ ਹਾਕਮਾਂ ਨੂੰ ਕਦਾਚਿਤ ਮੁਆਫ ਨਹੀਂ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਕੌਮ ਹੀ ਆਪਣੇ ਸ਼ਹੀਦਾਂ, ਘੱਲੂਘਾਰਿਆਂ, ਸਾਕਿਆਂ ਦੇ ਦਿਨ ਦਿਹਾੜੇ ਪੂਰੀ ਊਰਜਾ ਤੇ ਚੜ੍ਹਦੀਕਲਾ ਨਾਲ ਮਨਾਉਂਦੀ ਹੈ।

